ਮੈਕ ਨੇ ਐਲ.ਆਰ. ਇਲੈਕਟ੍ਰਿਕ ਲਈ ਐਪ, ਚਾਰਜਰ ਇੰਸੈਂਟਿਵ ਜੋੜੇ

ਕੂੜਾ ਪ੍ਰਬੰਧਨ ਗੱਡੀ ਨੂੰ ਇਲੈਕਟ੍ਰੀਫ਼ਾਈ ਕਰਨ ਦੀ ਸੋਚ ਰਹੇ ਹੋ? ਮੈਕ ਟਰੱਕਸ ਨੇ ਇਸ ਕੰਮ ’ਚ ਤੁਹਾਡੀ ਮੱਦਦ ਲਈ ਇੱਕ ਐਪ – ਅਤੇ ਇੱਕ ਸੰਬੰਧਤ ਇੰਸੈਂਟਿਵ (ਪ੍ਰੇਰਕ) ਪ੍ਰੋਗਰਾਮ – ਜਾਰੀ ਕੀਤਾ ਹੈ।

ਇਸ ਓ.ਈ.ਐਮ. ਨੇ ਇੱਕ ਨਵਾਂ ਪ੍ਰੋਗਰਾਮ ਜਾਰੀ ਕੀਤਾ ਹੈ ਜਿਸ ਦਾ ਨਾਂ ‘ਇਲੈਕਟ੍ਰੀਫ਼ਾਈ ਮਾਈ ਰਿਫ਼ਿਊਜ਼ ਪ੍ਰੋਗਰਾਮ’ ਹੈ। ਆਪਣੇ ਸਮਾਰਟਫ਼ੋਨ ਰਾਹੀਂ ਇਸ ਪ੍ਰੋਗਰਾਮ ਨੂੰ ਚਲਾ ਕੇ ਤੁਸੀਂ ਕੂੜਾ ਇਕੱਠਾ ਕਰਨ ਦੇ ਆਮ ਰੂਟ ਮਾਪ ਕੇ ਸਟੀਕ ਤਰੀਕੇ ਨਾਲ ਅਜਿਹਾ ਵੇਰਵਾ ਪ੍ਰਾਪਤ ਕਰ ਸਕਦੇ ਹੋ ਜੋ ਇਹ ਦੱਸੇਗਾ ਕਿ ਤੁਸੀਂ ਮੈਕ ਐਲ.ਆਰ. ਇਲੈਕਟ੍ਰਿਕ ਮਾਡਲਾਂ ਲਈ ਤਿਆਰ ਹੋ ਜਾਂ ਨਹੀਂ।

ਮੈਕ ਰੂਟ ਰਿਕਾਰਡਰ ਦੇ ਪ੍ਰਯੋਗਕਰਤਾਵਾਂ ਨੂੰ ਇਸ ਐਪ ਦਾ ਪ੍ਰਯੋਗ ਕਰ ਕੇ ਵੱਧ ਤੋਂ ਵੱਧ ਤਿੰਨ ਰੂਟਾਂ ਦੇ ਰਸਤੇ ਦਾ ਵੇਰਵਾ ਤਿਆਰ ਕਰਨ ਲਈ 750 ਡਾਲਰ ਦੀ ਰਕਮ ਮੈਕ ਪਾਰਟਸ ਖ਼ਰੀਦਣ ਲਈ ਇਨਾਮ ਵਜੋਂ ਮਿਲੇਗੀ।

ਮੈਕ ਦੇ ਈ-ਮੋਬਿਲਟੀ ਦੇ ਪ੍ਰੈਜ਼ੀਡੈਂਟ ਜੌਰਜ ਫ਼ੋਟੋਪੋਉਲੋਸ ਨੇ ਕਿਹਾ, ‘‘ਆਪਣੇ ਰੂਟ ਦਾ ਨਾਂ ਲਿਖੋ, ਇਸ ਨੂੰ ਕਲਾਊਡ ’ਤੇ ਭੇਜੋ। ਬਸ ਤੁਹਾਡਾ ਏਨਾ ਹੀ ਕੰਮ ਹੈ।’’ ਉਨ੍ਹਾਂ ਕਿਹਾ ਕਿ ਐਪ ਪ੍ਰਯੋਗ ਕਰਨ ’ਚ ਬਹੁਤ ਆਸਾਨ ਹੈ ਅਤੇ ਇਸ ’ਚ ਸਿਰਫ਼ ਦੋ ਹੀ ਬਟਨ ਹਨ।

Mack LR Electric app
(ਤਸਵੀਰ: ਮੈਕ ਟਰੱਕਸ)

ਜਿਨ੍ਹਾਂ ਗ੍ਰਾਹਕਾਂ ਨੇ ਪਹਿਲਾਂ ਤੋਂ ਹੀ ਮੈਕ ਐਲ.ਆਰ. ਇਲੈਕਟ੍ਰਿਕ ਰਿਫ਼ਿਊਜ਼ ਗੱਡੀ ਖ਼ਰੀਦੀ ਹੈ ਜਾਂ ਲੀਜ਼ ਲਈ ਹੈ ਉਹ ਹੀਲੀਓਕਸ ਜਾਂ ਫ਼੍ਰੀਵਾਇਰ ਤੋਂ ਚਾਰਜਿੰਗ ਮੁਢਲੇ ਢਾਂਚੇ ਦੀ 25,000 ਡਾਲਰ ਲਾਗਤ ਦਾ ਪੁਨਰਭੁਗਤਾਨ ਪ੍ਰਾਪਤ ਕਰ ਸਕਦੇ ਹਨ ਅਤੇ ਹਰ ਵਾਧੂ ਗੱਡੀ ਲਈ 10,000 ਡਾਲਰ ਚਾਰਜਿੰਗ ਪੁਨਰਭੁਗਤਾਨ ਪ੍ਰਾਪਤ ਕਰ ਸਕਦੇ ਹਨ।

ਮੈਕ ਟਰੱਕਸ ਦੇ ਸੇਲਜ਼ ਅਤੇ ਕਮਰਸ਼ੀਅਲ ਆਪਰੇਸ਼ਨਜ਼ ਦੇ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਜੋਨਾਥਨ ਰੈਂਡਲ ਨੇ ਇੱਕ ਪ੍ਰੈੱਸ ਬਿਆਨ ’ਚ ਕਿਹਾ, ‘‘ਮੈਕ ਗ੍ਰਾਹਕਾਂ ਨੂੰ ਈ-ਮੋਬਿਲਟੀ ਵੱਲ ਵਧਣ ’ਚ ਮੱਦਦ ਕਰਨ ਲਈ ਸਮਰਪਿਤ ਹੈ, ਅਤੇ ਅਜਿਹਾ ਕਰਨ ਦਾ ਇੱਕ ਤਰੀਕਾ ਇਹ ਹੈ ਕਿ ਮੁਢਲੇ ਢਾਂਚੇ ਦੀ ਕੀਮਤ ਨੂੰ ਘੱਟ ਕੀਤਾ ਜਾ ਸਕੇ, ਜੋ ਇਲੈਕਟ੍ਰੀਫ਼ਿਕੇਸ਼ਨ ’ਚ ਰੇੜਕਾ ਸਾਬਤ ਹੋ ਸਕਦਾ ਹੈ।’’

ਮੈਕ ਐਲ.ਆਰ. ਇਲੈਕਟ੍ਰਿਕ ਦੀ ਨਵੀਨਤਮ ਪੀੜ੍ਹੀ ਨੂੰ ਮਾਰਚ ਮਹੀਨੇ ’ਚ ਜਾਰੀ ਕੀਤਾ ਗਿਆ ਸੀ, ਜਿਸ ’ਚ ਮਾਨਕ 376-ਕਿੱਲੋਵਾਟ ਦੀ ਬੈਟਰੀ ਸਮਰੱਥਾ ਹੈ। ਇਸ ਨੂੰ 150-ਕਿੱਲੋਵਾਟ ਦੇ ਚਾਰਜਿੰਗ ਸਿਸਟਮ ਨਾਲ ਚਾਰਜ ਕੀਤਾ ਜਾਂਦਾ ਹੈ।

ਦੋ ਇਲੈਕਟ੍ਰਿਕ ਮੋਟਰਾਂ ਨਾਲ ਟਰੱਕ 448 ਨਿਰੰਤਰ ਹਾਰਸਪਾਵਰ ਦਿੰਦਾ ਹੈ ਅਤੇ ਸਿਫ਼ਰ ਆਰ.ਪੀ.ਐਮ. ਤੋਂ 4,051 ਪਾਊਂਡ-ਫ਼ੁੱਟ ਦੀ ਸਿਖਰ ਟੌਰਕ ਪ੍ਰਦਾਨ ਕਰਦਾ ਹੈ।

ਫ਼ੋਟੋਪੋਉਲੋਸ ਨੇ ਕਿਹਾ, ‘‘ਇਹ ਬਹੁਤ ਤਾਕਤਵਰ ਮਸ਼ੀਨ ਹੈ। ਇਹ ਥੋੜ੍ਹਾ ਜਿਹਾ ਜ਼ੋਰ ਲਾਉਣ ’ਤੇ ਹੀ ਗਤੀਮਾਨ ਹੋ ਜਾਂਦੀ ਹੈ।’’

Mack LR safety sensors
(ਚਿੱਤਰ: ਮੈਕ ਟਰੱਕਸ)

ਇਲੈਕਟ੍ਰਿਕ ਡਰਾਈਵਟ੍ਰੇਨ ਵਾਲੇ ਹਰ ਟਰੱਕ ਦੀ ਪਛਾਣ ਤਾਂਬੇ-ਰੰਗੀ ਬੁੱਲਡੌਗ ਨਾਲ ਹੁੰਦੀ ਹੈ, ਅਤੇ ਇਸ ਦਾ ਉਤਪਾਦਨ ਮੈਕ ਦੇ ਲੀ ਵੈਲੀ ਆਪਰੇਸ਼ਨਜ਼ ਫ਼ੈਸਿਲਿਟੀ ’ਚ ਕੀਤਾ ਜਾਂਦਾ ਹੈ।

ਇਸ ਦੌਰਾਨ ਸੁਰੱਖਿਆ ਨੂੰ ਵੀ ਸੇਨਸਾਟਾ ਟੈਕਨਾਲੋਜੀਜ਼ ਪ੍ਰੀਵਿਊ ਮਲਟੀ-ਸੈਂਸਰ ਟੱਕਰ ਚੇਤਾਵਨੀ ਸਿਸਟਮ ਦੇ ਵਿਕਲਪ ਰਾਹੀਂ ਹੋਰ ਬਿਹਤਰ ਕੀਤਾ ਜਾ ਰਿਹਾ ਹੈ – ਜੋ ਕਿ ਰਵਾਇਤੀ ਐਲ.ਆਰ. ਅਤੇ ਟੈਰਾਪ੍ਰੋ ਮਾਡਲਾਂ ’ਤੇ ਵੀ ਮੌਜੂਦ ਹੈ। ਜਦਕਿ ਨਵੇਂ ਟਰੱਕਾਂ ’ਤੇ ਫ਼ੈਕਟਰੀ ’ਚ ਹੀ ਇੰਸਟਾਲ ਕੀਤੀ ਜਾਂਦੀ ਹੈ, ਇਸ ਸਿਸਟਮ ਨੂੰ ਪੁਰਾਣੀਆਂ ਗੱਡੀਆਂ ’ਤੇ ਮੈਕ ਡੀਲਰ ਦੀ ਮੱਦਦ ਨਾਲ ਰੈਟਰੋਫ਼ਿੱਟ ਵੀ ਕੀਤਾ ਜਾ ਸਕਦਾ ਹੈ।

ਗੱਡੀ ਦੇ ਚਾਰੇ ਪਾਸਿਆਂ ’ਤੇ ਲੱਗੇ ਚਾਰ ਰਾਡਾਰ ਸਿਸਟਮ ਵਸਤਾਂ ਅਤੇ ਖ਼ਤਰੇ ਦੇ ਘੇਰੇ ਅੰਦਰ ਸੜਕ ਪ੍ਰਯੋਗਕਰਤਾਵਾਂ ਦੀ ਪਛਾਣ ਕਰ ਲੈਂਦੇ ਹਨ, ਅਤੇ ਜੇਕਰ ਕੁੱਝ ਖ਼ਤਰਾ ਦਿਸਦਾ ਹੈ ਤਾਂ ਆਵਾਜ਼ ਰਾਹੀਂ ਅਤੇ ਏ-ਪਿੱਲਰ ਦੀਆਂ ਲਾਈਟਾਂ ਜਗਾ ਕੇ ਚੇਤਾਵਨੀ ਦਿੰਦੇ ਹਨ।