ਮੈਕ ਨੇ ਬਾਜ਼ਾਰ ਦੇ ਹਾਲਾਤ ਤੋਂ ਜਾਣੂ ਕਰਵਾਇਆ, ਸੀਮਤ ਸੰਸਕਰਣ ਐਂਥਮ ਵੀ ਪੇਸ਼ ਕੀਤਾ

ਆਰਡਰਾਂ ਦੇ ਮੱਠੇ ਪੈਣ ਦੇ ਬਾਵਜੂਦ ਮੈਕ ਟਰੱਕਸ ਉੱਤਰੀ ਅਮਰੀਕੀ ਟਰੱਕ ਮਾਰਕੀਟ ਬਾਰੇ ਆਸਵੰਦ ਹੈ।

ਉੱਤਰੀ ਅਮਰੀਕੀ ਕਮਰਸ਼ੀਅਲ ਵਹੀਕਲ ਸ਼ੋਅ ‘ਚ ਕੰਪਨੀ ਦੇ ਸੇਲਜ਼ ਅਤੇ ਮਾਰਕੀਟਿੰਗ ਬਾਰੇ ਵਾਇਸ-ਪ੍ਰੈਜ਼ੀਡੈਂਟ ਜੋਨਾਥਨ ਰੈਂਡਲ ਨੇ ਕਿਹਾ, ”ਮੈਕ ਦੇ ਟਰੱਕਾਂ ਲਈ ਸਾਨੂੰ ਅਜੇ ਵੀ ਚੌਥੀ ਤਿਮਾਹੀ ਦੇ ਮਜ਼ਬੂਤ ਰਹਿਣ ਦੀ ਉਮੀਦ ਹੈ।”

ਮੈਕ ਨੇ ਆਪਣੀ ਸ਼੍ਰੇਣੀ 8 ਰੀਟੇਲ ਡਿਲੀਵਰੀ ਲਈ ਅੰਦਾਜ਼ਾ 2019 ‘ਚ 325,000 ਇਕਾਈਆਂ ਤੋਂ ਵਧਾ ਕੇ 340,000 ਇਕਾਈਆਂ ਕਰ ਦਿੱਤਾ ਹੈ। 2020 ‘ਚ ਮੈਕ ਨੂੰ ਉਮੀਦ ਹੈ ਕਿ ਵੋਕੇਸ਼ਨਲ ਅਤੇ ਰੀਜਨਲ ਹੌਲ ਖੇਤਰਾਂ ‘ਚ ਉਸ ਦੀ ਮਜ਼ਬੂਤੀ ਬਰਕਰਾਰ ਰਹੇਗੀ।

ਸੀਮਤ ਸੰਸਕਰਣ ਐਂਥਮ
ਮੈਕ ਨੇ ਸ਼ੋਅ ‘ਚ ਇੱਕ ਸੀਮਤ ਸੰਸਕਰਣ ਦੇ ਮੈਕ ਐਂਥਮ ਦੇ ਮੌਜੂਦ ਹੋਣ ਬਾਰੇ ਵੀ ਐਲਾਨ ਕੀਤਾ, ਜਿਸ ਦਾ ਰੰਗ ਕਾਲਾ ਹੋਵੇਗਾ ਅਤੇ ਇਸ ‘ਚ ਕੁੱਝ ਖ਼ਾਸ ਅੰਦਰੂਨੀ ਵਿਸ਼ੇਸ਼ਤਾਵਾਂ ਮਿਲਣਗੀਆਂ।
ਸੀਮਤ ਸੰਸਕਰਣ ਟਰੱਕ 70 ਇੰਚ ਦੇ ਸਲੀਪਰ ਨਾਲ ਆਉਂਦਾ ਹੈ, ਜਿਸ ਦਾ ਸਨ ਵਾਈਜ਼ਰ ਕਾਲੇ ਰੰਗ ਦਾ ਹੈ ਅਤੇ ਟਰਿੱਮ ਪੈਕੇਜ ਵੀ ਪੂਰਾ ਕਾਲੇ ਰੰਗ ਦਾ ਹੈ, ਇਸ ‘ਚ ਏਅਰ ਇਨਟੇਕ ਅਤੇ ਹੈੱਡਲੈਂਪ ਦੁਆਲੇ ਬੈਜ਼ਲ ਵੀ ਸ਼ਾਮਲ ਹਨ। ਗਰਿੱਲ ਸਰਾਊਂਡ ਅਤੇ ਵਰਡਮਾਰਕ ਵੀ ਹੁੱਡ ਡੀਕੈਲ ਦੇ ਨਾਲ ਕਾਲੇ ਰੰਗ ਦੇ ਕਰ ਦਿੱਤੇ ਗਏ ਹਨ।

ਡਿਊਰਾਬਲੈਕ ਐਲਕੋਆ ਵ੍ਹੀਲ, ਨਵਾਂ ਸੀਮਤ ਸੰਸਕਰਣ ਬੈਜ ਅਤੇ ਇੱਕ ਕਾਲਾ ਬੁਲਡੌਗ ਹੁੱਡ ਓਰਨਾਮੈਂਟ ਬਾਹਰਲੀ ਦਿੱਖ ‘ਚ ਚਾਰ ਚੰਨ ਲਾਉਂਦੇ ਹਨ।

ਅੰਦਰ ਵਾਲੇ ਪਾਸੇ ਸਟੀਅਰਿੰਗ ਵ੍ਹੀਲ ਕਾਲੇ ਚਮੜੇ ‘ਚ ਲਿਪਟਿਆ ਹੋਇਆ ਹੈ ਜਿਸ ‘ਤੇ ਗਰੇ ਰੰਗ ਦੇ ਟਾਂਕੇ ਲੱਗੇ ਹੋਏ ਹਨ। ਗੇਜ ਬੈਜ਼ਲ ਕਾਲੇ ਰੰਗ ਦੇ ਹਨ ਅਤੇ ਲੈਦਰ ਸੀਟਾਂ ਡਾਇਮੰਡ ਸਟੀਚਿੰਗ ਨਾਲ ਮਿਲਣਗੀਆਂ। ਟਰੱਕ ਨਾਲ ਸਜਾਵਟੀ ਵਸਤਾਂ ਵੀ ਮਿਲਣਗੀਆਂ ਜਿਨ੍ਹਾਂ ‘ਚ ਵਿਸ਼ੇਸ਼ ਤੌਰ ‘ਤੇ ਬਣਾਈ ਗਈ ਬੁਲਡੌਗ ਘੜੀ, ਯੇਟੀ ਕੂਲਰ ਅਤੇ ਇੱਕ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਕਾਲੀ ਬੁਲਡੌਗ ਕੀਚੇਨ ਸ਼ਾਮਲ ਹੋਣਗੀਆਂ। ਇਸ ਤਰ੍ਹਾਂ ਦੇ ਸਿਰਫ਼ 500 ਟਰੱਕ ਬਣਾਏ ਜਾਣਗੇ ਅਤੇ ਇਨ੍ਹਾਂ ਦੇ ਆਰਡਰ ਹੁਣ ਲਏ ਜਾ ਰਹੇ ਹਨ।

ਨਵੇਂ ਬਦਲ
ਮੈਕ ਨੇ ਐਨ.ਏ.ਸੀ.ਵੀ. ‘ਚ ਬੈਂਡਿਕਸ ਵਿੰਗਮੈਨ ਫ਼ਿਊਜ਼ਨ ਦੇ ਵਿਕਰੀ ਲਈ ਤਿਆਰ ਹੋਣ ਦਾ ਵੀ ਐਲਾਨ ਕੀਤਾ। ਇਹ ਐਂਥਮ ਅਤੇ ਪਿੱਨੈਕਲ ਮਾਡਲਾਂ ‘ਤੇ ਚੌਥੀ ਤਿਮਾਹੀ ‘ਚ ਆਰਡਰਾਂ ਲਈ ਮੌਜੂਦ ਹੋਵੇਗਾ। ਇਸ ‘ਚ ਹੰਗਾਮੀ ਸਥਿਤੀ ‘ਚ ਬ੍ਰੇਕਿੰਗ ਦੀ ਸਮਰਥਾ, ਲੇਨ ‘ਚ ਰਹਿਣ ਲਈ ਮੱਦਦ ਅਤੇ ਡਰਾਈਵਰ ਜਾਗਰੂਕਤਾ ਪੱਧਰ ਨੂੰ ਬਿਹਤਰ ਕੀਤਾ ਗਿਆ ਹੈ।

ਉਤਪਾਦ ਰਣਨੀਤੀ ਬਾਰੇ ਡਾਇਰੈਕਟਰ ਰੋਯ ਹਾਰਟਨ ਨੇ ਮੈਕ ਅਨੈਲੇਟਿਕਸ ਬਾਰੇ ਵੀ ਚਰਚਾ ਕੀਤੀ, ਜੋ ਕਿ ਗ੍ਰਾਹਕਾਂ ਲਈ ਗਾਰਡਡੌਗ ਕੁਨੈਕਟ ਤੋਂ ਪ੍ਰਾਪਤ ਅੰਕੜਿਆਂ ਨੂੰ ਇਕੱਠਾ ਕਰ ਕੇ ਸਮੀਖਿਆ ਕਰਨ ਲਈ ਪੇਸ਼ ਕਰੇਗਾ। ਉਨ੍ਹਾਂ ਨੇ ਐਮ-ਡਰਾਈਵ ਟਰਾਂਸਮਿਸ਼ਨ ਦੀ ਵੱਧਦੀ ਮਕਬੂਲੀਅਤ ‘ਤੇ ਵੀ ਚਾਨਣਾ ਪਾਇਆ ਜੋ ਕਿ ਹੁਣ ਹਾਈਵੇ ‘ਤੇ ਚਲਦੇ 94% ਟਰੱਕਾਂ ‘ਚ ਅਤੇ ਲਗਭਗ 45% ਵੋਕੇਸ਼ਨਲ ਵਹੀਕਲਾਂ ‘ਚ ਲੱਗਾ ਹੁੰਦਾ ਹੈ।