ਮੈਟਰੋ ਵੈਨਕੂਵਰ ਦੇ ਦੌਰੇ ਦੀ ਯੋਜਨਾਬੰਦੀ ਲਈ ਟਰੱਕਿੰਗ ਐਪ

ਟਰਾਂਸਲਿੰਕ ਅਤੇ ਬੀ.ਸੀ. ਦੀ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਟਰੱਕ ਰੂਟ ਦੀ ਯੋਜਨਾਬੰਦੀ ਕਰਨ ਲਈ ਇੱਕ ਨਵੀਂ ਮੁਫ਼ਤ ਮੋਬਾਈਲ ਐਪ ‘ਟਰੱਕ ਰੂਟ ਪਲਾਨਰ’ ਜਾਰੀ ਕੀਤੀ ਗਈ ਹੈ ਜੋ ਕਿ ਟਰੱਕਾਂ ਦੇ ਰੂਟ ਦੀ ਯੋਜਨਾਬੰਦੀ ਕਰਨ ਦੇ ਨਾਲ ਮੈਟਰੋ ਵੈਨਕੂਵਰ ਦੇ ਆਲੇ-ਦੁਆਲੇ ਸਥਿੱਤ ਕਈ ਤਰ੍ਹਾਂ ਦੇ ਕਮਰਸ਼ੀਅਲ ਟਰੱਕ ਸਰੋਤਾਂ ਦੀ ਜਾਣਕਾਰੀ ਵੀ ਦਿੰਦੀ ਹੈ।

ਟਰੱਕ ਆਪਰੇਟਰ ਇਸ ਐਪ ‘ਚ ਆਪਣੇ ਟਰੱਕ ਦਾ ਆਕਾਰ, ਆਪਣੀ ਸ਼ੁਰੂਆਤ ਅਤੇ ਮੰਜ਼ਿਲ ਬਾਰੇ ਜਾਣਕਾਰੀ ਦਰਜ ਕਰ ਕੇ ਉਨ੍ਹਾਂ ਲਈ ਗੱਡੀ ਦੇ ਆਕਾਰ ਅਨੁਸਾਰ ਬਿਹਤਰੀਨ ਮਾਰਗ, ਮਿਊਂਸੀਪਲ ਉਪ-ਨਿਯਮਾਂ, ਉਚਾਈ ਕਲੀਅਰੈਂਸ, ਪੁਲ ‘ਤੇ ਭਾਰ ਲੈ ਕੇ ਜਾਣ ਦੀ ਹੱਦ ਅਤੇ ਸੜਕ ‘ਤੇ ਕੋਈ ਰੁਕਾਵਟ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ।

ਪਲੈਨਰ ਐਪ ਕੋਵਿਡ-19 ਬਾਰੇ ਜਾਣਕਾਰੀ ਵੀ ਪੇਸ਼ ਕਰਦੀ ਹੈ ਜਿਵੇਂ ਖੁੱਲ੍ਹੀਆਂ ਸਹੂਲਤਾਂ ਅਤੇ ਪਾਖਾਨਿਆਂ ਤੇ ਕਮਰਸ਼ੀਅਲ ਗੱਡੀਆਂ ਦੀ ਪਾਰਕਿੰਗ ਸਥਾਨਾਂ ਦੇ ਨਾਲ ਹੀ ਰੇਸਤਰਾਂ ਅਤੇ ਜਨਤਾ ਲਈ ਖੁੱਲ੍ਹੇ ਹੋਟਲਾਂ ਬਾਰੇ ਵੀ ਜਾਣਕਾਰੀ ਦਿੰਦੀ ਹੈ।

ਇਹ ਐਪ ਅਗਾਊਂ-ਯੋਜਨਾਬੰਦੀ ਲਈ ਬਣਾਈ ਗਈ ਹੈ। ਇਹ ਸਫ਼ਰ ਦੌਰਾਨ ਦਿਸ਼ਾਵਾਂ ਦੀ ਜਾਣਕਾਰੀ ਨਹੀਂ ਦਿੰਦੀ ਅਤੇ ਟਰੱਕ ਡਰਾਈਵਰਾਂ ਨੂੰ ਇਹ ਐਪ ਡਰਾਈਵਿੰਗ ਦੌਰਾਨ ਵਰਤਣ ਦੀ ਸਲਾਹ ਨਹੀਂ ਦਿੱਤੀ ਜਾਂਦੀ।

ਵੱਡਆਕਾਰੀ ਅਤੇ ਅੱਤ-ਭਾਰੀਆਂ ਗੱਡੀਆਂ ਨੂੰ ਚਲਾਉਣ ਵਾਲਿਆਂ ਨੂੰ ਡਰਾਈਵਬੀਸੀ ਦੇ ਕਮਰਸ਼ੀਅਲ ਵਹੀਕਲ ਕਲੀਅਰੈਂਸ ਟੂਲ, ਕਮਰਸ਼ੀਅਲ ਟਰਾਂਸਪੋਰਟ ਪ੍ਰੋਸੀਜ਼ਰ ਮੈਨੁਅਲ ਦੇ ਚੈਪਟਰ 6, ਪ੍ਰਾਜੈਕਟ ਕਾਰਗੋ ਕੋਰੀਡੋਰ ਵੈੱਬਸਾਈਟ, ਜਾਂ ਪ੍ਰੋਵਿੰਸ਼ੀਅਲ ਪਰਮਿਟ ਸੈਂਟਰ ਨੂੰ 1-800-559-9688 ‘ਤੇ ਸੰਪਰਕ ਵਰਗੇ ਸਰੋਤਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ।

2017 ਦੀ ਰੀਜਨਲ ਗੁੱਡਸ ਮੂਵਮੈਂਟ ਰਣਨੀਤੀ ਬਣਾਉਣ ਸਮੇਂ ਰੂਟ ਪਲੈਨਰ ਦੀ ਜ਼ਰੂਰਤ ਉੱਭਰ ਕੇ ਸਾਹਮਣੇ ਆਈ ਸੀ ਅਤੇ ਇਸ ਨੂੰ ਮਿਊਂਸੀਪਲਟੀਜ਼, ਬੀ.ਸੀ. ਟਰੱਕਿੰਗ ਐਸੋਸੀਏਸ਼ਨ (ਬੀ.ਸੀ.ਟੀ.ਏ.) ਅਤੇ ਗ੍ਰੇਟਰ ਵੈਨਕੂਵਰ ਅਰਬਨ ਫ਼ਰੇਟ ਕੌਂਸਲ ਦੀ ਮੱਦਦ ਨਾਲ ਤਿਆਰ ਕੀਤਾ ਗਿਆ ਹੈ। ਇਸ ਐਪ ਦੀ ਅਪਡੇਟਸ ਨੂੰ ਪ੍ਰੋਵਿੰਸ਼ੀਅਲ ਸਰਕਾਰ ਅਤੇ ਟਰਾਂਸਲਿੰਕ ਵੱਲੋਂ ਜਾਰੀ ਕੀਤਾ ਜਾਵੇਗਾ।

ਸਿਟੀਜ਼ਨ ਸਰਵੀਸਿਜ਼ ਮਿਨੀਸਟਰ ਐਨ ਕਿੰਗ ਨੇ ਕਿਹਾ, ”ਇਹ ਆਨਲਾਈਨ ਟੂਲ ਮੈਟਰੋ ਵੈਨਕੂਵਰ ਅੰਦਰ ਅਤੇ ਆਲੇ-ਦੁਆਲੇ ਟਰੱਕ ਆਪਰੇਟਰਾਂ ਦੇ ਕੰਮ ਨੂੰ ਆਸਾਨ ਅਤੇ ਸੁਰੱਖਿਅਤ ਬਣਾਉਂਦਾ ਹੈ ਅਤੇ ਇਹ ਸਾਡੀ ਸੂਬੇ ਦੀ ਆਰਥਿਕਤਾ ਨੂੰ ਅੱਗੇ ਤੋਰਨ ‘ਚ ਮੱਦਦ ਕਰੇਗਾ।”