ਰਿਪੋਰਟ ਨੇ ਛੇੜੀ ਟਰੱਕ ਸੁਰੱਖਿਆ ਬਾਰੇ ਬਹਿਸ

ਓਂਟਾਰੀਓ ਦੇ ਆਡੀਟਰ ਜਨਰਲ ਦੀ ਹਾਲੀਆ ਰਿਪੋਰਟ ਜਾਰੀ ਹੋਣ ਤੋਂ ਬਾਅਦ ਇਸ ਵਿਸ਼ੇ ‘ਤੇ ਬਹਿਸ ਛਿੜ ਗਈ ਹੈ ਕਿ ਸੜਕ ਸੁਰੱਖਿਆ ਦੇ ਮਾਮਲੇ ‘ਚ ਕਿਵੇਂ ਸੁਧਾਰ ਕੀਤਾ ਜਾਵੇ। ਇਸ ਦੌਰਾਨ ਟਰੱਕਿੰਗ ਉਦਯੋਗ ਨਾਲ ਜੁੜੇ ਲੋਕਾਂ ਨੇ ਹੋਰ ਇਨਫ਼ੋਰਸਮੈਂਟ ਇੰਸਪੈਕਟਰ ਤਾਇਨਾਤ ਕੀਤੇ ਜਾਣ ਦੀ ਪ੍ਰਭਾਵਕਤਾ ‘ਤੇ ਸ਼ੰਕੇ ਵੀ ਪ੍ਰਗਟਾਏ ਹਨ।

ਆਡੀਟਰ ਜਨਰਲ ਬੌਨੀ ਲੀਸੈਕ

ਆਡੀਟਰ ਜਨਰਲ ਬੌਨੀ ਲੀਸੈਕ ਨੇ ਆਪਣੀ ਸਾਲਾਨਾ ਰਿਪੋਰਟ ‘ਚ ਕਿਹਾ ਹੈ ਕਿ ਟ੍ਰਾਂਸਪੋਰਟੇਸ਼ਨ ਮੰਤਰਾਲੇ ਨੇ ਹਜ਼ਾਰਾਂ ਅਸੁਰੱਖਿਅਤ ਵਪਾਰਕ ਵਾਹਨਾਂ ਤੇ ਡਰਾਈਵਰਾਂ ਨੂੰ ਹਟਾਉਣ ਦਾ ਮੌਕਾ ਖੁੰਝਾ ਦਿੱਤਾ ਹੈ ਕਿਉਂਕਿ ਉਨ੍ਹਾਂ ਦਾ ਨਿਰੀਖਣ ਕਰਨ ਲਈ ਅਫ਼ਸਰਾਂ ਦੀ ਘਾਟ ਸੀ।

ਉਨ੍ਹਾਂ ਦੇ ਆਡਿਟ ‘ਚ ਪਾਇਆ ਗਿਆ ਕਿ ਕੀਤੇ ਜਾਣ ਵਾਲੇ ਨਿਰੀਖਣਾਂ ਦੀ ਗਿਣਤੀ ਵਿੱਚ 22% ਕਮੀ ਹੋ ਗਈ ਹੈ ਕਿਉਂਕਿ 2014 ‘ਚ 113,000 ਨਿਰੀਖਣ ਹੋਏ ਸਨ, ਜਦ ਕਿ ਸਾਲ 2018 ‘ਚ ਇਨ੍ਹਾਂ ਦੀ ਗਿਣਤੀ 89,000 ਤੋਂ ਵੀ ਘਟ ਗਈ ਸੀ। ਅਜਿਹਾ ਇਸ ਲਈ ਹੋਇਆ ਕਿਉਂਕਿ ਮੰਤਰਾਲੇ ਨੇ ਖ਼ਾਲੀ ਆਸਾਮੀਆਂ ਪੂਰੀਆਂ ਹੀ ਨਹੀਂ ਕੀਤੀਆਂ ਸਨ।

ਉੱਧਰ ‘ਓਂਟਾਰੀਓ ਪਬਲਿਕ ਸਰਵਿਸ ਇੰਪਲਾਈਜ਼ ਯੂਨੀਅਨ’  (ਓ.ਪੀ.ਐਸ.ਈ.ਯੂ.) ਸਰਕਾਰ ਤੋਂ ਮੰਗ ਕਰ ਰਹੀ ਹੈ ਕਿ ਵਾਹਨ ਸੁਰੱਖਿਆ ਇੰਸਪੈਕਟਰਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਕੀਤਾ ਜਾਵੇ ਤੇ ਕੁਝ ਹੋਰਨਾਂ ਦੀ ਦਲੀਲ ਹੈ ਕਿ ਸਿਰਫ਼ ਨਿਰੀਖਣਾਂ ਨਾਲ ਹੀ ਸੁਰੱਖਿਆ ਦਾ ਸੰਕਟ ਹੱਲ ਨਹੀਂ ਹੋਵੇਗਾ।

ਰਾਜ ਵਾਲੀਆ

ਸੁਰੱਖਿਆ ਤੇ ਨਿਯਮਾਂ ਦੀ ਪਾਲਣਾ ਦਾ ਪ੍ਰਬੰਧ ਵੇਖਣ ਵਾਲੀ ਕੰਪਨੀ ‘ਟਰੱਕਸ ਸਲਊਸ਼ਨਜ਼’ ਦੇ ਪ੍ਰਧਾਨ ਰਾਜ ਵਾਲੀਆ ਦਾ ਮੰਨਣਾ ਹੈ ਕਿ ਨਿਰੀਖਣ ਤਾਂ ਸਿਰਫ਼ ਕੰਟਰੋਲ ਕਰਨ ਦੇ ਕਈ ਉਪਾਵਾਂ ਵਿੱਚੋਂ ਇੱਕ ਹੈ।

ਉਨ੍ਹਾਂ ‘ਰੋਡ ਟੂਡੇ’ ਨਾਲ ਗੱਲਬਾਤ ਦੌਰਾਨ ਕਿਹਾ – ”ਇਨਫ਼ੋਰਸਮੈਂਟ ਨਿਰੀਖਣ ਘਟਨਾ ਵਾਪਰਨ ਤੋਂ ਬਾਅਦ ਹੁੰਦੀਆਂ ਹਨ ਅਤੇ ਇਹ ਸੜਕਾਂ ‘ਤੇ ਸੁਰੱਖਿਆ ਵਧਾਉਣ ਦਾ ਇੱਕੋ-ਇੱਕ ਜ਼ਰੀਆ ਨਹੀਂ ਹੋਣਾ ਚਾਹੀਦਾ।”
ਵਾਲੀਆ ਨੇ ਕਿਹਾ ਕਿ ਨਿਰੀਖਣਾਂ ਤੋਂ ਇਲਾਵਾ ਅਧਿਕਾਰੀਆਂ ਨੂੰ ਹੇਠ ਲਿਖੇ ਕਦਮਾਂ ਬਾਰੇ ਵਿਚਾਰ ਕਰਨਾ ਚਾਹੀਦਾ ਹੈ।
• ਤੀਜੀ ਧਿਰ ਦੇ ਆਡੀਟਰਜ਼ ਦੀ ਨਿਯੁਕਤੀ, ਤਾਂ ਜੋ ਨੇਮਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ;
• ਇਲੈਕਟ੍ਰੌਨਿਕ ਲੌਗਜ਼ ਤੇ ਸਖ਼ਤ ਕਿਸਮ ਦੀਆਂ ਘਟਨਾਵਾਂ ਨੂੰ ਰਿਕਾਰਡ ਕਰਨ ਲਈ ਡੈਸ਼–ਕੈਮਜ਼ (ਡੈਸ਼ਬੋਰਡ ‘ਤੇ ਲੱਗੇ ਕੈਮਰੇ) ਜਿਹੇ ਆਟੋਮੇਟਡ ਸਿਸਟਮਜ਼ ਲਾਗੂ ਕਰਨੇ ਤਾਂ ਜੋ ਇੱਕ ਵਾਜਬ ਸਰਗਰਮ ਮਾਹੌਲ ਯਕੀਨੀ ਬਣਾਇਆ ਜਾ ਸਕੇ;
• ਕਾਨੂੰਨੀ ਤੌਰ ‘ਤੇ ਅਜਿਹੀਆਂ ਏ.ਐਮ.ਪੀ. (ਐਡਮਿਨਿਸਟ੍ਰੇਟਿਵ ਮੌਨੀਟਰੀ ਪੈਨਲਟੀਜ਼) ਵਧਾਉਣਾ ਜੋ ਨੇਮਾਂ ਦੀ ਪਾਲਣਾ ਨਾ ਕੀਤੇ ਜਾਣ ਦੀ ਹਾਲਤ ‘ਚ ਵਾਜਬ ਹੋਣ ਤੇ ਮੁੱਖ ਨਾਕਾਮੀਆਂ ਲਈ ਭਾਰੀ ਵਿੱਤੀ ਜੁਰਮਾਨੇ ਲਾ ਕੇ ਸਖ਼ਤੀ ਕੀਤੀ ਜਾਵੇ;
ਅਤੇ
• ਜਾਗਰੂਕਤਾ ‘ਚ ਵਾਧਾ ਕਰਨ ਲਈ ਪ੍ਰਮਾਣਿਤ ਪ੍ਰੈਕਟੀਸ਼ਨਰਾਂ ਵੱਲੋਂ ਕਾਨੂੰਨੀ ਤੌਰ ‘ਤੇ ਲਾਜ਼ਮੀ ਸਿਖਲਾਈ ਦਾ ਹੁਕਮ ਲਾਗੂ ਕੀਤਾ ਜਾਵੇ।

ਅਮਰਜੀਤ ਬਾਜਵਾ

ਬੈਸਟ ਕੇਅਰ ਟ੍ਰਾਂਸਪੋਰਟ ਦੇ ਅਮਰਜੀਤ ਬਾਜਵਾ ਨਿਰੀਖਣਾਂ ਦੇ ਮੁੱਦੇ ‘ਤੇ ਵੀ ਆਡੀਟਰ ਜਨਰਲ ਨਾਲ ਅਸਹਿਮਤ ਹਨ।
ਉਨ੍ਹਾਂ ਕਿਹਾ ਕਿ ਮੌਜੂਦਾ ਐਮ.ਟੀ.ਓ. ਜਾਂਚਾਂ ਦਾ ਅਮਰੀਕੀ ਆਵਾਜਾਈ ਟ੍ਰਾਂਸਪੋਰਟੇਸ਼ਨ ਵੱਲੋਂ ਕੀਤੀਆਂ ਜਾ ਰਹੀਆਂ ਸੁਰੱਖਿਆ ਜਾਂਚਾਂ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ, ”ਸੁਰੱਖਿਆ ਦੇ ਮਾਮਲੇ ‘ਚ ਡਰਾਈਵਰਾਂ ਨੂੰ ਹੋਰ ਵਧੇਰੇ ਸਿੱਖਿਅਤ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਅਤੇ ਹਾਦਸਿਆਂ ਤੋਂ ਬਚਾਅ ਤੇ ਰੋਕਥਾਮ ਲਈ ਕਾਨੂੰਨੀ ਤੌਰ ‘ਤੇ ਲਾਜ਼ਮੀ ਕਦਮ ਚੁੱਕੇ ਜਾਣੇ ਚਾਹੀਦੇ ਹਨ।”

ਉਨ੍ਹਾਂ ਕਿਹਾ – ”ਕੁੱਲ ਮਿਲਾ ਕੇ ਮੰਤਰਾਲਾ ਚੋਖੀ ਗਿਣਤੀ ‘ਚ ਨਿਰੀਖਣ ਕਰ ਰਿਹਾ ਹੈ।”

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਟਰੱਕ ਸੁਰੱਖਿਆ ਨਾਲ ਨਿਪਟਣ ਲਈ ਮੰਤਰਾਲੇ ਕੋਲ ਇੱਕ ”ਸਮੁੱਚੀ ਯੋਜਨਾ” ਹੈ, ਜੋ ਇਸ ਰਿਪੋਰਟ ‘ਚ ਦਰਜ ਚਿੰਤਾਵਾਂ ਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਹੱਲ ਕਰੇਗੀ।

ਪ੍ਰਧਾਨ ਸਟੀਫ਼ਨ ਲੈਸਕੋਅਸਕੀ ਨੇ ਕਿਹਾ – ”ਓਂਟਾਰੀਓ ਟਰੱਕ ਐਸੋਸੀਏਸ਼ਨ ਛੇਤੀ ਤੋਂ ਛੇਤੀ ਅਗਲੇ ਕੁਝ ਮਹੀਨਿਆਂ ਦੌਰਾਨ ਟ੍ਰਾਂਸਪੋਰਟੇਸ਼ਨ ਮੰਤਰਾਲੇ ਨਾਲ ਮਿਲ ਕੇ ਇਹ ਯੋਜਨਾ ਵਿਕਸਤ ਤੇ ਲਾਗੂ ਕਰਨ ਲਈ ਕੰਮ ਜਾਰੀ ਰੱਖਣ ਦੀ ਚਾਹਵਾਨ ਹੈ।”

ਗੁਰਿੰਦਰ ਸਿੰਘ ਬੈਂਸ

ਇੱਕ ਵੱਡੇ ਕੌਮਾਂਤਰੀ ਰਿਟੇਲਰ ਨਾਲ ਡਰਾਈਵਰ ਟ੍ਰੇਨਰ ਵਜੋਂ ਕੰਮ ਕਰਨ ਵਾਲੇ ਗੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਆਡੀਟਰ ਜਨਰਲ ਨੇ ਆਪਣੀ ਰਿਪੋਰਟ ਪੂਰੀ ਈਮਾਨਦਾਰੀ ਨਾਲ ਪ੍ਰਕਾਸ਼ਿਤ ਕੀਤੀ ਹੈ।

ਬੈਂਸ ਨੇ ਕਿਹਾ – ”ਸਭ ਤੋਂ ਪਹਿਲਾਂ ਤਾਂ ਟ੍ਰਾਂਸਪੋਰਟੇਸ਼ਨ ਮੰਤਰਾਲੇ ਕੋਲ ਅਧਿਕਾਰੀਆਂ ਦੀ ਘਾਟ ਕਾਰਨ ਘੱਟ ਨਿਰੀਖਣ ਹੁੰਦੇ ਹਨ। ਘੱਟ ਨਿਰੀਖਣਾਂ ਕਾਰਨ ਸੁਰੱਖਿਆ ਦਾਅ ‘ਤੇ ਲੱਗ ਜਾਂਦੀ ਹੈ।”

ਉਨ੍ਹਾਂ ਕਿਹਾ ਕਿ ਮੰਤਰਾਲੇ ਨੂੰ ਹੋਰ ਇੰਸਪੈਕਟਰਾਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ ਤੇ ਵਪਾਰਕ ਵਾਹਨਾਂ ਦੇ ਨਿਰੀਖਣਾਂ ਦੀ ਗਿਣਤੀ ਵਿੱਚ ਵਾਧਾ ਕਰਨ ਦਾ ਜਤਨ ਵੀ ਕਰਨਾ ਚਾਹੀਦਾ ਹੈ।

ਓ.ਪੀ.ਐਸ.ਈ.ਯੂ. ਦੇ ਪ੍ਰਧਾਨ ਵਾਰੇਨ (ਸਮੋਕੀ) ਥੋਮਸ ਅਨੁਸਾਰ ਸਮੇਂ–ਸਿਰ ਯੋਗ ਇੰਸਪੈਕਟਰ ਹਾਸਲ ਕਰਨਾ ਕੋਈ ਸੁਖਾਲਾ ਕੰਮ ਨਹੀਂ ਹੈ।

ਥੋਮਸ ਨੇ ਚੇਤਾਵਨੀ ਦਿੰਦਿਆਂ ਕਿਹਾ, ”ਟ੍ਰਾਂਸਪੋਰਟੇਸ਼ਨ ਮੰਤਰਾਲਾ ‘ਚ ਭਰਤੀ ਹੋਣ ਵਾਲੇ ਇੱਛਾਵਾਨਾਂ ਦੀ ਬਹੁਤ ਜ਼ਿਆਦਾ ਕਮੀ ਹੈ, ਕਿਉਂਕਿ ਇੱਥੇ ਕੰਮਕਾਜ ਕਰਨ ਦੀਆਂ ਸਥਿਤੀਆਂ ਬਹੁਤ ਮੁਸ਼ਕਲ, ਇੱਥੋਂ ਤਕ ਕਿ ਖ਼ਤਰਨਾਕ ਹਨ। ਜੇਕਰ ਇਹ ਸਰਕਾਰ ਸੜਕਾਂ ਨੂੰ ਸੁਰੱਖਿਅਤ ਬਣਾਉਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਇਸ ਨੌਕਰੀ ਨੂੰ ਹੋਰ ਲੁਭਾਉਣਾ ਬਣਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਢੁਕਵੀਂ ਗਿਣਤੀ ‘ਚ ਚੰਗੇ ਅਫ਼ਸਰਾਂ ਨੂੰ ਆਕਰਸ਼ਿਤ ਕਰ ਸਕੀਏ ਜਿਨ੍ਹਾਂ ਦੀ ਓਂਟਾਰੀਓ ਦੇ ਡਰਾਈਵਰਾਂ ਨੂੰ ਜ਼ਰੂਰਤ ਅਤੇ ਉਮੀਦ ਹੈ।”

ਯੂਨੀਅਨ ਦਾ ਕਹਿਣਾ ਹੈ ਕਿ ਸਾਡੀ ਲਾ-ਇਲਾਜ ਸਮੱਸਿਆ ਇਹ ਹੈ ਕਿ ਮੰਤਰਾਲੇ ਨੇ ਹਾਇਰਿੰਗ ਤੇ ਰੀਟੈਂਸ਼ਨ (ਨੌਕਰੀ ‘ਤੇ ਰੱਖਣਾ ਤੇ ਨੌਕਰੀ ਜਾਰੀ ਰੱਖਣਾ) ਦਾ ਕੋਈ ਹੱਲ ਨਹੀਂ ਲੱਭਿਆ।

”ਇੱਕ ਇਨਫ਼ੋਰਸਮੈਂਟ ਅਧਿਕਾਰੀ ਤੇ ਆਡੀਟਰ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ, ਹਿੰਸਾ ਤੇ ਸਖ਼ਤ ਮੌਸਮ ਦੇ ਨਾਲ–ਨਾਲ ਉਨ੍ਹਾਂ ਦਾ ਸਾਹਮਣਾ ਰਸਾਇਣਾਂ ਤੇ ਮਨੁੱਖ ਲਈ ਖ਼ਤਰਨਾਕ ਵਸਤਾਂ ਨਾਲ ਵੀ ਹੁੰਦਾ ਰਹਿੰਦਾ ਹੈ।”

ਯੂਨੀਅਨ ਵੱਲੋਂ ਕਿਹਾ ਗਿਆ ਹੈ ਕਿ ਅਫ਼ਸਰਾਂ ਨੂੰ ਜ਼ਿਆਦਾ, ਅਨਿਯਮਤ ਘੰਟਿਆਂ ਤੱਕ ਕੰਮ ਕਰਦੇ ਰਹਿਣਾ ਪੈਂਦਾ ਹੈ ਅਤੇ ਗ਼ੈਰ–ਸਹਿਯੋਗੀ ਕਾਰੋਬਾਰਾਂ ਨਾਲ ਨਿਪਟਦੇ ਸਮੇਂ ਪੇਸ਼ੇਵਰਾਨਾ ਪਹੁੰਚ ਕਾਇਮ ਰੱਖਣੀ ਪੈਂਦੀ ਹੈ।

ਆਪਣੇ ਬਿਆਨ ‘ਚ ਮੰਤਰਾਲੇ ਨੇ ਕਿਹਾ ਕਿ ਉਹ ਆਡੀਟਰ ਜਨਰਲ ਦੇ ਕੰਮ ਦੀ ਸ਼ਲਾਘਾ ਕਰਦਾ ਹੈ ਤੇ ‘ਵਪਾਰਕ ਵਾਹਨ ਸੁਰੱਖਿਆ ਤੇ ਇਨਫ਼ੋਰਸਮੈਂਟ ਪ੍ਰੋਗਰਾਮ ਨੂੰ ਕਿਵੇਂ ਸੁਧਾਰੀਏ’ ਵਿਸ਼ੇ ਉੱਤੇ ਕੀਤੀਆਂ ਸਿਫ਼ਾਰਸ਼ਾਂ ਦਾ ਸੁਆਗਤ ਕਰਦਾ ਹੈ।

ਉਸ ਨੇ ਕਿਹਾ ਹੈ ਕਿ – ”ਅਸੀਂ ਸਾਰੀਆਂ ਸਿਫ਼ਾਰਸ਼ਾਂ ਨਾਲ ਸਹਿਮਤ ਹਾਂ ਤੇ ਅਤੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਲਾਗੂ ਕਰਨ ਲਈ ਵਚਨਬੱਧ ਹਾਂ ਤੇ ਆਪਣੀ ਪ੍ਰਗਤੀ ਬਾਰੇ ਨਿਯਮਤ ਤੌਰ ‘ਤੇ ਰਿਪੋਰਟ ਕਰਦੇ ਰਹਾਂਗੇ।”

ਅਬਦੁਲ ਲਤੀਫ਼ ਵੱਲੋਂ