ਲੇਬਰ ਮੰਤਰੀ ਦੀ ਚੇਤਾਵਨੀ, ਡਰਾਈਵਰ ਇੰਕ. ਰੁਜ਼ਗਾਰਦਾਤਾਵਾਂ ’ਤੇ ਲੱਗੇਗਾ 250,000 ਡਾਲਰ ਦਾ ਜੁਰਮਾਨਾ

ਲੇਬਰ ਮੰਤਰੀ ਸੀਮਸ ਓ’ਰੀਗਨ ਜੂਨੀਅਰ ਨੇ ਨਵੰਬਰ ਦੌਰਾਨ ਟੋਰਾਂਟੋ ’ਚ ਐਲਾਨ ਕੀਤਾ ਹੈ ਕਿ ਆਪਣੇ ਮੁਲਾਜ਼ਮ ਟਰੱਕ ਡਰਾਈਵਰਾਂ ਨੂੰ ਸੁਤੰਤਰ ਠੇਕੇਦਾਰਾਂ ਵਜੋਂ ਕੁਵਰਗੀਕਿ੍ਰਤ ਕਰਨ ਵਾਲੀਆਂ ਟਰੱਕਿੰਗ ਕੰਪਨੀਆਂ ’ਤੇ 250,000 ਡਾਲਰ ਤੱਕ ਦਾ ਜੁਰਮਾਨਾ ਲੱਗੇਗਾ।

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਦੇ ਦਫ਼ਤਰਾਂ ’ਚ ਮੰਤਰੀ ਬੋਲੇ ਕਿ ਇਸ ਮਾਡਲ ਕਰਕੇ ਵਰਕਰ ਸਮਾਜ ਭਲਾਈ ਪ੍ਰੋਗਰਾਮਾਂ ਤੋਂ ਬਾਹਰ ਹੋ ਜਾਂਦੇ ਹਨ ਜਦਕਿ ਕਾਰੋਬਾਰਾਂ ਨੂੰ ਇਸ ਤੋਂ ਲਾਭ ਮਿਲਦਾ ਹੈ। ਉਨ੍ਹਾਂ ਕਿਹਾ ਕਿ ਲਗਭਗ ਸਾਰੇ ਰੁਜ਼ਗਾਰਦਾਤਾ ਆਪਣਾ ਅੰਸ਼ਦਾਨ ਭਰਦੇ ਹਨ।

ਉਨ੍ਹਾਂ ਕਿਹਾ, ‘‘ਅਸੀਂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਨੋਟਿਸ ਦੇ ਰਹੇ ਹਾਂ। ਉਹ ਮਨਮਰਜ਼ੀਆਂ ਕਰ ਰਹੇ ਹਨ। ਅਸੀਂ ਉਨ੍ਹਾਂ ਦੇ ਗ਼ਲਤ ਕੰਮਾਂ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਵਾਂਗੇ ਅਤੇ ਜਿੱਥੇ ਵੀ ਜ਼ਰੂਰੀ ਹੋਇਆ, ਅਸੀਂ ਬੁਰੇ ਅਨਸਰਾਂ ’ਤੇ ਜੁਰਮਾਨਾ ਲਾਵਾਂਗੇ।’’

ਫ਼ੈਡਰਲ ਸਰਕਾਰ ਨੇ ਆਪਣੀ ਪਤਝੜ ਮੌਸਮ ਵਾਲੇ ਆਰਥਕ ਵੇਰਵੇ ’ਚ ਡਰਾਈਵਰ ਇੰਕ. ਰੁਜ਼ਗਾਰਦਾਤਾਵਾਂ ਵਿਰੁੱਧ ਕਦਮ ਚੁੱਕਣ ਦਾ ਅਹਿਦ ਲਿਆ ਹੈ।

ਵਿੱਤ ਮੰਤਰੀ ਕਿ੍ਰਸਟੀਆ ਫ਼੍ਰੀਲੈਂਡ ਵੱਲੋਂ ਪੇਸ਼ ਕੀਤੇ ਗਏ ਵੇਰਵੇ ’ਚ ਫ਼ੈਡਰਲ ਸਰਕਾਰ ਨੇ ਲਿਖਿਆ ਹੈ, ‘‘ਟਰੱਕਿੰਗ ਉਦਯੋਗ ’ਚ, ਅਜਿਹੀਆਂ ਕੰਪਨੀਆਂ ਦਾ ਲੰਮਾ ਇਤਿਹਾਸ ਹੈ ਜੋ ਕਿ ਕੁਰਾਹੇ ਪਾਉਣ ਵਾਲੇ ਡਰਾਈਵਰ ਇੰਕ. ਦੇ ਕੰਮ ’ਚ ਲੱਗੀਆਂ ਹੋਈਆਂ ਹਨ। ਡਰਾਈਵਰ ਇੰਕ. ਹੇਠ ਡਰਾਈਵਰਾਂ ਨੂੰ ਖ਼ੁਦ ਨੂੰ ਸੁਤੰਤਰ ਠੇਕੇਦਾਰਾਂ ਵਜੋਂ ਇਨਕਾਰਪੋਰੇਟ ਕਰਨ ਅਤੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਇਸ ਦੇ ਨੁਕਸਾਨਾਂ ਦੀ ਵੀ ਜਾਣਕਾਰੀ ਨਹੀਂ ਦਿੱਤੀ ਜਾਂਦੀ। ਡਰਾਈਵਰਾਂ ਨੂੰ ਮੁਲਾਜ਼ਮਾਂ ਵਜੋਂ ਵਰਗੀਕਿ੍ਰਤ ਨਾ ਕਰਨ ਨਾਲ ਕੰਪਨੀਆਂ ਉਨ੍ਹਾਂ ਨੂੰ ਕੈਨੇਡਾ ਲੇਬਰ ਕੋਡ ਅਧੀਨ ਮਿਲਣ ਵਾਲੇ ਬਿਮਾਰੀ ਦੀ ਛੁੱਟੀ, ਸਿਹਤ ਅਤੇ ਸੁਰੱਖਿਆ ਮਾਨਕ, ਰੁਜ਼ਗਾਰ ਬੀਮਾ ਅਤੇ ਕੈਨੇਡਾ ਪੈਨਸ਼ਨ ਯੋਜਨਾ ਲਈ ਰੁਜ਼ਗਾਰਦਾਤਾ ਅੰਸ਼ਦਾਨ, ਅਤੇ ਕੰਮਕਾਜ ਦੌਰਾਨ ਸੱਟ ਲੱਗਣ ’ਤੇ ਪ੍ਰੋਵਿੰਸ਼ੀਅਲ ਜਾਂ ਟੈਰੇਟੋਰੀਅਲ ਮੁਆਵਜ਼ਾ ਮਿਲਣ ਵਰਗੇ ਮਹੱਤਵਪੂਰਨ ਅਧਿਕਾਰਾਂ ਅਤੇ ਹੱਕਦਾਰੀ ਦੇ ਲਾਭਾਂ ਤੋਂ ਵਾਂਝਾ ਰੱਖ ਰਹੀਆਂ ਹਨ।’’

ਇਸ ’ਚ ਦਰਸਾਇਆ ਗਿਆ ਹੈ ਕਿ ਪਿੱਛੇ ਜਿਹੇ ਚਲਾਏ ਗਏ ਇੱਕ ਪਰਖ ਇਨਫ਼ੋਰਸਮੈਂਟ ਪ੍ਰਾਜੈਕਟ ’ਚ ਵੇਖਿਆ ਗਿਆ ਹੈ ਕਿ 60% ਤੋਂ ਜ਼ਿਆਦਾ ਫ਼ੈਡਰਲ ਤੌਰ ’ਤੇ ਰੈਗੂਲੇਟਡ ਟਰਾਂਸਪੋਰਟ ਰੁਜ਼ਗਾਰਦਾਤਾ ਇਸ ਸ਼੍ਰੇਣੀ ’ਚ ਆਉਂਦੇ ਹਨ। ਆਰਥਕ ਵੇਰਵੇ ’ਚ 2023 ਤੋਂ ਸ਼ੁਰੂ ਹੋਣ ਵਾਲੇ ਅਗਲੇ ਪੰਜ ਸਾਲਾਂ ਦੌਰਾਨ 26.3 ਮਿਲੀਅਨ ਡਾਲਰ ਮੁਹੱਈਆ ਕਰਵਾ ਕੇ ਕਾਨੂੰਨ ਦੀ ਪਾਲਣਾ ਨਾ ਕਰਨ ਵਾਲੇ ਰੁਜ਼ਗਾਰਦਾਤਾਵਾਂ ’ਤੇ ਰੁਜ਼ਗਾਰ ਅਤੇ ਸਮਾਜਕ ਵਿਕਾਸ ਕੈਨੇਡਾ ਰਾਹੀਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਲੇਬਰ ਮੰਤਰੀ ਸੀਮਸ ਓ’ਰੀਗਨ, ਜੂਨੀਅਰ (ਖੱਬਿਉਂ ਚੌਥੇ) ਐਮ.ਪੀ. ਅਤੇ ਅਧਿਕਾਰੀਆਂ ਨਾਲ। (ਤਸਵੀਰ: ਲੀਓ ਬਾਰੋਸ)

ਓ’ਰੀਗਨ ਨੇ ਕਿਹਾ ਕਿ ਉਹ ਇਹ ਯਕੀਨੀ ਕਰਨਾ ਚਾਹੁੰਦੇ ਸਨ ਕਿ ਜੁਰਮਾਨੇ ‘‘ਏਨੇ ਜ਼ਿਆਦਾ ਹੋਣ ਕਿ ਲੋਕ ਡਰ ਜਾਣ। ਇਹ ਜੁਰਮਾਨੇ ਸਿਰਫ਼ ਉਨ੍ਹਾਂ ਕੰਪਨੀਆਂ ’ਤੇ ਲਾਏ ਜਾਣਗੇ ਜੋ ਕਾਮਿਆਂ ਦੇ ਹੱਕਾਂ ਦਾ ਸੋਸ਼ਣ ਕਰਦੀਆਂ ਹਨ।’’

ਮੰਤਰੀ ਨੇ ਕਿਹਾ ਕਿ ਮੁਲਾਜ਼ਮ ਨਿਸ਼ਾਨੇ ’ਤੇ ਨਹੀਂ ਹੋਣਗੇ। ਉਨ੍ਹਾਂ ਕਿਹਾ, ‘‘ਬਹੁਤ ਸਾਰੇ ਟਰੱਕਰਸ ਹਨ ਜੋ ਸੁਤੰਤਰ ਬਣਨ ਲਈ, ਠੇਕੇਦਾਰ ਬਣਨ ਲਈ ਇਹ ਕਦਮ ਚੁੱਕ ਰਹੇ ਹਨ, ਜੋ ਕਿ ਬਿਲਕੁਲ ਸਹੀ ਹੈ। ਅਸੀਂ ਅਜਿਹੇ ਮੁਲਾਜ਼ਮਾਂ ਵਿਰੁੱਧ ਕੋਈ ਕਦਮ ਨਹੀਂ ਚੁੱਕਾਂਗੇ। ਇਹ ਕਾਰਵਾਈ ਸਿਰਫ਼ ਬੁਰੇ ਰੁਜ਼ਗਾਰਦਾਤਾਵਾਂ ਵਿਰੁੱਧ ਕੀਤੀ ਜਾਵੇਗੀ ਨਾ ਕਿ ਬੁਰੇ ਰੁਜ਼ਗਾਰਦਾਤਾਵਾਂ ਦੇ ਮੁਲਾਜ਼ਮਾਂ ਵਿਰੁੱਧ।’’

Seamus O'Regan Jr.
ਲੇਬਰ ਮੰਤਰੀ ਸੀਮਸ ਓ’ਰੀਗਨ, ਜੂਨੀਅਰ। (ਤਸਵੀਰ : ਲੀਓ ਬਾਰੋਸ)

ਓ’ਰੀਗਨ ਨੇ ਕਿਹਾ ਕਿ ਬਹੁਤ ਸਾਰੇ ਡਰਾਈਵਰ ਦਹਿਸ਼ਤ ਦੇ ਮਾਹੌਲ ’ਚ ਜਿਊਂਦੇ ਹਨ ਅਤੇ ਕਹਿੰਦੇ ਹਨ ਇਹ ਬਿਜ਼ਨੈਸ ਮਾਡਲ ‘‘ਲਗਭਗ ਬੰਧੂਆ ਮਜ਼ਦੂਰੀ ਵਰਗਾ ਹੈ।’’

ਸਰਕਾਰ ਬਹੁਤ ਛੇਤੀ 10 ਦਿਨਾਂ ਦੀ ਬਿਮਾਰੀ ਛੁੱਟੀ ਸਮੇਤ ਤਨਖ਼ਾਹ ਦੇ ਨਿਯਮ ਨੂੰ ਲਾਗੂ ਕਰਨ ਜਾ ਰਹੀ ਹੈ ਅਤੇ ਮੰਤਰੀ ਨੇ ਮੰਨਿਆ ਕਿ ਇਸ ਨਾਲ ਕਾਨੂੰਨ ਦੀ ਪਾਲਣਾ ਕਰਨ ਵਾਲੇ ਕਾਰੋਬਾਰਾਂ ਲਈ ਕੰਮ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਕਿਸੇ ’ਤੇ ਬਰਾਬਰ ਨਿਯਮ ਲਾਗੂ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਕੁੱਝ ਕੰਪਨੀਆਂ ਕੁੱਝ ਲਾਭ ਮੁਹੱਈਆ ਨਾ ਕਰਵਾ ਕੇ ਆਪਣੇ ਕਾਮਿਆਂ ਦਾ  ਸੋਸ਼ਣ ਕਰ ਰਹੀਆਂ ਹਨ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਘੱਟ ਖ਼ਰਚਾ ਕਰਨਾ ਪੈਂਦਾ ਹੈ।

ਪਤਝੜ ਮੌਸਮ ਦੇ ਆਰਥਕ ਵੇਰਵੇ ’ਚ ਕਿਹਾ ਗਿਆ ਹੈ, ‘‘ਇਸ ਨਾਲ ਹਜ਼ਾਰਾਂ ਗਿੱਗ ਵਰਕਰਾਂ, ਨਵੀਂਆਂ ਭਰਤੀਆਂ, ਅਤੇ ਨਸਲੀ ਵਿਤਕਰੇ ਦਾ ਸ਼ਿਕਾਰ ਕੈਨੇਡੀਅਨਾਂ ਲਈ ਕੰਮਕਾਜ ਦੀਆਂ ਸਥਿਤੀਆਂ ਬਿਹਤਰ ਹੋਣਗੀਆਂ ਜਦਕਿ ਫ਼ੈਡਰਲ ਪੱਧਰ ’ਤੇ ਟਰਾਂਸਪੋਰਟੇਸ਼ਨ ਰੁਜ਼ਗਾਰਦਾਤਾਵਾਂ ਵੱਲੋਂ ਆਪਣੇ ਡਰਾਈਵਰਾਂ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਕੁਵਰਗੀਕਿ੍ਰਤ ਨਾ ਕਰਨਾ ਯਕੀਨੀ ਕਰਨ ਨਾਲ ਹਰ ਕਿਸੇ ਲਈ ਸਮਾਨ, ਸੁਰੱਖਿਅਤ ਕੰਮਕਾਜ ਦੇ ਹਾਲਾਤ ਬਣਨਗੇ।’’

ਫ਼ੈਡਰਲ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਹੋਰ ਵੇਰਵਾ 2023 ਦੇ ਬਜਟ ’ਚ ਸ਼ਾਮਲ ਕੀਤਾ ਜਾਵੇਗਾ ਅਤੇ ਕੈਨੇਡਾ ਰੈਵੇਨਿਊ ਏਜੰਸੀ ਟਰਾਂਸਪੋਰਟੇਸ਼ਨ ਉਦਯੋਗ ਨਾਲ ਮਿਲ ਦੇ ਸਕੀਮ ਬਾਰੇ ਜਾਗਰੂਕਤਾ ਪੈਦਾ ਕਰੇਗੀ।

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਇਸ ਐਲਾਨ ਦਾ ਸਵਾਗਤ ਕੀਤਾ ਹੈ ਜੋ ਕਿ ਲੰਮੇ ਸਮੇਂ ਤੋਂ ਡਰਾਈਵਰ ਇੰਕ. ਰੁਜ਼ਗਾਰ ਮਾਡਲ ਦੇ ਪ੍ਰਯੋਗ ਦੀ ਨਿਖੇਧੀ ਕਰਦਾ ਆ ਰਿਹਾ ਹੈ।

ਸੀ.ਟੀ.ਏ. ਦੇ ਪ੍ਰੈਜ਼ੀਡੈਂਟ ਸਟੀਫ਼ਨ ਲੈਸਕੋਅਸਕੀ ਨੇ ਕਿਹਾ, ‘‘ਜਿਵੇਂ ਕਿ ਬਿਆਨ ’ਚ ਕਿਹਾ ਗਿਆ ਹੈ, ਈ.ਐਸ.ਡੀ.ਸੀ. ਅਤੇ ਸੀ.ਆਰ.ਏ. ਕਾਨੂੰਨ ਦੀ ਪਾਲਣਾ ਨੂੰ ਪਹਿਲ ਦੇਣਗੇ ਅਤੇ ਛੇਤੀ ਤੋਂ ਛੇਤੀ ਪੂਰੇ ਦੇਸ਼ ਅੰਦਰ ਸਖ਼ਤ ਇਨਫ਼ੋਰਸਮੈਂਟ ਸ਼ੁਰੂ ਕਰਨਾ ਯਕੀਨੀ ਕਰਨ ਲਈ ਅਸੀਂ ਦੋਵੇਂ ਵਿਭਾਗਾਂ ਨਾਲ ਮਿਲ ਕੇ ਕੰਮ ਕਰਾਂਗੇ।’’

ਇਸ ਤੋਂ ਪਹਿਲਾਂ ਅਕਤੂਬਰ ’ਚ ਸੀ.ਟੀ.ਏ. ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਡਰਾਈਵਰ ਇੰਕ. ’ਤੇ ਨਕੇਲ ਨਾ ਕੱਸੀ ਗਈ ਤਾਂ ਇਹ ਟਰੱਕਿੰਗ ’ਚ ਪ੍ਰਮੁੱਖ ਬਿਜ਼ਨੈਸ ਮਾਡਲ ਬਣ ਜਾਵੇਗਾ।

ਸੀ.ਟੀ.ਏ. ਦਾ ਅੰਦਾਜ਼ਾ ਹੈ ਕਿ ਇਸ ਕਰਕੇ ਹਰ ਸਾਲ 1 ਅਰਬ ਡਾਲਰ ਦੇ ਟੈਕਸ ਦਾ ਨੁਕਸਾਨ ਹੁੰਦਾ ਹੈ। ਇਸ ਸਮੱਸਿਆ ਨੂੰ ਉਜਾਗਰ ਕਰਨ ਲਈ ਇਸ ਨੇ ਦੋ ਸਮਰਪਿਤ ਵੈੱਬਸਾਈਟਾਂ www.stopdriverinc.ca ਅਤੇ www.stopponschauffeurinc.ca ਜਾਰੀ ਕੀਤੀਆਂ ਹਨ। ਮੋਂਕਟਨ, ਨਿਊ ਬਰੰਸਵਿਕ ਵਿਖੇ ਹੋਈ ਅਟਲਾਂਟਿਕ ਪ੍ਰੋਵਿੰਸਿਜ਼ ਟਰੱਕਿੰਗ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ ’ਚ ਸਾਡੇ ਸਹਾਇਕ ਪ੍ਰਕਾਸ਼ਨ ਟੂਡੇਜ਼ ਟਰੱਕਿੰਗ ਨਾਲ ਗੱਲਬਾਤ ਕਰਦਿਆਂ ਲੈਸਕੋਅਸਕੀ ਨੇ ਕਿਹਾ, ‘‘ਪੀ.ਐਸ.ਬੀ. (ਵਿਅਕਤੀਗਤ ਸੇਵਾਵਾਂ ਕਾਰੋਬਾਰ) ਕੋਈ ਗ਼ਲਤ ਕੰਮ ਨਹੀਂ ਹੈ ਜੇਕਰ ਤੁਸੀਂ ਉਚਿਤ ਤਰੀਕੇ ਨਾਲ ਫ਼ਾਈਲਿੰਗ ਕਰ ਰਹੇ ਹੋ, ਮਸਲਾ ਇਹ ਹੈ ਕਿ ਕੋਈ ਵੀ ਪੀ.ਐਸ.ਬੀ. ਵਜੋਂ ਫ਼ਾਈਲਿੰਗ ਨਹੀਂ ਕਰ ਰਿਹਾ ਹੈ।’’