ਵਿਮੈਨ ਇਨ ਟਰੱਕਿੰਗ ਵੱਲੋਂ ਡਰਾਈਵਰ ਸਿਖਲਾਈ ਨੀਤੀਆਂ ’ਚ ਔਰਤ ਟਰੇਨਰਾਂ ਨੂੰ ਉਤਸ਼ਾਹਿਤ ਕਰਨ ਦੀ ਮੰਗ

ਜ਼ਿਆਦਾਤਰ ਔਰਤ ਟਰੱਕ ਡਰਾਈਵਰ ਆਪਣੇ ਟਰੱਕ ਦੀ ਕੈਬ ’ਚ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰਦੀਆਂ ਹਨ ਪਰ ਜੇਕਰ ਉਨ੍ਹਾਂ ਨੂੰ ਮਿਲੇ ਮਰਦ ਟਰੇਨਰ ਨਾਲ ਕੈਬ ਸਾਂਝੀ ਕਰਨੀ ਪੈ ਜਾਵੇ ਤਾਂ ਕਹਾਣੀ ਬਦਲ ਜਾਂਦੀ ਹੈ।

ਵਿਮੈਨ ਇਨ ਟਰੱਕਿੰਗ ਐਸੋਸੀਏਸ਼ਨ ਵੱਲੋਂ ਕੀਤੇ ਇੱਕ ਗਰਮੀਆਂ ਦੇ ਸਰਵੇ ’ਚ ਹਿੱਸਾ ਲੈਣ ਵਾਲਿਆਂ ’ਚੋਂ 42.5% ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀਆਂ ਔਰਤ ਡਰਾਈਵਰਾਂ ਬਾਰੇ ਪਤਾ ਹੈ ਜਿਨ੍ਹਾਂ ਨੂੰ ਦੂਜੇ ਲਿੰਗ ਨਾਲ ਕੈਬ ਸਾਂਝੀ ਕਰਨ ਸਮੇਂ ਸੋਸ਼ਣ ਜਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਰਵੇ ’ਚ ਸ਼ਾਮਲ ਲੋਕਾਂ ’ਚੋਂ 60 ਫ਼ੀਸਦੀ ਔਰਤਾਂ ਸਨ।

ਡਰਾਈਵਰਾਂ ਨੇ ਆਪਣੀ ਟਰੱਕ ਦੀ ਕੈਬ ’ਚ ਸੁਰੱਖਿਆ ਦੀ ਦਰ ਨੂੰ 83% ਦੱਸਿਆ, ਪਰ ਕਿਸੇ ਔਰਤਾਂ ਵੱਲੋਂ ਟਰੇਨਰ ਨਾਲ ਕੈਬ ਸਾਂਝੀ ਕਰਨ ਵੇਲੇ ਉਨ੍ਹਾਂ ਦੀ ਸੁਰੱਖਿਆ ਦਾ ਅੰਕੜਾ 51% ’ਤੇ ਪਹੁੰਚ ਗਿਆ।

ਤਸਵੀਰ: ਵਿਮੈਨ ਇਨ ਟਰੱਕਿੰਗ

ਸਰਵੇ ’ਚ ਸ਼ਾਮਲ 436 ਪੇਸ਼ੇਵਰ ਡਰਾਈਵਰਾਂ ’ਚੋਂ ਲਗਭਗ ਦੋ-ਤਿਹਾਈ (62.5%) ਨੇ ਮੰਨਿਆ ਕਿ ਜੇਕਰ ਸਮਾਨ-ਲਿੰਗ ਸਿਖਲਾਈ ਪ੍ਰੋਗਰਾਮ ਲਿਆਂਦੇ ਜਾਣ ਤਾਂ ਵੱਧ ਔਰਤਾਂ ਡਰਾਈਵਿੰਗ ਨੂੰ ਆਪਣਾ ਕਰੀਅਰ ਬਣਾਉਣ ਲਈ ਉਤਸ਼ਾਹਿਤ ਹੋਣਗੀਆਂ।

ਔਰਤਾਂ ਦੀ ਟਰੱਕਿੰਗ ਉਦਯੋਗ ਵਰਕਫ਼ੋਰਸ ’ਚ ਪ੍ਰਤੀਨਿਧਗੀ ਲਗਾਤਾਰ ਘੱਟ ਚਲਦੀ ਆ ਰਹੀ ਹੈ, ਜੋ ਕਿ ਟਰੱਕ ਚਲਾਉਣ ਵਾਲੇ ਕੈਨੇਡੀਅਨਾਂ ’ਚ 3.5% ਅਤੇ ਅਮਰੀਕੀ ਟਰੱਕ ਡਰਾਈਵਰਾਂ ’ਚ 7.8% ਹੈ।

ਸਰਵੇ ਦੇ ਨਤੀਜੇ ਐਸੋਸੀਏਸ਼ਨ ਦੀ ਮੰਗ ਨੂੰ ਮਜ਼ਬੂਤ ਕਰਦੇ ਹਨ ਕਿ ਫ਼ਲੀਟ ਸਮਾਨ-ਲਿੰਗ ਸਿਖਲਾਈ ਨੀਤੀਆਂ ਨੂੰ ਅਪਨਾਉਣ।

ਵਿਮੈਨ ਇਨ ਟਰੱਕਿੰਗ ਐਸੋਸੀਏਸ਼ਨ ਨੇ ਕਿਹਾ, ‘‘ਜਦਕਿ ਔਰਤ ਡਰਾਈਵਰਾਂ ਦੇ ਮਾਮਲੇ ’ਚ ਸਮਾਨ-ਲਿੰਗ ਦਾ ਟਰੇਨਰ ਨਹੀਂ ਚੁਣਿਆ ਜਾ ਸਕਦਾ, ਪਰ ਕਈ ਸਮੱਸਿਆਵਾਂ ਨੂੰ ਘੱਟ ਕਰਨ ਜਾਂ ਖ਼ਤਮ ਕਰਨ ਦਾ ਬਦਲ ਵੀ ਹੈ, ਜਿਵੇਂ ਜਦੋਂ ਸੌਣ ਦਾ ਪ੍ਰਬੰਧ ਕਰਨਾ ਹੋਵੇ ਤਾਂ ਇੱਕ ਧਿਰ ਕੋਲ ਹੋਟਲ ਦਾ ਕਮਰੇ ਕਿਰਾਏ ’ਤੇ ਲੈ ਕੇ ਸੌਣ ਦੀ ਸਮਰੱਥਾ ਹੋਣੀ ਚਾਹੀਦੀ ਹੈ ਤਾਂ ਕਿ ਦੋਹਾਂ ਨੂੰ ਇੱਕ ਹੀ ਕੈਬ ’ਚ ਨਾ ਸੌਣਾ ਪਵੇ।’’

ਇਸ ਨਾਲ ਟਰੱਕਿੰਗ ਕੰਪਨੀਆਂ ਨੂੰ ਟੀਮ ਡਰਾਈਵਿੰਗ ਦੇ ਮੌਕਿਆਂ ਦਾ ਪ੍ਰਚਾਰ ਕਰਨ ਲਈ ਵੀ ਹੱਲਾਸ਼ੇਰੀ ਮਿਲਦੀ ਹੈ।

ਹੋਰਨਾਂ ਸਲਾਹਾਂ ’ਚ ਸ਼ਾਮਲ ਹੈ ਟਰੱਕਾਂ ਅੰਦਰ ਆਵਾਜ਼-ਆਧਾਰਤ ਕੈਮਰੇ ਅਤੇ ਸਲੀਪਰਾਂ ’ਚ ਪੈਨਿਕ ਬਟਨ ਲਗਾਉਣਾ, ਡੇਅ ਕੈਬ ਦਾ ਪ੍ਰਯੋਗ, ਵੱਖਰੇ ਰਿਹਾਇਸ਼ੀ ਪ੍ਰਬੰਧ, ਅਤੇ ਸੜਕ ’ਤੇ ਸਿਖਲਾਈ ਲਈ ਲੋਕਲ ਰੂਟਾਂ ਦਾ ਪ੍ਰਯੋਗ ਕਰਨਾ।