ਵੈਨਕੂਵਰ ਪੋਰਟ ਨੇ ਟਰੱਕ ਉਮਰ ਪਾਬੰਦੀ ਪ੍ਰੋਗਰਾਮ ਨੂੰ 3 ਅਪ੍ਰੈਲ, 2023 ਤੱਕ ਕੀਤਾ ਮੁਲਤਵੀ

ਪੋਰਟ ਆਫ਼ ਵੈਨਕੂਵਰ ਨੇ ਟਰੱਕ ਉਮਰ ਪਾਬੰਦੀ ਪ੍ਰੋਗਰਾਮ ਨੂੰ ਲਾਗੂ ਕਰਨ ਦੀ ਮਿਤੀ ਛੇ ਮਹੀਨੇ ਅੱਗੇ ਵਧਾ ਕੇ 3 ਅਪ੍ਰੈਲ, 2023 ਕਰ ਦਿੱਤੀ ਹੈ। ਇਸ ਬਾਰੇ 3 ਸਤੰਬਰ ਨੂੰ ਪੋਰਟ ਅਥਾਰਟੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ।

15 ਸਤੰਬਰ ਨੂੰ ਲਾਗੂ ਹੋਣ ਜਾ ਰਹੇ ਇਸ ਪ੍ਰੋਗਰਾਮ ਅਧੀਨ 2006 ਤੋਂ ਪਹਿਲਾਂ ਵਾਲੇ ਮਾਡਲਾਂ ਦੇ ਕੰਟੇਨਰ ਖਿੱਚਣ ਵਾਲੇ ਟਰੱਕਾਂ ’ਤੇ ਪਾਬੰਦੀ ਲਾ ਦਿੱਤੀ ਗਈ ਸੀ ਤਾਂ ਕਿ ਪ੍ਰਦੂਸ਼ਣ ਨੂੰ ਕਾਬੂ ਅਧੀਨ ਕੀਤਾ ਜਾ ਸਕੇ।

(ਫ਼ਾਈਲ ਫ਼ੋਟੋ : ਪੋਰਟ ਆਫ਼ ਵੈਨਕੂਵਰ)

ਟਰੱਕ ਲਾਇਸੰਸਿੰਗ ਸਿਸਟਮ (ਟੀ.ਐਲ.ਐਸ.) ਦੇ ਉਮੀਦਵਾਰਾਂ ਨੂੰ ਜਾਰੀ ਚਿੱਠੀ ’ਚ ਕਿਹਾ ਗਿਆ ਕਿ ਚਰਚਾ ਦੌਰਾਨ ਟਰਾਂਸਪੋਰਟ ਕੈਨੇਡਾ ਨੇ ਸੰਕੇਤ ਦਿੱਤਾ ਸੀ ਕਿ ਪ੍ਰੋਗਰਾਮ ’ਚ ਆਖ਼ਰੀ ਵਾਰੀ ਇਹ ਤਬਦੀਲੀ ਇਸ ’ਚ ਹੋਰ ਲਚੀਲਾਪਨ ਲਿਆਵੇਗੀ ਤਾਂ ਕਿ ਆਪਰੇਟਰ ਜ਼ਰੂਰਤਾਂ ਦੀ ਬਿਹਤਰ ਤਾਮੀਲ ਕਰ ਸਕਣ।

ਪੋਰਟ ਦੇ ਮਰੀਨ ਕੰਟੇਨਰ ਟਰਮੀਨਲਾਂ ’ਚ ਸੇਵਾ ਦੇਣ ਵਾਲੇ ਸਾਰੇ ਟਰੱਕਿੰਗ ਕਾਰੋਬਾਰਾਂ ਨੂੰ ਕੁੱਝ ਯੋਗਤਾ ਪੈਮਾਨੇ ਪੂਰੇ ਕਰਨੇ ਹੁੰਦੇ ਹਨ ਜਿਨ੍ਹਾਂ ’ਚ ਟਰੱਕ ਦੀ ਘੱਟ ਤੋਂ ਘੱਟ ਉਮਰ, ਸੁਰੱਖਿਆ, ਅਤੇ ਵਾਤਾਵਰਣ ਜ਼ਰੂਰਤਾਂ ਸ਼ਾਮਲ ਹੁੰਦੀਆਂ ਹਨ ਤਾਂ ਕਿ ਉਹ ਟੀ.ਐਲ.ਐਸ. ਅਧੀਨ ਫ਼ੈਡਰਲ ਮਲਕੀਅਤ ਅਧੀਨ ਪੋਰਟ ’ਚ ਦਾਖ਼ਲ ਹੋ ਸਕਣ।

ਯੂਨਾਈਟਡ ਟਰੱਕਿੰਗ ਐਸੋਸੀਏਸ਼ਨ (ਯੂ.ਟੀ.ਏ.) ਨੇ ਪ੍ਰੋਗਰਾਮ ਦਾ ਵਿਰੋਧ ਕੀਤਾ ਹੈ ਅਤੇ ਹੜਤਾਲ ਦੀ ਧਮਕੀ ਦਿੱਤੀ ਸੀ, ਪਰ 30 ਜੁਲਾਈ ਨੂੰ ਪੋਰਟ ਅਫ਼ਸਰਾਂ ਨਾਲ ਗੱਲਬਾਤ ਤੋਂ ਬਾਅਦ ਇਸ ਨੇ ਆਪਣੇ ਫ਼ੈਸਲੇ ਨੂੰ ਟਾਲ ਦਿੱਤਾ ਸੀ, ਜਿਸ ਨਾਲ ਪੱਛਮੀ ਕੰਢੇ ਦੀ ਇਸ ਵੱਡੀ ਫ਼ੈਸਿਲਿਟੀ ਦੇ ਬੰਦ ਪੈਣ ਦਾ ਖ਼ਤਰਾ ਟਲ ਗਿਆ ਸੀ।

ਯੂ.ਟੀ.ਏ. ਦੇ ਬੁਲਾਰੇ ਗਗਨ ਸਿੰਘ ਨੇ TruckNews.com ਨੂੰ ਕਿਹਾ ਕਿ ਗਰੁੱਪ ਇਸ ਪ੍ਰੋਗਰਾਮ ਨੂੰ ਖ਼ਤਮ ਕਰਨ ਲਈ ਕੋਸ਼ਿਸ਼ਾਂ ਜਾਰੀ ਰੱਖੇਗਾ ਅਤੇ ਇਸ ਬਾਰੇ ਸੰਸਦ ਮੈਂਬਰਾਂ ਨਾਲ ਵੀ ਗੱਲ ਕਰੇਗਾ।

ਉਨ੍ਹਾਂ ਕਿਹਾ, ‘‘ਅਸੀਂ ਹਰ ਮਹੀਨੇ ਮੀਟਿੰਗ ਕਰਾਂਗੇ, ਪਿੱਛੇ ਜਿਹੇ 3 ਸਤੰਬਰ ਨੂੰ ਹੋਈ ਮੀਟਿੰਗ ’ਚ ਲਗਭਗ 350 ਲੋਕ ਹਾਜ਼ਰ ਹੋਏ ਸਨ। ਅਗਲੀ ਮੀਟਿੰਗ 9 ਅਕਤੂਬਰ ਨੂੰ ਹੋਣ ਜਾ ਰਹੀ ਹੈ।’’

ਪੋੋਰਟ ਅਥਾਰਟੀ ਦਾ ਕਹਿਣਾ ਹੈ ਕਿ 1,800 ਕੰਟੇਨਰ ਟਰੱਕਾਂ ਦੇ 80% ਹਿੱਸੇ ਦੀ ਪ੍ਰਤੀਨਿਧਗੀ ਕਰਨ ਵਾਲੀਆਂ ਟਰੱਕਿੰਗ ਕੰਪਨੀਆਂ ਅਤੇ ਡਰਾਈਵਰ ਪਹਿਲਾਂ ਹੀ ਪ੍ਰੋਗਰਾਮ ਦੀ ਪਾਲਣਾ ਕਰਦੇ ਹਨ। ਅਥਾਰਟੀ ਅਨੁਸਾਰ 15 ਸਤੰਬਰ ਦੀ ਮਿਤੀ ਨਾਲ ਇੱਕ ਦਰਜਨ ਤੋਂ ਵੀ ਘੱਟ ਟਰੱਕ ਪ੍ਰਭਾਵਤ ਹੋਣਗੇ।