ਸ਼ਹਿਰੀ ਪ੍ਰਾਜੈਕਟਾਂ ਲਈ ਬੋਲੀਆਂ ਲਾਉਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਓ.ਡੀ.ਟੀ.ਏ. ਸਮਝੌਤੇ ’ਤੇ ਵਿਚਾਰ ਕਰੇਗਾ ਬਰੈਂਪਟਨ

Avatar photo

ਪ੍ਰੈੱਸ ਨੂੰ ਜਾਰੀ ਇੱਕ ਬਿਆਨ ਅਨੁਸਾਰ ਬਰੈਂਪਟਨ ਦੀ ਸਿਟੀ ਕੌਂਸਲ ਨੇ ਬੁੱਧਵਾਰ ਨੂੰ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਜਿਸ ’ਚ ਸਟਾਫ਼ ਨੂੰ ਅਪੀਲ ਕੀਤੀ ਗਈ ਹੈ ਕਿ, ਕੰਪਨੀਆਂ ਨੂੰ ਸ਼ਹਿਰੀ ਮੁਢਲਾ ਢਾਂਚਾ ਪ੍ਰਾਜੈਕਟਾਂ ’ਚ ਬੋਲੀ ਲਾਉਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ, ਇਹ ਯਕੀਨੀ ਕਰ ਲਿਆ ਜਾਵੇ ਕਿ ਓਂਟਾਰੀਓ ਡੰਪ ਟਰੱਕ ਐਸੋਸੀਏਸ਼ਨ (ਓ.ਡੀ.ਟੀ.ਏ.) ਦੇ ਮੁਢਲੇ ਸਮਝੌਤੇ ਨੂੰ ਧਿਆਨ ’ਚ ਰੱਖਿਆ ਗਿਆ ਹੈ।

ਕੌਂਸਲਰ ਗੁਰਪ੍ਰੀਤ ਢਿੱਲੋਂ ਵੱਲੋਂ ਪੇਸ਼ ਕੀਤੇ ਇਸ ਮਤੇ ਦਾ ਮੰਤਵ ਇਹ ਯਕੀਨੀ ਕਰਨਾ ਹੈ ਕਿ ਸਿਟੀ ਪ੍ਰਾਜੈਕਟਾਂ ’ਚ ਡਰਾਈਵਰਾਂ ਦੇ ਲੇਬਰ ਅਧਿਕਾਰ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਉਚਿਤ ਤਨਖ਼ਾਹਾਂ ਮਿਲ ਰਹੀਆਂ ਹਨ, ਅਤੇ ਸਟਾਫ਼ ਵੱਲੋਂ ਇਹ ਸੂਚਿਤ ਕਰਨਾ ਕਿ ਓ.ਡੀ.ਟੀ.ਏ. ਦੇ ਬੇਸਿਕ ਸਮਝੌਤੇ ਨੂੰ ਸ਼ਹਿਰ ਦੀ ਖ਼ਰੀਦ ਪ੍ਰਕਿਰਿਆ ’ਚ ਪੱਕੇ ਤੌਰ ’ਤੇ ਕਿਸ ਤਰ੍ਹਾਂ ਸ਼ਾਮਲ ਕੀਤਾ ਜਾਵੇ।

ਓ.ਡੀ.ਟੀ.ਏ. ਦੇ ਸੀਨੀਅਰ ਸਲਾਹਕਾਰ ਬੌਬ ਪੁਨੀਆ ਨੇ ਕਿਹਾ, ‘‘ਸਾਡੇ ਡਰਾਈਵਰਾਂ ਨੂੰ ਵੱਧ ਰਹੀਆਂ ਫ਼ਿਊਲ ਦੀਆਂ ਕੀਮਤਾਂ, ਆਰਾਮ ਕਰਨ ਦਾ ਸਮਾਂ ਨਾ ਦੇਣਾ, ਪਖਾਨਿਆਂ ਤੱਕ ਪਹੁੰਚ ਨਾ ਹੋਣਾ, ਅਤੇ ਚਲ ਰਹੀਆਂ ਸੁਰੱਖਿਆ ਚਿੰਤਾਵਾਂ ਦਾ ਸਾਹਮਣਾ ਕਰਨਾ ਪੈ ਰਿਹੈ। ਬਰੈਂਪਟਨ ਸਿਟੀ ਕੌਂਸਲ ਦਾ ਇਹ ਮਤਾ ਹਜ਼ਾਰਾਂ ਮੈਂਬਰਾਂ ਦੇ ਹੱਕ ’ਚ ਮਹੱਤਵਪੂਰਨ ਕਦਮ ਹੈ ਜੋ ਕਿ ਕੰਮਕਾਜ ਦੀਆਂ ਥਾਵਾਂ ’ਤੇ ਬਰਾਬਰੀ ਅਤੇ ਮਾਣ-ਸਨਮਾਨ ਦੀ ਮੰਗ ਕਰ ਰਹੇ ਹਨ।’’

ਢਿੱਲੋਂ ਨੇ ਕਿਹਾ, ‘‘ਮੈਂ ਸਿਟੀ ਕੌਂਸਲ ’ਚ ਆਪਣੇ ਸਹਿਯੋਗੀਆਂ ਵੱਲੋਂ ਵਰਕਰਾਂ ਦੇ ਹੱਕਾਂ ਲਈ ਆਵਾਜ਼ ਚੁੱਕਣ ਦੀ ਮਹੱਤਤਾ ਪਛਾਣ ਲੈਣ ਨੂੰ ਵੇਖ ਕੇ ਬਹੁਤ ਖ਼ੁਸ਼ ਹਾਂ। ਮਤਾ ਇਹ ਯਕੀਨੀ ਕਰਨ ਵਲ ਮਹੱਤਵਪੂਰਨ ਕਦਮ ਹੈ ਕਿ ਬਰੈਂਪਟਨ ਵੱਲੋਂ ਫ਼ੰਡ ਕੀਤੇ ਮੁਢਲਾ ਢਾਂਚਾ ਪ੍ਰਾਜੈਕਟ ਇਨ੍ਹਾਂ ਮਹੱਤਵਪੂਰਨ ਵਰਕਰਾਂ ਲਈ ਮਾਣਯੋਗ ਹਨ ਜੋ ਕਿ ਸਾਡੇ ਸ਼ਹਿਰਾਂ ਦੀ ਉਸਾਰੀ ਕਰਦੇ ਹਨ।’’

(ਤਸਵੀਰ: ਲੀਓ ਬਾਰੋਸ)

ਓ.ਡੀ.ਟੀ.ਏ. ਮੈਂਬਰ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਆਪਣੇ ਲੇਬਰ ਅਧਿਕਾਰਾਂ, ਉਚਿਤ ਤਨਖ਼ਾਹਾਂ ਅਤੇ ਮੁਆਵਜ਼ੇ ਦੀ ਵਕਾਲਤ ਕਰਨ ਲਈ ਲੰਮੇ ਸਮੇਂ ਤੋਂ ਆਵਾਜ਼ ਚੁੱਕ ਰਹੇ ਹਨ, ਅਤੇ ਸੁਰੱਖਿਆ ਦੇ ਮਸਲਿਆਂ ’ਤੇ ਰੌਸ਼ਨੀ ਪਾ ਰਹੇ ਹਨ। ਇੱਕ ਓ.ਡੀ.ਟੀ.ਏ. ਮੈਂਬਰ ਨੂੰ 25 ਮਾਰਚ ਨੂੰ ਵੋਅਨ, ਓਂਟਾਰੀਓ ’ਚ ਹੋਏ ਇੱਕ ਪ੍ਰਦਰਸ਼ਨ ਦੌਰਾਨ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ।

ਪੁਨੀਆ ਨੇ ਕਿਹਾ, ‘‘ਅਸੀਂ ਹੋਰ ਮਿਊਂਸੀਪਲਟੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਓ.ਡੀ.ਟੀ.ਏ. ਮੈਂਬਰਾਂ ਦੇ ਹੱਕਾਂ ਦੀ ਸੁਰੱਖਿਆ ਕਰਨ ਲਈ ਅਤੇ ਮਿਊਂਸੀਪਲ ਪ੍ਰਾਜੈਕਟਾਂ ਵੱਲੋਂ ਲੇਬਰ ਅਧਿਕਾਰਾਂ ਦਾ ਮਾਣ ਕਰਨ ਅਤੇ ਉਚਿਤ ਤਨਖ਼ਾਹਾਂ ਮੁਹੱਈਆ ਕਰਵਾਉਣ ਬਾਰੇ ਬਰੈਂਪਟਨ ਸਿਟੀ ਕੌਂਸਲ ਦੀ ਲੀਡਰਸ਼ਿਪ ਤੋਂ ਸੇਧ ਲੈਣ। ਇਹ ਕਦਮ ਲੇਬਰ ਦੀ ਕਮੀ ਅਤੇ ਉਸਾਰੀਆਂ ਦੀ ਉੱਚ ਮੰਗ ਦੇ ਦੌਰ ’ਚ ਉਦਯੋਗ ਅੰਦਰ ਲੰਮੇ ਸਮੇਂ ਦੀ ਸਥਿਰਤਾ ਲਿਆਉਣਗੇ।’’