ਸਪਲਾਈ ਚੇਨ ਕਮੀਆਂ ਕਰਕੇ ਤਣਾਅ ’ਚ ਹਨ ਕੈਨੇਡੀਅਨ : ਸਰਵੇ

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਵੱਲੋਂ ਕਰਵਾਏ ਇੱਕ ਸਰਵੇਖਣ ’ਚ ਸਾਹਮਣੇ ਆਇਆ ਹੈ ਕਿ ਸਪਲਾਈ ਚੇਨ ’ਚ ਖਲਲ ਪੈਣ ਕਰਕੇ ਕੈਨੇਡੀਅਨ ਲੋਕਾਂ ਦੀਆਂ ਚਿੰਤਾਵਾਂ ਇਸ ਬਾਰੇ ਵਧਦੀਆਂ ਜਾ ਰਹੀਆਂ ਹਨ ਕਿ ਕੀ ਉਨ੍ਹਾਂ ਨੂੰ ਲੋੜੀਂਦੇ ਉਤਪਾਦ ਮਿਲਦੇ ਵੀ ਰਹਿਣਗੇ।

grocery store
(ਤਸਵੀਰ: ਆਈਸਟਾਕ)

ਨੈਨੋਜ਼ ਵੱਲੋਂ ਕੀਤੇ ਸਰਵੇ ’ਚ 85 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਚਿੰਤਾ ਸੀ ਜਾਂ ਕੁੱਝ ਕੁ ਚਿੰਤਾ ਸੀ ਕਿ ਉਨ੍ਹਾਂ ਨੂੰ ਉਤਪਾਦ ਮਿਲਦੇ ਰਹਿਣਗੇ। ਛੇਤੀ ਖ਼ਰਾਬ ਹੋਣ ਵਾਲੀਆਂ ਵਸਤਾਂ ਬਾਰੇ ਵਿਸ਼ੇਸ਼ ਕਰਕੇ ਚਿੰਤਾ ਵੇਖਣ ਨੂੰ ਮਿਲੀ।

ਸਰਵੇ ਕੀਤੇ ਲੋਕਾਂ ’ਚੋਂ ਦੋ ਤਿਹਾਈ ਨੇ ਕਿਹਾ ਕਿ ਉਨ੍ਹਾਂ ਨੂੰ ਭੋਜਨ ਵਰਗੀਆਂ, ਛੇਤੀ ਖ਼ਰਾਬ ਹੋਣ ਵਾਲੀਆਂ ਮੂਲ ਵਸਤਾਂ ਦੀ ਪ੍ਰਾਪਤੀ ’ਚ ਦੇਰੀ ਜਾਂ ਕਮੀ ਦਾ ਸਾਹਮਣਾ ਕਰਨਾ ਪਿਆ ਹੈ। 13 ਫ਼ੀਸਦੀ ਨੇ ਕਿਹਾ ਕਿ ਇਹ ਨਿਰੰਤਰ ਚਲਦਾ ਰਹਿੰਦਾ ਹੈ ਅਤੇ 55% ਫ਼ੀਸਦੀ ਨੇ ਕਿਹਾ ਕਿ ਇਹ ਕਦੇ-ਕਦਾਈਂ ਹੁੰਦਾ ਹੈ।

ਇਸ ਕਿਸਮ ਦੀ ਕਮੀ ਦਾ ਅਕਸਰ ਅਤੇ ਨਿਰੰਤਰ ਸਾਹਮਣਾ ਬ੍ਰਿਟਿਸ਼ ਕੋਲੰਬੀਆ(17%), ਤੋਂ ਬਾਅਦ ਪ੍ਰੇਅਰੀਜ਼ (14%) ਅਤੇ ਓਂਟਾਰੀਓ (13%) ’ਚ ਸਥਿਤ ਲੋਕਾਂ ਨੂੰ ਕਰਨਾ ਪਿਆ। ਪਰ ਅਟਲਾਂਟਿਕ ਕੈਨੇਡਾ ’ਚ ਸਥਿਤ ਲੋਕਾਂ ਨੂੰ ਅਜਿਹੀਆਂ ਕਮੀਆਂ (71%) ਦਾ ਸਾਹਮਣਾ ਕਦੇ-ਕਦਾਈਂ ਕਰਨਾ ਪਿਆ, ਜਿਸ ਤੋਂ ਬਾਅਦ ਓਂਟਾਰੀਓ (58%) ਅਤੇ ਬ੍ਰਿਟਿਸ਼ ਕੋਲੰਬੀਆ(56%) ਦਾ ਸਥਾਨ ਰਿਹਾ।

55 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਅਤੇ ਕੈਨੇਡੀਅਨ ਲੋਕਾਂ ਵਿਚਕਾਰ ਸਪਲਾਈ ਚੇਨ ਨੂੰ ਲੈ ਕੇ ਚਿੰਤਾ ਵਿਸ਼ੇਸ਼ ਤੌਰ ’ਤੇ ਵੱਧ ਸੀ। 18 ਤੋਂ 35 ਸਾਲ ਦੀ ਉਮਰ ਵਿਚਕਾਰ ਲੋਕਾਂ ਨੂੰ ਸਪਲਾਈ ਚੇਨ ਦੀਆਂ ਚੁਨੌਤੀਆਂ ਬਾਰੇ ਚਿੰਤਾ ਜਾਂ ਕੁੱਝ ਕੁ ਚਿੰਤਾ ਸੀ, ਜਦਕਿ 55 ਸਾਲ ਤੋਂ ਵੱਧ ਉਮਰ ਦੇ 90% ਲੋਕਾਂ ਨੂੰ ਇਹ ਚਿੰਤਾ ਸਤਾ ਰਹੀ ਹੈ।

89% ਔਰਤਾਂ ਨੇ ਕਿਹਾ ਕਿ ਉਹ ਚਿੰਤਤ ਹਨ ਜਾਂ ਕੁੱਝ ਕੁ ਚਿੰਤਤ ਹਨ, ਜਦਕਿ 80% ਮਰਦਾਂ ਨੇ ਇਹ ਚਿੰਤਾ ਪ੍ਰਗਟ ਕੀਤੀ।

ਕੁੱਲ ਮਿਲਾ ਕੇ, 63% ਲੋਕ ਸੋਚਦੇ ਹਨ ਕਿ ਟਰੱਕਿੰਗ ’ਚ ਲੇਬਰ ਦੀ ਕਮੀ ਮਹਿੰਗਾਈ ਵਧਾਉਣ ’ਚ ਯੋਗਦਾਨ ਦੇ ਰਹੀ ਹੈ। ਮਹਿੰਗਾਈ ਨੂੰ ਲੇਬਰ ਦੀ ਕਮੀ ਨਾਲ ਜੋੜਨ ਦੀ ਸਭ ਤੋਂ ਜ਼ਿਆਦਾ ਸੰਭਾਵਨਾ ਕਿਊਬੇੱਕ ਦੇ ਲੋਕਾਂ (69%) ’ਚ ਸੀ, ਜਿਸ ਤੋਂ ਬਾਅਦ ਓਂਟਾਰੀਓ (62%) ਅਤੇ ਬ੍ਰਿਟਿਸ਼ ਕੋਲੰਬੀਆ (60%) ਦੇ ਲੋਕਾਂ ਦਾ ਨੰਬਰ ਹੈ।

ਟਰੱਕਿੰਗ ਐਚ.ਆਰ. ਕੈਨੇਡਾ ਨੇ ਕਿਹਾ ਕਿ ਟਰੱਕਿੰਗ ਉਦਯੋਗ ’ਚ ਇਸ ਵੇਲੇ ਖ਼ਾਲੀ ਟਰੱਕਿੰਗ ਡਰਾਈਵਿੰਗ ਆਸਾਮੀਆਂ ਦੀ ਗਿਣਤੀ ਲਗਭਗ 23,000 ਹੈ ਅਤੇ 2024 ਤੱਕ ਇਹ ਕਮੀ 55,000 ਹੋ ਸਕਦੀ ਹੈ।

ਪਰ ਟਰੱਕਿੰਗ ਦੀ ਮਹੱਤਤਾ ਬਾਰੇ ਵਿਚਾਰ ਕਥਿਤ ਆਜ਼ਾਦੀ ਕਾਫ਼ਿਲੇ ਦੇ ਪ੍ਰਦਰਸ਼ਨਾਂ ਨੂੰ ਵੇਖਦਿਆਂ ਹੇਠਾਂ ਡਿੱਗੇ ਹਨ। ਸਰਵੇ ਕੀਤੇ ਗਏ ਲੋਕਾਂ ’ਚੋਂ 77% ਨੇ ਕੈਨੇਡਾ ਦੀ ਖ਼ੁਸ਼ਹਾਲੀ ’ਚ ਟਰੱਕਿੰਗ ਦੇ ਯੋਗਦਾਨ ਨੂੰ ਸਾਕਾਰਾਤਮਕ ਰੇਟਿੰਗ ਦਿੱਤੀ, ਪਰ ਇਹ ਨਵੰਬਰ 2021 ’ਚ 88% ਤੋਂ ਹੇਠਾਂ ਡਿੱਗੀ ਹੈ।

ਸੀ.ਟੀ.ਏ. ਨੇ ਇੱਕ ਸੰਬੰਧਤ ਪ੍ਰੈੱਸ ਰਿਲੀਜ਼ ’ਚ ਕਿਹਾ, ‘‘ਇਸ ਸਾਲ ਦੀ ਸ਼ੁਰੂਆਤ ’ਚ ਮੀਡੀਆ ਵੱਲੋਂ ਬਾਰਡਰ ਅਤੇ ਓਟਾਵਾ ਪ੍ਰਦਰਸ਼ਨਾਂ ਨੂੰ ਨਾਕਾਰਾਤਮਕ ਤਰੀਕੇ ਨਾਲ ਵਿਖਾਏ ਜਾਣ ਦੇ ਬਾਵਜੂਦ ਵੱਡੀ ਗਿਣਤੀ ’ਚ ਕੈਨੇਡੀਅਨ ਲੋਕ ਸਾਡੇ ਸਮਾਜ ਲਈ ਟਰੱਕ ਉਦਯੋਗ ਦੀ ਮਹੱਤਤਾ ਨੂੰ ਮਨਜ਼ੂਰ ਕਰ ਰਹੇ ਹਨ।’’

‘‘ਮਹਾਂਮਾਰੀ ਦਾ ਮੁਕਾਬਲਾ ਕਰਨ ਦੀ ਰਣਨੀਤੀ ’ਚ ਸ਼ੁਰੂਆਤ ਤੋਂ ਹੀ ਮੂਹਰੇ ਰਹਿਣ ਕਰਕੇ ਲੋਕਾਂ ਦੀ ਭਰਵੀਂ ਵਾਹਵਾਹੀ ਖੱਟਣ ਤੋਂ ਬਾਅਦ ਹੁਣ ਲੋਕਾਂ ਦੀ ਪਸੰਦ ’ਚ ਕਮੀ ਆਉਣ ਬਾਰੇ ਕੁਦਰਤੀ ਤੌਰ ’ਤੇ ਉਮੀਦ ਕੀਤੀ ਜਾ ਸਕਦੀ ਹੈ।’’

ਸੀ.ਟੀ.ਏ. ਦੇ ਪ੍ਰੈਜ਼ੀਡੈਂਟ ਸਟੀਫ਼ਨ ਲੈਸਕੋਅਸਕੀ ਨੇ ਕਿਹਾ, ‘‘ਪੇਸ਼ੇਵਰ ਟਰੱਕ ਡਰਾਈਵਰਾਂ ਦੀ ਵੱਧ ਰਹੀ ਕਮੀ ਸਪਲਾਈ ਚੇਨ ’ਤੇ ਨਾਕਾਰਾਤਮਕ ਅਸਰ ਪਾ ਰਹੀ ਹੈ ਅਤੇ ਇਸ ਨਾਲ ਕੈਨੇਡਾ ਦੀ ਆਰਥਿਕ ਰਿਕਵਰੀ ਵੀ ਪ੍ਰਭਾਵਤ ਹੋ ਰਹੀ ਹੈ। ਕੈਨੇਡੀਅਨ ਲੋਕਾਂ ’ਤੇ ਅਤੇ ਜਿਨ੍ਹਾਂ ਕਾਰੋਬਾਰਾਂ ’ਤੇ ਉਹ ਨਿਰਭਰ ਕਰਦੇ ਹਨ ਉਨ੍ਹਾਂ ’ਤੇ ਆਰਥਕ ਤਣਾਅ ਨੂੰ ਖ਼ਤਮ ਕਰਨ ਲਈ ਛੇਤੀ ਕਾਰਵਾਈ ਕਰਨਾ ਬਹੁਤ ਮਹੱਤਵਪੂਰਨ ਹੈ, ਤਾਂ ਕਿ ਉਹ ਸੁਰੱਖਿਅਤ, ਸਲਾਮਤ ਰਹਿਣ ਅਤੇ ਆਰਥਿਕਤਾ ਚਲਦੀ ਰਹੇ।’’