ਸਪਲਾਈ ਚੇਨ ਟਾਸਕ ਫ਼ੋਰਸ ਦੀ ਅੰਤਮ ਰਿਪੋਰਟ ’ਚ 21 ਅਮਲ ਅਪਨਾਉਣ ਦੀ ਸਲਾਹ

ਫ਼ੈਡਰਲ ਟਰਾਂਸਪੋਰਟ ਮੰਤਰੀ ਓਮਰ ਐਲਗਾਬਰਾ ਨੇ 6 ਅਕਤੂਬਰ ਨੂੰ ਰੋਜ਼ਡੇਲ ਟਰਾਂਸਪੋਰਟ ’ਚ ਫੇਰੀ ਪਾਈ ਜਿੱਥੇ ਉਨ੍ਹਾਂ ਨੈਸ਼ਨਲ ਸਪਲਾਈ ਚੇਨ ਟਾਸਕ ਫ਼ੋਰਸ ਦੀ ਅੰਤਮ ਰਿਪੋਰਟ ਦਾ ਸਵਾਗਤ ਕੀਤਾ। ਇਸ ਰਿਪੋਰਟ ’ਚ ਕੈਨੇਡਾ ਦੀ ਸਪਲਾਈ ਚੇਨ ਦੀਆਂ ਰੁਕਾਵਟਾਂ ਖ਼ਤਮ ਕਰਨ ਲਈ 21 ਅਮਲ ਪੇਸ਼ ਕੀਤੇ ਗਏ ਹਨ।

supply chain image
(ਤਸਵੀਰ: ਆਈਸਟਾਕ)

ਰਿਪੋਰਟ ’ਚ ਜਿਨ੍ਹਾਂ ਅਮਲਾਂ ਨੂੰ ਪਹਿਲ ਦਿੱਤੀ ਗਈ ਹੈ ਉਨ੍ਹਾਂ ’ਚ ਪੋਰਟ ’ਤੇ ਭੀੜ ਘਟਾਉਣਾ, ਲੇਬਰ ਦੀ ਕਮੀ ਦਾ ਹੱਲ ਕਰਨਾ, ਸਰਹੱਦੀ ਲਾਂਘਿਆਂ ਅਤੇ ਟਰੇਡ ਕੋਰੀਡੋਰਸ ਨੂੰ ਵਿਘਨ ਤੋਂ ਮੁਕਤ ਰੱਖਣਾ, ਅਤੇ ਕੌਮੀ ਸਪਲਾਈ ਚੇਨ ਰਣਨੀਤੀ ਵਿਕਸਤ ਕਰਨਾ ਹੈ।

ਐਲਗਾਬਰਾ ਨੇ ਇੱਕ ਪ੍ਰੈੱਸ ਰਿਲੀਜ਼ ’ਚ ਕਿਹਾ, ‘‘ਸਾਡੀ ਸਰਕਾਰ ਦੀ ਪਹਿਲ ਇਹ ਯਕੀਨੀ ਕਰਨਾ ਰਹੀ ਹੈ ਕਿ ਕੈਨੇਡੀਅਨ ਲੋਕ ਜ਼ਰੂਰਤ ਦੀਆਂ ਵਸਤਾਂ ਪ੍ਰਾਪਤ ਕਰਦੇ ਰਹਿਣ। ਪਿਛਲੇ ਕਈ ਮਹੀਨਿਆਂ ਦੌਰਾਨ ਮੈਂ ਕਈ ਸਪਲਾਈ ਚੇਨ ਪਾਰਟਨਰਾਂ ਨਾਲ ਮੁਲਾਕਾਤ ਕੀਤੀ ਹੈ ਅਤੇ ਜਨਤਕ ਤੇ ਨਿਜੀ ਖੇਤਰ ਦੇ ਸਹਿਯੋਗ ’ਚ ਚੁਨੌਤੀਆਂ ਅਤੇ ਰਣਨੀਤੀਆਂ ਬਾਰੇ ਗੱਲਬਾਤ ਕੀਤੀ ਹੈ ਤਾਂ ਕਿ ਸਾਡੀ ਸਪਲਾਈ ਚੇਨ ’ਚ ਪੇਸ਼ ਆ ਰਹੀਆਂ ਤੰਗੀਆਂ ਦਾ ਹੱਲ ਕੀਤਾ ਜਾ ਸਕੇ।’’

‘‘ਕੈਨੇਡੀਅਨ ਸਪਲਾਈ ਚੇਨ ਦੀ ਸਮਰੱਥਾ ਅਤੇ ਭਰੋਸੇਯੋਗਤਾ ਯਕੀਨੀ ਕਰਨ ਲਈ ਹੱਲ ਲੱਭਣ ਲਈ ਸਾਡਾ ਕੰਮ ਜਾਰੀ ਹੈ। ਮੈਂ ਨੈਸ਼ਨਲ ਸਪਲਾਈ ਚੇਨ ਟਾਸਕ ਫ਼ੋਰਸ ਵੱਲੋਂ ਵੀ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਕੈਨੇਡਾ ਵੱਲੋਂ ਆਪਣੀ ਰਾਸ਼ਟਰੀ ਸਪਲਾਈ ਚੇਨ ਰਣਨੀਤੀ ਤਿਆਰ ਕਰ ਲੈਣ ਮਗਰੋਂ, ਟਾਸਕ ਫ਼ੋਰਸ ਦੀ ਇਹ ਅੰਤਮ ਰਿਪੋਰਟ ਅਣਮੁੱਲੀ ਸਾਬਤ ਹੋਵੇਗੀ।’’

ਗੱਲਬਾਤ ’ਚ ਸ਼ਾਮਲ ਇੱਕ ਹਿੱਤਧਾਰਕ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਰਿਪੋਰਟ ’ਚ ਟਰੱਕਿੰਗ-ਵਿਸ਼ੇਸ਼ ਸਲਾਹਾਂ ਦਾ ਸਵਾਗਤ ਕੀਤਾ ਹੈ।

ਇਨ੍ਹਾਂ ’ਚ ਸ਼ਾਮਲ ਹਨ: ਆਵਾਜਾਈ ਉਦਯੋਗ ’ਚ ਆਰਜ਼ੀ ਵਿਦੇਸ਼ੀ ਕਾਮਾ ਪ੍ਰੋਗਰਾਮ ਦਾ ਵਿਸਤਾਰ; ਟਰੱਕ ਡਰਾਈਵਰਾਂ ਦੀ ਸਿਖਲਾਈ ਲਈ ਫ਼ੰਡਿੰਗ ’ਚ ਮੱਦਦ; ਨਿਊ ਬਰੰਸਵਿਕ ਅਤੇ ਕਿਊਬੈੱਕ ਵਿਚਕਾਰ ਹਾਈਵੇ 185 ਨੂੰ ਦੋਹਰੀ ਲੇਨ ਵਾਲਾ ਕਰਨਾ ਤਾਂ ਲੋਂਗ ਕੰਬੀਨੇਸ਼ਨ ਗੱਡੀਆਂ ਦਾ ਵੱਧ ਪ੍ਰਯੋਗ ਹੋ ਸਕੇ; ਫ਼ਾਸਟ ਇਨਰੋਲਮੈਂਟ ਸੈਂਟਰਾਂ ਨੂੰ ਮੁੜ ਖੋਲ੍ਹਣਾ; ਕਮਰਸ਼ੀਅਲ ਲੋਡ ਦੀ ਤੇਜ਼ ਪ੍ਰੋਸੈਸਿੰਗ ਲਈ ਕੈਨੇਡੀਅਨ ਫ਼ੂਡ ਇੰਸਪੈਕਸ਼ਨ ਏਜੰਸੀ ਸਰਵੀਸਿਜ਼ ਦਾ ਵਿਸਤਾਰ; ਅਤੇ ਹਾਈਵੇਜ਼ ਅਤੇ ਟਰੇਡ ਕੋਰੀਡੋਰਜ਼ ਨੂੰ ਧਰਨੇ ਅਤੇ ਪ੍ਰਦਰਸ਼ਨਾਂ ਵਰਗੀਆਂ ਰੁਕਾਵਟਾਂ ਤੋਂ ਮਹਿਫ਼ੂਜ਼ ਰਖਣਾ।

ਕੈਰੀਅਰਸ ਨਾਲ ਮੁਲਾਕਾਤ

ਰਿਪੋਰਟ ਜਾਰੀ ਹੋਣ ਮਗਰੋਂ ਕਈ ਕੈਰੀਅਰਸ ਨੇ ਐਲਗਾਬਰਾ ਨਾਲ ਰੋਜ਼ਡੇਲ ਟਰਾਂਸਪੋਰਟ ਵਿਖੇ ਮੁਲਾਕਾਤ ਕੀਤੀ। ਰੋਜ਼ਡੇਲ ਦੇ ਪ੍ਰੈਜ਼ੀਡੈਂਟ ਰੌਲੀ ਉਲੋਥ ਨੇ ਕਿਹਾ, ‘‘ਮੰਤਰੀ ਐਲਗਾਬਰਾ ਸਾਡੇ ਬਹੁਤ ਚੰਗੇ ਸਾਥੀ ਰਹੇ ਹਨ ਅਤੇ ਮਹਾਂਮਾਰੀ ਦੇ ਪੂਰੇ ਸਮੇਂ ਦੌਰਾਨ ਉਦਯੋਗ ਦੀ ਹਮਾਇਤ ਕਰਦੇ ਰਹੇ ਹਨ। ਕਈ ਹੋਰਨਾਂ ਖੇਤਰਾਂ ਵਾਂਗ ਸਾਡੇ ਖੇਤਰ ਨੂੰ ਵੀ ਪਿਛਲੇ ਦੋ-ਢਾਈ ਸਾਲਾਂ ਤੋਂ ਕਈ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਸਪਲਾਈ ਚੇਨ ਰਿਪੋਰਟ ’ਚ ਲਿਖੀਆਂ ਸਿਫ਼ਾਰਸ਼ਾਂ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਇਸ ਨਾਲ ਸਪਲਾਈ ਚੇਨ ਨੂੰ ਕਾਫ਼ੀ ਸਹਾਰਾ ਮਿਲੇਗਾ ਅਤੇ ਬਹੁਤ ਸਾਰੇ ਕਾਰੋਬਾਰਾਂ ਨੂੰ ਪੇਸ਼ ਆ ਰਹੀਆਂ ਤੰਗੀਆਂ ਅਤੇ ਰੁਕਾਵਟਾਂ ਤੋਂ ਮੁਕਤੀ ਮਿਲੇਗੀ।’’

ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ਼ ਕੈਨੇਡਾ (ਪੀ.ਐਮ.ਟੀ.ਸੀ.) ਨੇ ਵੀ ਇਸ ਦੀਆਂ ਸਿਫ਼ਾਰਸ਼ਾਂ ਨੂੰ ਸ਼ਾਮਲ ਕਰਨ ਲਈ ਟਾਸਕ ਫ਼ੋਰਸ ਦਾ ਧੰਨਵਾਦ ਕੀਤਾ।

ਪੀ.ਐਮ.ਟੀ.ਸੀ. ਦੇ ਪ੍ਰੈਜ਼ੀਡੈਂਟ ਮਾਈਕ ਮਿਲੀਅਨ ਨੇ ਕਿਹਾ, ‘‘ਭਾਵੇਂ ਪੀ.ਐਮ.ਟੀ.ਸੀ. ਦੀਆਂ ਸਾਰੀਆਂ ਮੰਗਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ, ਫਿਰ ਵੀ ਅਸੀਂ ਇਸ ਰਿਪੋਰਟ ਨੂੰ ਇੱਕ ਬਹੁਤ ਸਾਕਾਰਾਤਮਕ ਕਦਮ ਮੰਨਦੇ ਹਾਂ ਜਿਸ ’ਚ ਕਈ ਵਧੀਆ ਸਿਫ਼ਾਰਸ਼ਾਂ ਸ਼ਾਮਲ ਕੀਤੀਆਂ ਗਈਆਂ ਹਨ ਜੋ ਕਿ ਸਾਡੇ ਬੰਦਰਗਾਹਾਂ, ਹਵਾਈ ਅੱਡਿਆਂ ਅਤੇ ਸੜਕਾਂ ’ਤੇ ਭੀੜ ਨੂੰ ਘੱਟ ਕਰਨ ’ਚ ਮੱਦਦ ਕਰ ਸਕਦੀਆਂ ਹਨ, ਅਤੇ ਨਾਲ ਹੀ ਸਪਲਾਈ ਚੇਨ ਦੀਆਂ ਕੁੱਝ ਮਹੱਤਵਪੂਰਨ ਕਮੀਆਂ ਦਾ ਹੱਲ ਕਰ ਸਕਦੀਆਂ ਹਨ।’’

ਟੀਮਸਟਰਸ ਨੇ ਚਿੰਤਾ ਪ੍ਰਗਟਾਈ

ਟੀਮਸਟਰਸ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਟਾਸਕ ਫ਼ੋਰਸ ਸਹੀ ਦਿਸ਼ਾ ਵੱਲ ਜਾ ਰਹੀ ਹੈ, ਪਰ ਯੂਨੀਅਨ ਨੇ ਇਸ ਗੱਲ ’ਤੇ ਚਿੰਤਾ ਪ੍ਰਗਟਾਈ ਹੈ ਕਿ ਇਨ੍ਹਾਂ ਸਿਫ਼ਾਰਸ਼ਾਂ ਨਾਲ ਉਸ ਦੇ ਮੈਂਬਰਾਂ ਦੀ ਹੜਤਾਲ ਕਰਨ ਦੀ ਸਮਰੱਥਾ ਪ੍ਰਭਾਵਤ ਹੋਵੇਗੀ।

ਟੀਮਸਟਰ ਕੈਨੇਡਾ ਦੇ ਪ੍ਰੈਜ਼ੀਡੈਂਟ ਫ਼ਰਾਂਸੁਆ ਲਾਪੋਰਟ ਨੇ ਕਿਹਾ, ‘‘ਟੀਮਸਟਰਸ ਕੈਨੇਡਾ ਲਗਾਤਾਰ ਕਹਿੰਦਾ ਆ ਰਿਹਾ ਹੈ ਕਿ ਟਰੱਕਿੰਗ ਨੂੰ ਇੱਕ ਸਕਿੱਲਡ ਟਰੇਡ ਵਜੋਂ ਪਛਾਣਿਆ ਜਾਵੇ ਤਾਂ ਕਿ ਸ਼ਾਗਿਰਦੀ ਦੇਣ ਨਾਲ ਸਿਖਲਾਈ ਦੀ ਲਾਗਤ ਨੂੰ ਘੱਟ ਕੀਤਾ ਜਾ ਸਕੇ ਅਤੇ ਇਸ ਜ਼ਰੂਰੀ ਕੰਮ ਨੂੰ ਕਰਨ ਲਈ ਲੋੜੀਂਦੀ ਕੀਮਤ ਅਤੇ ਸਮਰਥਾਵਾਂ ’ਤੇ ਜ਼ੋਰ ਦਿੱਤਾ ਜਾ ਸਕੇ। ਰਿਪੋਰਟ ’ਚ ਅਜਿਹੀ ਕੋਈ ਸਲਾਹ ਨਹੀਂ ਦਿੱਤੀ ਗਈ ਹੈ ਪਰ ਇਸ ’ਚ ਸਿਖਲਾਈ ਦੀ ਕੀਮਤ ਨੂੰ ਇਸ ਮਹੱਤਵਪੂਰਨ ਉਦਯੋਗ ’ਚ ਦਾਖ਼ਲ ਹੋਣ ਦੇ ਰਾਹ ’ਚ ਵੱਡਾ ਰੇੜਕਾ ਜ਼ਰੂਰ ਮੰਨਿਆ ਗਿਆ ਹੈ।’’

‘‘ਸਾਨੂੰ ਕੌਮਾਂਤਰੀ ਸਪਲਾਈ ਚੇਨ ਨੂੰ ਖੋਖਲਾ ਕਰ ਰਹੇ ਅਸਲ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰਨਾ ਪਵੇਗਾ। ਮੁਫ਼ਤ ਸਮੂਹਕ ਸੌਦੇਬਾਜ਼ੀ ਸਪਲਾਈ ਚੇਨ ਦੀ ਨਿਰੰਤਰਤਾ ’ਚ ਕੋਈ ਰੁਕਾਵਟ ਨਹੀਂ ਹੈ, ਪਰ ਇਹ ਰਿਪੋਰਟ ਕੁੱਝ ਹੋਰ ਹੀ ਕਹਿੰਦੀ ਹੈ। ਅਖ਼ੀਰ, ਯੂਨੀਅਨਾਂ ਅਤੇ ਰੋਜ਼ਾਨਾ ਦੇ ਵਰਕਿੰਗ-ਕਲਾਸ ਕੈਨੇਡੀਅਨ ਪਰਿਵਾਰ ਦੁਨੀਆਂ ’ਚ ਚਲ ਰਹੀ ਤਰਥੱਲੀ ਦਾ ਸਰੋਤ ਨਹੀਂ ਹਨ। ਸਾਡੇ ਹੱਕਾਂ ’ਤੇ ਹਮਲਾ ਕਰਨ ਨਾਲ ਇਸ ਸੰਕਟ ਦਾ ਹੱਲ ਨਹੀਂ ਨਿਕਲੇਗਾ।’’