ਸੀ.ਆਰ.ਏ. ਨੇ ਭੋਜਨ ਭੱਤੇ ਦੀ ਹੱਦ ਵਧਾਈ

ਕੈਨੇਡਾ ਰੈਵੀਨਿਊ ਏਜੰਸੀ (ਸੀ.ਆਰ.ਏ.) ਨੇ ਉਹ ਦਰ ਬਦਲ ਦਿੱਤੀ ਹੈ ਜਿਸ ‘ਤੇ ਡਰਾਈਵਰ ਭੋਜਨ ਖ਼ਰਚਿਆਂ ਦਾ ਦਾਅਵਾ ਕਰ ਸਕਦੇ ਹਨ। ਸਰਲੀਕਰਨ ਤਰੀਕੇ ਨਾਲ ਇਸ ਨੂੰ 17 ਡਾਲਰ ਤੋਂ ਵਧਾ ਕੇ 23 ਡਾਲਰ ਪ੍ਰਤੀ ਭੋਜਨ ਕਰ ਦਿੱਤਾ ਗਿਆ ਹੈ।

ਇਹ ਤਬਦੀਲੀ 1 ਜਨਵਰੀ, 2020 ਤੋਂ ਲਾਗੂ ਮੰਨੀ ਜਾਵੇਗੀ। ਇਸ ਬਾਰੇ ਐਲਾਨ ਫ਼ੈਡਰਲ ਟਰਾਂਸਪੋਰਟ ਮੰਤਰੀ ਮਾਰਕ ਗਾਰਨੋ ਨੇ 3 ਸਤੰਬਰ ਨੂੰ ਮੀਡੀਆ ਸਾਹਮਣੇ ਕੀਤਾ।

ਫ਼ੈਡਰਲ ਟਰਾਂਸਪੋਰਟ ਮੰਤਰੀ ਮਾਰਕ ਗਾਰਨੋ ਨੇ ਕੈਨੇਡਾ ਦੇ ਭੋਜਨ ਟੈਕਸ ਭੱਤੇ ਬਾਰੇ ਤਬਦੀਲੀਆਂ ਦਾ ਐਲਾਨ ਓਟਾਵਾ ਦੀ ਰੋਜ਼ਡੇਲ ਟਰਾਂਸਪੋਰਟ ਵਿਖੇ 3 ਸਤੰਬਰ ਨੂੰ ਕੀਤਾ।

17 ਡਾਲਰ ਦੀ ਪਿਛਲੀ ਹੱਦ ਨੂੰ ਇਸ ਤੋਂ ਪਹਿਲਾਂ 2009 ‘ਚ ਵਧਾਇਆ ਗਿਆ ਸੀ। ਫ਼ੈਡਰਲ ਸਰਕਾਰ ਦਾ ਕਹਿਣਾ ਹੈ ਕਿ ਇਸ ਹੱਦ ਨੂੰ ਵਧਾਉਣ ਨਾਲ ਟਰੱਕਰਸ ਨੂੰ ਰਾਹਤ ਮਿਲੇਗੀ ਅਤੇ ਇਹ ਅੱਜਕਲ÷  ਦੀਆਂ ਵਧੀਆਂ ਹੋਈਆਂ ਭੋਜਨ ਕੀਮਤਾਂ ‘ਤੇ ਜ਼ਿਆਦਾ ਖਰਾ ਸਾਬਤ ਹੋਵੇਗਾ, ਜਦਕਿ ਇਸ ਨਾਲ ਉਨ੍ਹਾਂ ਵੱਲੋਂ ਮਹਾਂਮਾਰੀ ਦੇ ਸਮੇਂ ‘ਚ ਕੈਨੇਡੀਅਨ ਲੋਕਾਂ ਤਕ ਜ਼ਰੂਰੀ ਭੋਜਨ ਅਤੇ ਹੋਰ ਸਪਲਾਈ ਪਹੁੰਚਦੀ ਯਕੀਨੀ ਕਰਨ ‘ਚ ਉਨ੍ਹਾਂ ਦੀ ਭੂਮਿਕਾ ਨੂੰ ਵੀ ਮਾਨਤਾ ਮਿਲੀ ਹੈ।

ਗਾਰਨੋ ਨੇ ਕਿਹਾ, ”ਇਹ ਕੈਨੇਡਾ ਦੇ ਆਵਾਜਾਈ ਖੇਤਰ ਦੇ ਮੁਲਾਜ਼ਮਾਂ ਲਈ ਮਹੱਤਵਪੂਰਨ ਮੱਦਦ ਦਾ ਕਦਮ ਹੈ, ਵਿਸ਼ੇਸ਼ ਕਰ ਕੇ ਸਾਡੇ ਟਰੱਕਰਸ ਲਈ। ਕੈਨੇਡੀਅਨ ਲੋਕ ਟਰੱਕ ਡਰਾਈਵਰਾਂ ਦੇ ਅਣਥੱਕ ਕੰਮ ਦੇ ਬਹੁਤ ਰਿਣੀ ਹਨ, ਵਿਸ਼ੇਸ਼ ਕਰ ਕੇ ਕੋਵਿਡ-19 ਮਹਾਂਮਾਰੀ ਸਮੇਂ। ਇਹ ਵਧਾਏ ਗਏ ਭੋਜਨ ਭੱਤਿਆਂ ਨਾਲ ਯਕੀਨੀ ਹੋਵੇਗਾ ਕਿ ਟਰੱਕਰ ਅਤੇ ਹੋਰ ਜ਼ਰੂਰੀ ਕਾਮਿਆਂ ਨੂੰ ਮਹੱਤਵਪੂਰਨ ਵਸਤਾਂ ਅਤੇ ਸਪਲਾਈ ਪਹੁੰਚਾਉਣ ਦੇ ਲੰਮੇ ਸਫ਼ਰ ਦੌਰਾਨ ਸਸਤਾ ਭੋਜਨ ਮਿਲ ਸਕੇ।”

ਰੋਜ਼ਡੇਲ ਟਰਾਂਸਪੋਰਟ ਦਾ ਨਵਾਂ ਓਟਾਵਾ ਟਰਮੀਨਲ ਇਸ ਐਲਾਨ ਦੀ ਪਿੱਠਭੂਮੀ ਬਣਿਆ। ਗਾਰਨੋ ਨੇ ਕੈਨੇਡਾ ਦੇ ਟਰੱਕਰਸ ਦੀ ਇਹ ਕਹਿੰਦਿਆਂ ਤਾਰੀਫ਼ ਕੀਤੀ ਕਿ ਉਨ੍ਹਾਂ ਨੇ ਕੋਵਿਡ-19 ਦੀ ਮਹਾਂਮਾਰੀ ਦੇ ਔਖੇ ਵੇਲੇ ਵੀ ਵਸਤਾਂ ਦੀ ਆਵਜਾਈ ਨੂੰ ਰੁਕਣ ਨਹੀਂ ਦਿੱਤਾ।

ਉਨ੍ਹਾਂ ਕਿਹਾ, ”ਸਭ ਤੋਂ ਪਹਿਲਾਂ ਮੈਂ ਕੈਨੇਡੀਅਨ ਸਰਕਾਰ ਤਰਫ਼ੋਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਜੋ ਕੈਨੇਡੀਅਨ ਟਰੱਕਿੰਗ ਉਦਯੋਗ ‘ਚ ਕੰਮ ਕਰਦੇ ਹਨ। ਇਸ ਸਾਲ ਵਿਸ਼ੇਸ਼ ਕਰ ਕੇ ਤੁਸੀਂ ਮੋਰਚੇ ‘ਤੇ ਸਭ ਤੋਂ ਅੱਗੇ ਡਟੇ ਰਹੇ। ਤੁਸੀਂ ਸਾਡੇ ਦੇਸ਼ ਨੂੰ ਚਲਾਈ ਰਖਿਆ, ਭੋਜਨ ਨੂੰ ਚਲਦਾ ਰੱਖਿਆ, ਦਵਾਈਆਂ ਅਤੇ ਕਈ ਹੋਰ ਜ਼ਰੂਰੀ ਚੀਜ਼ਾਂ ਨੂੰ ਚਲਦਾ ਰੱਖਿਆ ਜਿਨ੍ਹਾਂ ਕਰਕੇ ਕੈਨੇਡੀਅਨ ਸੁਰੱਖਿਅਤ ਅਤੇ ਸਿਹਤਮੰਦ ਹਨ।”

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਦੇ ਮੁਖੀ ਸਟੀਫ਼ਨ ਲੈਸਕੋਅਸਕੀ ਨੇ ਇਸ ਗੱਲ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਟਰੱਕਰਸ ਨੇ ਮਹਿਸੂਸ ਕੀਤਾ ਹੈ ਕਿ ਕਈ ਇਲਾਕਿਆਂ ‘ਚ ਮਹਾਂਮਾਰੀ ਕਰਕੇ ਭੋਜਨ ਅਤੇ ਪਾਣੀ ਦੀਆਂ ਕੀਮਤਾਂ 100%-300% ਤਕ ਵੱਧ ਗਈਆਂ ਹਨ।

ਉਨ੍ਹਾਂ ਕਿਹਾ, ”ਅੱਜ ਦਾ ਐਲਾਨ ਕੈਨੇਡਾ ਸਰਕਾਰ ਵੱਲੋਂ ਬਹੁਤ ਮਹੱਤਵਪੂਰਨ ਕਦਮ ਹੈ। ਸਾਡੇ ਖੇਤਰ ਲਈ ਖਾਣਾ ਅਤੇ ਆਰਾਮ ਕਰਨ ਵਰਗੀਆਂ ਆਮ ਚੀਜ਼ਾਂ ਵੀ ਚੁਨੌਤੀ ਪੈਦਾ ਕਰ ਦਿੰਦੀਆਂ ਹਨ।”

ਇਨ੍ਹਾਂ ਅਣਕਿਆਸੇ ਸਮਿਆਂ ‘ਚ ਟਰਾਂਸਪੋਰਟ ਕੈਨੇਡਾ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਲਈ ਗਾਰਨੋ ਨੇ ਸੀ.ਟੀ.ਏ. ਅਤੇ ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ਼ ਕੈਨੇਡਾ (ਪੀ.ਐਮ.ਟੀ.ਸੀ.) ਵਰਗੇ ਹੋਰ ਉਦਯੋਗਿਕ ਗਰੁੱਪਾਂ ਦਾ ਧੰਨਵਾਦ ਕੀਤਾ।

ਪੀ.ਐਮ.ਟੀ.ਸੀ. ਦੇ ਪ੍ਰੈਜ਼ੀਡੈਂਟ ਮਾਈਕ ਮਿਲੀਅਨ ਨੇ ਕਿਹਾ ਕਿ ਸੜਕ ‘ਤੇ ਡਰਾਈਵਰਾਂ ਦੇ ਵਧਦੇ ਖ਼ਰਚਿਆਂ ਬਾਰੇ ਮੱਦਦ ਕਰਨ  ਲਈ ਟਰਾਂਸਪੋਰਟੇਸ਼ਨ ਐਸੋਸੀਏਸ਼ਨ ਦੇ ਇੱਕ ਗਠਜੋੜ ਨੇ ਫ਼ੈਡਰਲ ਸਰਕਾਰ ਨੂੰ ਅਪੀਲ ਕੀਤੀ ਸੀ।

ਮਿਲੀਅਨ ਨੇ ਕਿਹਾ, ”ਸਾਨੂੰ ਇਹ ਵੇਖ ਕੇ ਖ਼ੁਸ਼ੀ ਹੈ ਕਿ ਸਰਕਾਰ ਨੇ ਸਾਡੀ ਅਪੀਲ ‘ਤੇ ਕਾਰਵਾਈ ਕੀਤੀ ਅਤੇ ਇਹ ਹੋਰ ਵੀ ਚੰਗੀ ਗੱਲ ਹੈ ਇਹ ਪਿਛਲੀ ਤਰੀਕ ਤੋਂ ਲਾਗੂ ਹੋਵੇਗਾ। ਭਾਵੇਂ ਅਗਲੇ ਕੁੱਝ ਸਮੇਂ ‘ਚ ਇਸ ਨਾਲ ਡਰਾਈਵਰਾਂ ਦੀ ਮੱਦਦ ਨਾ ਹੋਵੇ ਪਰ ਸਾਲ ਦੇ ਅਖ਼ੀਰ ‘ਚ ਉਨ੍ਹਾਂ ਦੀ ਜੇਬ  ‘ਚ ਪੈਸੇ ਆ ਜਾਣਗੇ।”

ਗਾਰਨੋ ਨੇ ਵਧੀਆਂ ਹੱਦਾਂ ਨੂੰ ਟੈਕਸ ਬਚਤ ਦੱਸਿਆ ਜੋ ਕਿ ਟਰੱਕਰਸ ਨੂੰ 2020 ਦਾ ਆਮਦਨ ਟੈਕਸ ਭਰਨ ਵੇੇਲੇ ਮਿਲੇਗੀ। ”ਇਹ ਟਰੱਕਿੰਗ ਉਦਯੋਗ ਲਈ ਬਹੁਤ ਮਹੱਤਵਪੂਰਨ ਹੈ, ਜੋ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਵੱਡੀਆਂ ਕੁਰਬਾਨੀਆਂ ਕਰਦਾ ਆ ਰਿਹਾ ਹੈ। ਟਰੱਕਰਸ ਨੂੰ ਇਸ ਦੀ ਬਹੁਤ ਜ਼ਰੂਰਤ ਸੀ।”

ਲੈਸਕੋਅਸਕੀ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦਾ ਆਗਾਜ਼ ਹੋਣ ਤੋਂ ਲੈ ਕੇ ਟਰੱਕਰਸ ਕੋਲ ਆਰਾਮ ਕਰਨ ਅਤੇ ਭੋਜਨ ਕਰਨ ਦੇ ਬਹੁਤ ਘੱਟ ਮੌਕੇ ਸਨ। ਕਈ ਰੇਸਤਰਾਂ, ਜਿਨ੍ਹਾਂ ‘ਚ ਟਰੱਕ ਸਟਾਪ ਬਫ਼ੇ ਵੀ ਸ਼ਾਮਲ ਸਨ, ਬੰਦ ਹੋ ਚੁੱਕੇ ਸਨ ਅਤੇ ਟਰੱਕਰਸ ਨੂੰ ਸਿਹਤਮੰਦ ਅਤੇ ਸਸਤਾ ਭੋਜਨ ਪ੍ਰਾਪਤ ਕਰਨ ‘ਚ ਮੁਸ਼ਕਲ ਪੇਸ਼ ਆ ਰਹੀ ਸੀ। ਦੂਰ-ਦੁਰਾਡੇ ਇਲਾਕਿਆਂ ‘ਚ ਕੀਮਤਾਂ ‘ਚ ਵਾਧਾ ਬਹੁਤ ਜ਼ਿਆਦਾ ਸੀ।”

ਉਨ੍ਹਾਂ ਕਿਹਾ, ”ਭੋਜਨ ਭੱਤਾ ਨੀਤੀ ‘ਚ ਤਬਦੀਲੀ ਸਾਡੇ ਜ਼ਰੂਰੀ ਕਾਮਿਆਂ ਦੀ ਮੱਦਦ ਕਰੇਗਾ ਜੋ ਕਿ ਸਾਡੇ ਦੇਸ਼ ਦਾ ਘਰੇਲੂ ਅਤੇ ਅਮਰੀਕਾ ਨਾਲ ਵਪਾਰ ਚਲਦਾ ਰੱਖਦੇ ਹਨ। ਭੋਜਨ ਭੱਤਾ ਨੀਤੀ ‘ਚ ਇਹ ਸਾਕਾਰਾਤਮਕ ਤਬਦੀਲੀਆਂ ਕੈਨੇਡੀਅਨ ਸਪਲਾਈ ਚੇਨ ਨੂੰ ਸੁਰੱਖਿਅਤ ਬਣਾਉਣ ਪ੍ਰਤੀ ਨਿਵੇਸ਼ ਹੈ ਅਤੇ ਇਸ ਗੱਲ ਦਾ ਵੀ ਸੂਚਕ ਹੈ ਕਿ ਸਾਡੇ ਦੇਸ਼ ਦੇ ਕਮਰਸ਼ੀਅਲ ਟਰੱਕ ਡਰਾਈਵਰਾਂ ਪ੍ਰਤੀ ਸਾਡੀ ਕੈਬਨਿਟ-ਵਿਸ਼ੇਸ਼ ਕਰ ਕੇ ਮੰਤਰੀ ਗਾਰਨੋ- ਕਿੰਨੀ ਕਦਰ ਕਰਦੇ ਹਨ।”

ਇਸ ਖ਼ਬਰ ਦਾ ਸ਼ੈਲੀ ਯੂਵਨਿਲ-ਹੈਸ਼ ਨੇ ਵੀ ਸਵਾਗਤ ਕੀਤਾ ਹੈ, ਜੋ ਕਿ ਵੀਮੈਨਜ਼ ਟਰੱਕਿੰਗ ਫ਼ੈਡਰੇਸ਼ਨ ਆਫ਼ ਕੈਨੇਡਾ ਦੇ ਮੁਖੀ ਹਨ ਅਤੇ ਸ਼ਾਰਪ ਟਰਾਂਸਪੋਰਟੇਸ਼ਨ ਲਈ ਲੌਂਗਹੋਲ ਟਰੱਕ ਡਰਾਈਵਰ ਹਨ।

ਉਨ੍ਹਾਂ ਰੋਡ ਟੂਡੇ ਨੂੰ ਕਿਹਾ, ”ਮੰਤਰੀ ਗਾਰਨੋ ਵੱਲੋਂ ਅੱਜ ਦਾ ਐਲਾਨ ਟਰੱਕਿੰਗ ਉਦਯੋਗ ਅਤੇ ਇਸ ਦੀ ਵਰਕਫ਼ੋਰਸ ਲਈ ਪੂਰੀ ਕੋਵਿਡ-19 ਮਹਾਂਮਾਰੀ ਦੌਰਾਨ ਬਿਹਤਰੀਨ ਹਮਾਇਤ ਨੂੰ ਦਰਸਾਉਂਦਾ ਹੈ। ਇਹ ਸਮਾਂ ਸਾਰੇ ਕੈਨੇਡੀਅਨਾਂ ਲਈ ਬਹੁਤ ਚੁਨੌਤੀ ਭਰਿਆ ਰਿਹਾ ਹੈ। ਫਿਰ ਇਨ੍ਹਾਂ ਚੁਨੌਤੀਪੂਰਨ ਸਮਿਆਂ ਦੌਰਾਨ ਸਾਡਾ ਡਰਾਈਵਿੰਗ ਬਲ ਪੂਰੇ ਦੇਸ਼ ਅੰਦਰ ਵਸਤਾਂ ਪਹੁੰਚਾਉਣ ਲਈ ਸਮਰਪਿਤ ਰਿਹਾ। ਭੋਜਨ ਦੀਆਂ ਵਧਦੀਆਂ ਕੀਮਤਾਂ ਅਤੇ ਕੈਨੇਡਾ-ਅਮਰੀਕਾ ਵਟਾਂਦਰਾ ਦਰ ‘ਚ ਕਮੀ ਕਰਕੇ ਇਹ ਸਾਡੇ ਪੇਸ਼ੇਵਰ ਡਰਾਈਵਰਾਂ ਲਈ ਬਹੁਤ ਸਵਾਗਤਯੋਗ ਕਦਮ ਹੈ।”

ਯੂਵਨਿਲ’ਹੈਸ਼ ਨੇ ਕਿਹਾ ਕਿ ਲੋਂਗਹੌਲ ਡਰਾਈਵਰਾਂ ਨੂੰ ਇਸ ਤੋਂ ਬਹੁਤ ਲਾਭ ਮਿਲੇਗਾ। ਉਸ ਦੀ ਗਿਣਤੀ ਅਨੁਸਾਰ ਉਦਾਹਰਣ ਵੱਜੋਂ ਔਸਤਨ ਮਹੀਨੇ ‘ਚ 21 ਦਿਨ ਸੜਕ ‘ਤੇ ਬਿਤਾਉਣ ਵਾਲੇ ਡਰਾਈਵਰ ਨੂੰ 1,512 ਡਾਲਰ ਜ਼ਿਆਦਾ ਟੈਕਸ ਰਿਟਰਨ ਮਿਲੇਗਾ।

ਟੀਮਸਟਰ ਕੈਨੇਡਾ ਨੇ ਵੀ ਇਸ ਵਾਧੇ ਦੀ ਤਾਰੀਫ਼ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਇਨ੍ਹਾਂ ਤਬਦੀਲੀਆਂ ਲਈ ਅਪ੍ਰੈਲ ਮਹੀਨੇ ਤੋਂ ਹੀ ਆਵਾਜ਼ ਚੁੱਕ ਰਹੇ ਸਨ ਜਦੋਂ ਸੜਕ ‘ਤੇ ਸਫ਼ਰ ਦੌਰਾਨ ਭੋਜਨ ਖਾਣਾ ਵੀ ਮਹਾਂਮਾਰੀ ਕਰ ਕੇ ਚੁਨੌਤੀ ਬਣ ਗਿਆ ਸੀ।

ਟੀਮਸਟਰ ਕੈਨੇਡਾ ਦੇ ਨੈਸ਼ਨਲ ਪ੍ਰੈਜ਼ੀਡੈਂਟ ਫ਼ਰਾਂਸੁਆ ਲਾਪੋਰਟ ਨੇ ਕਿਹਾ, ”ਟਰੱਕ ਡਰਾਈਵਰਾਂ ਨੂੰ ਇਹ ਫ਼ਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਉਹ ਦੁਪਹਿਰ ਦਾ ਖਾਣਾ ਖਾ ਸਕਦੇ ਹਨ ਜਾਂ ਨਹੀਂ। ਅੱਜ ਦੀਆਂ ਤਬਦੀਲੀਆਂ ਨਾਲ ਉਨ੍ਹਾਂ ਦੀਆਂ ਜੇਬਾਂ ‘ਚ ਸੈਂਕੜੇ ਡਾਲਰ ਆ ਜਾਣਗੇ। ਕੈਨੇਡੀਅਨਾਂ ਨੂੰ ਜ਼ਰੂਰਤ ਵੇਲੇ ਹਰ ਚੀਜ਼ ਮੁਹੱਈਆ ਕਰਵਾਉਣ ਵਾਲੇ ਲੋਕਾਂ ਲਈ ਸਰਕਾਰ ਵੱਲੋਂ ਇਹ ਕਰਨਾ ਤਾਂ ਬਣਦਾ ਹੀ ਸੀ।”

ਸਾਊਥ ਏਸ਼ੀਅਨ ਟਰੱਕਿੰਗ ਐਸੋਸੀਏਸ਼ਨ ਆਫ਼ ਕੈਨੇਡਾ ਦੇ ਪਰਮਜੀਤ ਸਿੰਘ ਨੇ ਵੀ ਇਸ ਐਲਾਨ ਦਾ ਸਵਾਗਤ ਕੀਤਾ ਜਿਸ ਨਾਲ ਟਰੱਕਿੰਗ ਉਦਯੋਗ ਨੂੰ ਇਨ੍ਹਾਂ ਚੁਨੌਤੀਪੂਰਨ ਸਮਿਆਂ ‘ਚ ਮੱਦਦ ਮਿਲੇਗੀ।