ਸੀ.ਟੀ.ਏ. ਨੇ ਸੀ.ਈ.ਡਬਲਿਊ.ਐਸ. ਦੇ ਨਵੇਂ ਐਲਾਨ ਦੀ ਹਮਾਇਤ ਕੀਤੀ

ਫ਼ੈਡਰਲ ਸਰਕਾਰ ਨੇ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ (ਸੀ.ਈ.ਡਬਲਿਊ.ਐਸ.) ਦੀ ਮਿਤੀ ਨੂੰ 19 ਦਸੰਬਰ ਤਕ ਵਧਾਉਣ ਦੀ ਯੋਜਨਾ ਦਾ ਐਲਾਨ ਕਰ ਦਿੱਤਾ ਹੈ ਅਤੇ ਇਸ ਲਈ ਯੋਗਤਾ ਪੈਮਾਨੇ ਨੂੰ ਵਧਾ ਕੇ ਉਨ੍ਹਾਂ ਸਾਰੇ ਕਾਰੋਬਾਰਾਂ ਨੂੰ ਵੀ ਸ਼ਾਮਲ ਕਰ ਲਿਆ ਹੈ ਜਿਨ੍ਹਾਂ ਨੇ ਆਪਣੀ ਆਮਦਨ ‘ਚ ਘਾਟਾ ਦਰਜ ਕੀਤਾ ਹੈ।

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਇਸ ਵਾਧੇ ਅਤੇ ਤਬਦੀਲੀਆਂ ਦਾ ਸਵਾਗਤ ਕੀਤਾ ਹੈ, ਜਿਨ੍ਹਾਂ ‘ਚ ਲਾਭ ਨੂੰ ਸਿਰਫ਼ ਅਜਿਹੇ ਕਾਰੋਬਾਰਾਂ ਤਕ ਸੀਮਤ ਕਰਨਾ ਵੀ ਸ਼ਾਮਲ ਸੀ ਜਿਨ੍ਹਾਂ ਨੂੰ ਆਮਦਨ ‘ਚ 30% ਤਕ ਦਾ ਘਾਟਾ ਪਿਆ ਹੈ।

ਨੀਤੀ ਅਤੇ ਜਨਤਕ ਮਾਮਲਿਆਂ ਦੇ ਸੀ.ਟੀ.ਏ. ਡਾਇਰੈਕਟਰ ਜੋਨਾਥਨ ਬਲੈਕਹੈਮ ਨੇ ਕਿਹਾ, ”ਅੱਜ ਦੇ ਐਲਾਨ ਦਾ ਸੀ.ਟੀ.ਏ. ਮਜ਼ਬੂਤੀ ਨਾਲ ਸਮਰਥਨ ਕਰਦਾ ਹੈ। ਬਹੁਤ ਸਾਰੇ ਕੈਰੀਅਰਾਂ ਲਈ ਸੀ.ਈ.ਡਬਲਿਊ.ਐਸ. ਇੱਕ ਮਹੱਤਵਪੂਰਨ ਪ੍ਰੋਗਰਾਮ ਹੈ ਅਤੇ ਸਾਨੂੰ ਇਹ ਵੇਖ ਕੇ ਖ਼ੁਸ਼ੀ ਹੋਈ ਹੈ ਇਸ ਨੂੰ ਦਸੰਬਰ ਮਹੀਨੇ ਤਕ ਵਧਾ ਦਿੱਤਾ ਗਿਆ ਹੈ। ਅਸੀਂ ਇਹ ਵੇਖ ਕੇ ਵੀ ਬਹੁਤ ਖ਼ੁਸ਼ ਹਾਂ ਕਿ ਸਰਕਾਰ ਨੇ ਆਮਦਨ ‘ਚ 30% ਘਾਟੇ ਦੀ ਹੱਦ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਸੀ.ਈ.ਡਬਲਿਊ.ਐਸ. ਦਾ ਘੇਰਾ ਵਧਾ ਦਿੱਤਾ ਹੈ। ਇਸ ਮੱਦਦ ਦੇ ਇੱਛਾਵਾਨ ਇਸ ਹੱਦ ਤੋਂ ਬਹੁਤ ਥੋੜ੍ਹਾ ਦੂਰ ਹੋਣ ਕਰ ਕੇ ਲਾਭ ਤੋਂ ਵਾਂਝੇ ਰਹਿ ਜਾਂਦੇ ਸਨ ਅਤੇ ਇਸੇ ਕਰਕੇ ਅਸੀਂ ਇਸ ਤਰ੍ਹਾਂ ਦੀ ਪਹੁੰਚ ਅਪਨਾਉਣ ਦੀ ਲੰਮੇ ਸਮੇਂ ਤੋਂ ਵਕਾਲਤ ਕਰ ਰਹੇ ਸੀ।”

ਆਮਦਨ ‘ਚ 30% ਤੋਂ ਘੱਟ ਦੀ ਕਮੀ ਵਾਲੇ ਕੈਰੀਅਰ ਵੀ 5 ਜੁਲਾਈ ਤੋਂ ਬਾਅਦ ਇਸ ਮੱਦਦ ਦੇ ਯੋਗ ਬਣ ਜਾਣਗੇ। ਸੀ.ਟੀ.ਏ. ਨੇ ਕਿਹਾ ਕਿ ਉਹ ਫ਼ੈਡਰਲ ਸਰਕਾਰ ਨੂੰ ਸੀ.ਈ.ਡਬਲਿਊ.ਐਸ. ਦਾ ਘੇਰਾ ਵਧਾਉਣ ਦੀ ਮੰਗ ਕਰ ਰਹੇ ਸਨ, ਤਾਂ ਕਿ ਹੋਰ ਜ਼ਿਆਦਾ ਕਾਰੋਬਾਰ ਇਸ ਤੋਂ ਲਾਭ ਪ੍ਰਾਪਤ ਕਰ ਸਕਣ। ਇਸ ਦੇ ਇੱਕ ਸਰਵੇਖਣ ਅਨੁਸਾਰ 30% ਦੀ ਹੱਦ ਕਰਕੇ ਲਗਭਗ ਅੱਧੀਆਂ ਟਰੱਕਿੰਗ ਕੰਪਨੀਆਂ ਸ਼ੁਰੂਆਤ ‘ਚ ਸੀ.ਈ.ਡਬਲਿਊ.ਐਸ. ਦੇ ਲਾਭ ਪ੍ਰਾਪਤ ਕਰਨ ਦੇ ਯੋਗ ਨਹੀਂ ਸਨ, ਕੁੱਝ ਤਾਂ ਇਸ ਹੱਦ ਤੋਂ ਮਾਮੂਲੀ ਦੂਰੀ ‘ਤੇ ਰਹਿ ਜਾਣ ਕਰਕੇ ਮੱਦਦ ਪ੍ਰਾਪਤ ਕਰਨ ਤੋਂ ਵਾਂਝੀਆਂ ਰਹਿ ਗਈਆਂ ਸਨ।