ਸੁਧਾਂਸ਼ੂ ਮਲਹੋਤਰਾ – ਸਫ਼ਲਤਾ ਦੀ ਉਡਾਨ

ਸੁਧਾਂਸ਼ੂ ਮਲਹੋਤਰਾ

ਸੁਧਾਂਸ਼ੂ ਮਲਹੋਤਰਾ ਨੂੰ ਖ਼ਬਰਾਂ ਦੀ ਭੁੱਖ ਕਦੇ ਖ਼ਤਮ ਨਹੀਂ ਹੁੰਦੀ, ਉਹ ਵੀ ਖ਼ਾਸ ਕਰ ਕੇ ਟਰੱਕਿੰਗ ਉਦਯੋਗ ਦੀਆਂ।

ਰੋਡ ਟੂਡੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਖ਼ਬਰਾਂ ਪੜ੍ਹਨ ਦੀ ਆਪਣੀ ਆਦਤ ਬਾਰੇ ਦੱਸਦਿਆਂ ਕਿਹਾ, ”ਮੇਰਾ ਦਿਨ ਟਰੱਕਾਂ ਨਾਲ ਸ਼ੁਰੂ ਹੁੰਦਾ ਹੈ ਅਤੇ ਟਰੱਕਾਂ ਨਾਲ ਹੀ ਖ਼ਤਮ ਹੁੰਦਾ ਹੈ।”

ਕੁੱਝ ਸਾਲ ਪਹਿਲਾਂ, ਮਲਹੋਤਰਾ ਨੂੰ ਇਸ ਉਦਯੋਗ ਬਾਰੇ ਕੁੱਝ ਪਤਾ ਨਹੀਂ ਸੀ। ਹੁਣ, ਐਨਰਜੀ ਡਰਿੰਕ ਡਿਸਟ੍ਰੀਬਿਊਟਰ ਪਾਵਰਬੇਵ ਵਿਖੇ ਫ਼ਲੀਟ ਮੈਨੇਜਰ ਹੋਣ ਦੇ ਨਾਤੇ, ਉਹ ਕੁੱਝ ਅਜਿਹੇ ਨੌਜੁਆਨਾਂ ‘ਚੋਂ ਹੈ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਟਰੱਕਿੰਗ ਨੂੰ ਅਪਣਾਇਆ ਹੈ।

ਮਲਹੋਤਰਾ ਦਾ ਇਹ ਸਫ਼ਰ 2014 ‘ਚ ਸ਼ੁਰੂ ਹੋਇਆ ਸੀ, ਜਦੋਂ ਉਹ ਭਾਰਤ ਤੋਂ ਕੈਨੇਡਾ ‘ਚ ਬਿਜ਼ਨਸ ਮੈਨੇਜਮੈਂਟ ਸਟੱਡੀਜ਼ ਪੂਰੀ ਕਰਨ ਲਈ ਕੌਮਾਂਤਰੀ ਵਿਦਿਆਰਥੀ ਵਜੋਂ ਸਾਰਨੀਆ, ਓਂਟਾਰੀਓ ਦੇ ਲੈਂਬਟਨ ਕਾਲਜ ‘ਚ ਪੁੱਜੇ ਸਨ।

ਉਨ੍ਹਾਂ ਕੋਲ ਪਹਿਲਾਂ ਕਾਮਰਸ ‘ਚ ਬੈਚਲਰ ਦੀ ਡਿਗਰੀ ਸੀ ਅਤੇ ਉਨ੍ਹਾਂ ਦੇ ਪਿਤਾ ਤੇ ਦਾਦਾ ਜੀ ਵੀ ਭਾਰਤ ਦੇ ਉੱਤਰ-ਪੱਛਮੀ ਸੂਬੇ ਪੰਜਾਬ ਦੇ ਸ਼ਹਿਰ ਲੁਧਿਆਣਾ ‘ਚ ਅਕਾਊਂਟੈਂਟ ਲੱਗੇ ਹੋਏ ਸਨ, ਜਿਸ ਕਾਰਨ ਇਸ ਕੋਰਸ ਦੀ ਚੋਣ ਉਨ੍ਹਾਂ ਲਈ ਢੁੱਕਵੀਂ ਸੀ।

ਉੱਤਰੀ ਅਮਰੀਕਾ ਦੇ ਟਰੱਕਿੰਗ ਉਦਯੋਗ ‘ਚ ਆਉਣ ਵਾਲੇ ਭਾਰਤੀ ਇਮੀਗਰੈਂਟਸ ‘ਚੋਂ ਵੱਡੀ ਗਿਣਤੀ ਪੰਜਾਬੀਆਂ ਦੀ ਹੀ ਹੁੰਦੀ ਹੈ।

31 ਸਾਲਾਂ ਦੇ ਮਲਹੋਤਰਾ ਨੂੰ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਛੇਤੀ ਹੀ ਵੱਡਾ ਮੌਕਾ ਮਿਲਿਆ ਜਦੋਂ ਉਨ੍ਹਾਂ ਨੂੰ ਮਿਸੀਸਾਗਾ, ਓਂਟਾਰੀਓ ‘ਚ ਸਥਿਤ ਟਰੱਕਿੰਗ ਕੰਸਲਟਿੰਗ ਅਦਾਰੇ ਏ.ਬੀ.ਐਸ. ਸੇਫ਼ਕੋਮ ‘ਚ ਸੁਰੱਖਿਆ ਤਾਮੀਲੀ ਪ੍ਰਸ਼ਾਸਕ ਦੇ ਸਹਾਇਕ ਵਜੋਂ ਨੌਕਰੀ ਮਿਲ ਗਈ।

ਉਦੋਂ ਤਕ ਉਨ੍ਹਾਂ ਨੂੰ ਟਰੱਕਿੰਗ ‘ਚ ਕੋਈ ਰੁਚੀ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਇਸ ਕਿੱਤੇ ‘ਚ ਕੰਮ ਕਰਦਾ ਸੀ।

ਮਲਹੋਤਰਾ ਕਹਿੰਦੇ ਹਨ, ”ਕੋਈ ਵੀ ਨਜ਼ਦੀਕੀ ਟਰੱਕਿੰਗ ‘ਚ ਨਹੀਂ ਸੀ, ਮੈਨੂੰ ਕਦੇ ਟਰੱਕਿੰਗ ‘ਚ ਜਾਣ ਲਈ ਨਹੀਂ ਕਿਹਾ ਗਿਆ ਅਤੇ ਮੈਂ ਵੀ ਸ਼ੁਰੂਆਤ ‘ਚ ਟਰੱਕਿੰਗ ‘ਚ ਨਹੀਂ ਜਾਣਾ ਚਾਹੁੰਦਾ ਸੀ।” ਉਨ੍ਹਾਂ ਕਿਹਾ ਕਿ ਅਸਲ ‘ਚ ਉਨ੍ਹਾਂ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਉਦਯੋਗ ‘ਕਿੰਨਾ ਵੱਡਾ’ ਹੈ। ਉਹ ਕਹਿੰਦੇ ਹਨ, ”ਹੁਣ ਮੈਨੂੰ ਇਸ ਨਾਲ ਪਿਆਰ ਜਿਹਾ ਹੋ ਗਿਆ ਹੈ। ਮੈਂ ਟਰੱਕਿੰਗ ਤੋਂ ਦੂਰ ਨਹੀਂ ਰਹਿ ਸਕਦਾ।”

ਵੱਧ ਤੋਂ ਵੱਧ ਜਾਣਕਾਰੀ ਇਕੱਠਾ ਕਰਨ ਦਾ ਸ਼ੌਕ ਰੱਖਣ ਵਾਲੇ ਮਲਹੋਤਰਾ ਹਰ ਸਾਲ ਕਈ ਈਵੈਂਟਸ ‘ਚ ਜਾਂਦੇ ਹਨ ਅਤੇ ਅਜਿਹੇ ਕੋਰਸ ਕਰਦੇ ਹਨ ਜਿਸ ਨਾਲ ਉਨ੍ਹਾਂ ਦੀ ਮੁਹਾਰਤ ਹੋਰ ਵਧੇ।

ਪਿਛਲੇ ਸਾਲ ਜੂਨ ਦੇ ਮਹੀਨੇ ‘ਚ ਉਹ 12 ਅਜਿਹੇ ਨੌਜੁਆਨਾਂ ‘ਚੋਂ ਇਕ ਸੀ ਜਿਨ੍ਹਾਂ ਨੇ ‘ਡਰਿਵਨ ਟੂ ਲੀਡ ਪ੍ਰੋਗਰਾਮ’ ਪਾਸ ਕੀਤਾ, ਜੋ ਕਿ ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ਼ ਕੈਨੈਡਾ ਨਾਲ ਸਬੰਧਤ ਹੈ।

ਅਤੇ ਇਸ ਸਾਲ ਦੇ ਅਖ਼ੀਰ ‘ਚ, ਉਨ੍ਹਾਂ ਦੀ ਯੋਜਨਾ ਯੂਨੀਵਰਸਿਟੀ ਆਫ਼ ਟੋਰਾਂਟੋ ‘ਚ ਖ਼ਤਰਾ ਪ੍ਰਬੰਧਨ ਬਾਰੇ ਕੋਰਸ ਪੂਰਾ ਕਰਨ ਦੀ ਹੈ।

ਪਾਵਰਬੇਵ ਵਿਖੇ, ਮਲਹੋਤਰਾ ਫ਼ਲੀਟ ਬਜ਼ਟ, ਬੀਮਾ, ਅਧਿਗ੍ਰਿਹਣ ਅਤੇ ਮੁਰੰਮਤ ਦਾ ਕੰਮਕਾਜ ਵੇਖਦੇ ਹਨ। ਕੰਪਨੀ ਕੋਲ 200 ਤੋਂ ਵੱਧ ਗੱਡੀਆਂ ਦਾ ਰਲਵਾਂ-ਮਿਲਵਾਂ ਫ਼ਲੀਟ ਹੈ।

”ਪੂਰੇ ਦੇਸ਼ ਅੰਦਰ ਫ਼ਲੀਟ ਨਾਲ ਜੋ ਕੁੱਝ ਵੀ ਵਾਪਰਦਾ ਹੈ, ਉਹ ਮੇਰੇ ਕੋਲ ਆਉਂਦਾ ਹੈ।”

ਟਰੱਕਿੰਗ ਦੇ ਸਮਾਜਕ ਘੇਰੇ ‘ਚ ਨਿਰੰਤਰ ਛਾਏ ਰਹਿਣ ਵਾਲੇ ਮਲਹੋਤਰਾ ਕਈ ਸੰਗਠਨਾਂ ਲਈ ਵਲੰਟੀਅਰ ਵਜੋਂ ਵੀ ਕੰਮ ਕਰਦੇ ਹਨ।

ਉਹ ਕੈਨੇਡਾ ਦੀ ਮਹਿਲਾ ਟਰੱਕਿੰਗ ਫ਼ੈਡਰੇਸ਼ਨ ਦੇ ਬੋਰਡ ‘ਚ ਇੱਕੋ-ਇੱਕ ਮਰਦ ਵੀ ਹਨ। ਇਹ ਸੰਗਠਨ ਕੈਂਬਰਿਜ, ਓਂਟਾਰੀਓ ‘ਚ ਅਧਾਰਤ ਹੈ ਜੋ ਕਿ ਮਹਿਲਾ ਮਜ਼ਬੂਤੀਕਰਨ ਨੂੰ ਹੱਲਾਸ਼ੇਰੀ ਦਿੰਦੀ ਹੈ।

ਮਲਹੋਤਰਾ ਨੇ ਕਿਹਾ, ”ਮੈਨੂੰ ਇਸ ‘ਚ ਸ਼ਾਮਲ ਹੋਣ ਦਾ ਕੋਈ ਮਲਾਲ ਨਹੀਂ ਹੈ, ਕਿਉਂਕਿ ਔਰਤਾਂ ਵੀ ਉਦਯੋਗ ‘ਚ ਭੂਮਿਕਾ ਨਿਭਾਉਣਾ ਚਾਹੁੰਦੀਆਂ ਹਨ।”

ਔਰਤਾਂ ਦੀ ਨਜ਼ਰ ਨਾਲ ਵੇਖਣਾ ਵੀ ਬਹੁਤ ਚੰਗਾ ਤਜ਼ਰਬਾ ਹੈ ਕਿਉਂਕਿ ਉਨ੍ਹਾਂ ਕੋਲ ਵੱਖ ਤਰ੍ਹਾਂ ਦੇ ਤਜ਼ਰਬੇ ਅਤੇ ਸੋਚ ਹੁੰਦੀ ਹੈ।

ਇਸ ਉਦਯੋਗ ‘ਚ ਸ਼ਾਮਲ ਹੋਣ ਤੋਂ ਝਿਜਕਣ ਵਾਲੇ ਨੌਜੁਆਨਾਂ ਲਈ ਮਲਹੋਤਰਾ ਦਾ ਸੰਦੇਸ਼ ਹੈ ਕਿ ਇੱਥੇ ‘ਕਈ ਸੁਨਹਿਰੇ ਮੌਕੇ’ ਉਨ੍ਹਾਂ ਦੀ ਉਡੀਕ ਕਰ ਰਹੇ ਹਨ।

ਪਿੱਛੇ ਜਿਹੇ ਕੀਤੇ ਗਏ ਸਰਵੇਖਣ ‘ਚ ਦੱਸਿਆ ਗਿਆ ਹੈ ਕਿ ਨੌਜੁਆਨ ਇਸ ਉਦਯੋਗ ‘ਚ ਗ਼ੈਰ-ਟਰੱਕਰ ਨੌਕਰੀਆਂ ਪ੍ਰਾਪਤ ਕਰਨਾ ਚਾਹੁੰਦੇ ਹਨ, ਭਾਵੇਂ ਉਹ ਲੋਂਗ-ਹੌਲ ਡਰਾਈਵਿੰਗ ਕਰੀਅਰ ਨਹੀਂ ਚਾਹੁੰਦੇ।
ਮਲਹੋਤਰਾ ਨੇ ਕਿਹਾ, ”ਮੈਨੂੰ ਲਗਦਾ ਹੈ ਕਿ ਇਸ ਉਦਯੋਗ ‘ਚ ਲੁਕੇ ਹੋਰ ਮੌਕਿਆਂ ਨੂੰ ਉਨ੍ਹਾਂ ਦੇ ਧਿਆਨ ‘ਚ ਨਹੀਂ ਲਿਆਂਦਾ ਗਿਆ ਹੈ। ਸਿਰਫ਼ ਡਰਾਈਵਰ ਦੇ ਕੰਮ ਨੂੰ ਹੀ ਉਭਾਰਿਆ ਜਾ ਰਿਹਾ ਹੈ।”

ਡਰਾਈਵਿੰਗ ਦੀ ਗੱਲ ਕਰੀਏ ਤਾਂ ਮਲਹੋਤਰਾ ਨੇ ਵੀ ਲਾਜ਼ਮੀ ਦਾਖ਼ਲਾ-ਪੱਧਰੀ ਸਿਖਲਾਈ ਮੁਕੰਮਲ ਕਰ ਲਈ ਹੈ ਅਤੇ ਉਨ੍ਹਾਂ ਨੂੰ ਇਸ ਸਾਲ ਦੇ ਅਖ਼ੀਰ ‘ਚ ਕਿਸੇ ਸਮੇਂ ਏ.ਜ਼ੈੱਡ. ਲਾਇਸੰਸ ਪ੍ਰਾਪਤ ਕਰ ਲੈਣ ਦੀ ਉਮੀਦ ਹੈ।

ਉਹ ਕਹਿੰਦੇ ਹਨ, ”ਮੈਂ ਸੜਕਾਂ ‘ਤੇ ਵੱਡਾ ਕਮਰਸ਼ੀਅਲ ਟਰੱਕ ਚਲਾਉਣ ਦਾ ਤਜ਼ਰਬਾ ਕਰਨਾ ਚਾਹੁੰਦਾ ਹਾਂ।”

”ਮੇਰਾ ਦਿਨ ਟਰੱਕਾਂ ਨਾਲ ਹੀ ਸ਼ੁਰੂ ਹੁੰਦਾ ਹੈ ਅਤੇ ਟਰੱਕਾਂ ਨਾਲ ਹੀ ਖ਼ਤਮ। ”

ਅਬਦੁਲ ਲਤੀਫ਼ ਵੱਲੋਂ