ਸੁਰੱਖਿਆ ਦੇ ਸਵਾਲ ‘ਤੇ ਕੋਈ ਸਮਝੌਤਾ ਨਹੀਂ ਕਰਦਾ ਪਰਮਜੀਤ ਸਿੰਘ

ਬਰੈਂਪਟਨ, ਓਂਟਾਰੀਓ – ਕਰੀਅਰ ਬਦਲਣ ਦਾ ਸਵਾਲ ਹੋਵੇ ਤਾਂ ਪਰਮਜੀਤ ਸਿੰਘ ਇਸ ਕਲਾ ਦਾ ਮਾਹਰ ਲਗਦਾ ਹੈ।

ਸ਼ੁਰੂ ‘ਚ ਉਹ ਇੰਜੀਨੀਅਰਿੰਗ ਨੂੰ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਸੀ, ਫਿਰ ਉਸ ਨੇ ਮੈਡੀਕਲ ਦੇ ਖੇਤਰ ਨੂੰ ਚੁਣਿਆ, ਉਪਰੰਤ ਦੰਦਾਂ ਦਾ ਡਾਕਟਰ ਬਣਨ ਵੱਲ ਮੁੜਿਆ ਅਤੇ ਅਖ਼ੀਰ ‘ਚ ਉਸ ਨੇ ਖੇਤੀਬਾੜੀ ਦੀ ਸਿੱਖਿਆ ਪ੍ਰਾਪਤ ਕੀਤੀ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੈਚਲਰ ਦੀ ਪ੍ਰਾਪਤ ਕੀਤੀ ਡਿਗਰੀ ਨਾਲ ਉਸ ਨੂੰ 1995 ‘ਚ ਆਪਣੇ ਜੱਦੀ ਸੂਬੇ ਪੰਜਾਬ (ਭਾਰਤ) ਦੇ ਇੱਕ ਬੈਂਕ ‘ਚ ਨੌਕਰੀ ਮਿਲ ਗਈ, ਜਿੱਥੇ ਉਸ ਨੂੰ ਖੇਤੀਬਾੜੀ ਕਰਜ਼ਿਆਂ ਦੀ ਵੰਡ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ।

ਪਰਮਜੀਤ ਸਿੰਘ। ਤਸਵੀਰ : ਸਪਲਾਈਡ

ਪਰਮਜੀਤ ਸਿੰਘ ਦਾ ਕਹਿਣਾ ਹੈ, ”ਉਨ੍ਹਾਂ ਨੂੰ ਮੇਰਾ ਗ੍ਰਾਹਕਾਂ ਨਾਲ ਵਤੀਰਾ ਚੰਗਾ ਲੱਗਿਆ, ਜਿਸ ਕਰ ਕੇ ਮੈਨੂੰ ਰੈਗੂਲਰ ਬੈਂਕਿੰਗ ‘ਚ ਭੇਜ ਦਿੱਤਾ ਗਿਆ।”

ਇਸ ਮੁਹਾਰਤ ਨਾਲ ਉਸ ਨੂੰ 2001 ‘ਚ ਕੈਨੇਡਾ ਦੇ ਇੱਕ ਬੈਂਕ ‘ਚ ਵੀ ਨੌਕਰੀ ਪ੍ਰਾਪਤ ਕਰਨ ‘ਚ ਬਹੁਤ ਮੱਦਦ ਮਿਲੀ ਜਦੋਂ ਉਹ ਆਪਣੇ ਪੂਰੇ ਪਰਿਵਾਰ ਨਾਲ ਇੱਥੇ ਇੱਕ ਪਰਵਾਸੀ ਵੱਜੋਂ ਆਇਆ ਸੀ।

ਪਰ ਉਸ ਦਾ ਮਨ ਕਿਤੇ ਹੋਰ ਹੀ ਕੰਮ ਕਰਨ ਦਾ ਸੀ।

ਪਰਮਜੀਤ ਨੇ ਕਿਹਾ, ”ਪਹਿਲੇ ਦਿਨ ਤੋਂ ਹੀ ਮੇਰਾ ਮਨ ਇੱਕ ਬਿਜ਼ਨੈਸਮੈਨ ਬਣਨ ਦਾ ਸੀ।”

ਉਸ ਦੀ ਪਤਨੀ, ਅਮਨ ਪ੍ਰੀਤ, ਨੂੰ ਵੀ ਇੱਕ ਟਰੱਕਿੰਗ ਕੰਪਨੀ ਵੱਲੋਂ ਡਿਸਪੈਚਰ ਦੇ ਰੂਪ ‘ਚ ਨੌਕਰੀ ਦੀ ਪੇਸ਼ਕਸ਼ ਮਿਲੀ।

49 ਵਰ੍ਹਿਆਂ ਦੇ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਉਹੀ ਵੇਲਾ ਸੀ ਜਦੋਂ ਉਸ ਦੇ ਦਿਮਾਗ਼ ‘ਚ ਸੁਰੱਖਿਆ ਅਤੇ ਕਾਨੂੰਨ ਦੀ ਤਾਮੀਲ ਬਾਰੇ ਕੋਈ ਕਾਰੋਬਾਰ ਸ਼ੁਰੂ ਕਰਨ ਦੇ ਵਿਚਾਰ ਨੇ ਜਨਮ ਲਿਆ।

ਉਸ ਵੇਲੇ ਉਸ ਦੇ ਕਈ ਹਮਵਤਨ ਵੀ ਟਰੱਕਿੰਗ ਉਦਯੋਗ ‘ਚ ਕੰਮ ਕਰ ਰਹੇ ਸਨ, ਇਸ ਲਈ ਉਸ ਨੇ ਸੋਚਿਆ ਕਿ ਉਸ ਨੂੰ ਆਪਣੇ ਗਾਹਕਾਂ ਦੀ ਕੋਈ ਕਮੀ ਪੇਸ਼ ਨਹੀਂ ਆਵੇਗੀ।

ਇਸ ਤੋਂ ਕੁੱਝ ਸਮਾਂ ਬਾਅਦ ਹੀ ਪੀ.ਏ.ਪੀ. ਟਰੱਕਿੰਗ ਦਾ ਜਨਮ ਹੋਇਆ।

ਪਰ ਉਦੋਂ ਇਹ ਉਸ ਲਈ ਪਾਰਟ-ਟਾਈਮ ਕੰਮ ਸੀ ਕਿਉਂਕਿ ਪਰਮਜੀਤ ਨੇ ਬੈਂਕਿੰਗ ‘ਚ ਕੰਮ ਕਰਨਾ ਜਾਰੀ ਰੱਖਿਆ ਸੀ। ਉਸ ਨੇ ਨਾਰਥ ਅਮਰੀਕਨ ਟਰਾਂਸਪੋਰਟੇਸ਼ਨ ਮੈਨੇਜਮੈਂਟ ਇੰਸਟੀਚਿਊਟ (ਐਨ.ਏ.ਟੀ.ਐਮ.ਆਈ.) ‘ਚ ਜ਼ੋਖ਼ਮ ਪ੍ਰਬੰਧਨ ਅਤੇ ਸੁਰੱਖਿਆ ਕਾਨੂੰਨ ਪਾਲਣਾ ਬਾਰੇ ਕਈ ਕੋਰਸ ਵੀ ਪੂਰੇ ਕੀਤੇ।

2006 ‘ਚ ਪਰਮਜੀਤ ਨੇ ਐਫ਼.ਐਸ.ਆਈ. ਫ਼ਰੇਟ ਸਲਿਊਸ਼ਨਜ਼ ਨਾਂ ਦੀ ਕੰਪਨੀ ਸ਼ੁਰੂ ਕੀਤੀ ਜਿਸ ਦਾ ਪ੍ਰੈਜ਼ੀਡੈਂਟ ਉਹ ਖ਼ੁਦ ਸੀ।

ਐਫ਼.ਐਸ.ਆਈ. ਵੱਲੋਂ ਕਈ ਤਰ੍ਹਾਂ ਦੀਆਂ ਸੁਰੱਖਿਆ ਅਤੇ ਕਾਨੂੰਨ ਪਾਲਣ ਸੇਵਾਵਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਇਹ ਉੱਦਮੀਆਂ ਨੂੰ ਟਰੱਕਿੰਗ ਕਾਰੋਬਾਰ ਸਥਾਪਤ ਕਰਨ ‘ਚ ਵੀ ਮੱਦਦ ਕਰਦਾ ਹੈ।

ਪਰਮਜੀਤ ਨੇ ਕਿਹਾ ਕਿ ਇਸ ਉਦਯੋਗ ‘ਚ ਕੰਮ ਕਰਨ ਵਾਲੇ ਬਹੁਤ ਸਾਰੇ ਲੋਕਾਂ ਨੂੰ ਇਸ ਖੇਤਰ ਦੇ ਨਿਯਮਾਂ ਅਤੇ ਕਾਨੂੰਨਾਂ ਬਾਰੇ ਕੋਈ ਅੰਦਾਜ਼ਾ ਨਹੀਂ ਹੈ।

ਜਿੱਥੇ ਵੀ ਸੁਰੱਖਿਆ ਅਤੇ ਕਾਨੂੰਨ ਪਾਲਣਾ ਦਾ ਸਵਾਲ ਆਉਂਦਾ ਹੈ ਤਾਂ ਉਹ ਆਪਣੇ ਜ਼ਿਆਦਾਤਰ ਗ੍ਰਾਹਕਾਂ ਨੂੰ ਸਾਫ਼ ਤੌਰ ‘ਤੇ ਕਹਿ ਦਿੰਦਾ ਹੈ ਉਹ ਗ਼ਲਤ ਤਰੀਕੇ ਨਾਲ ਕੰਮ ਕਰਨ ਜਾ ਰਹੇ ਹਨ।

ਪਰਮਜੀਤ ਅਨੁਸਾਰ, ”ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਉਹ ਕਿਹੜੇ ਕਾਨੂੰਨਾਂ ਹੇਠ ਕੰਮ ਕਰਨ ਜਾ ਰਹੇ ਹਨ। ਮੈਂ ਉਨ੍ਹਾਂ ਨੂੰ ਅਕਸਰ ਕਹਿੰਦਾ ਹਾਂ ਕਿ ਲੋਕਾਂ ਨੂੰ ਸਿਖਲਾਈ ਦੇਣ ਲਈ ਤੁਹਾਡੇ ਕੋਲ ਲੋੜੀਂਦਾ ਪੈਸਾ ਹੋਣਾ ਚਾਹੀਦਾ ਹੈ।”

ਵਰਕਪਲੇਸ ਸੇਫ਼ਟੀ ਐਂਡ ਇੰਸ਼ੋਰੈਂਸ ਬੋਰਡ (ਡਬਲਿਊ.ਐਸ.ਆਈ.ਬੀ.) ਜਿਸ ਤਰ੍ਹਾਂ ਟਰੱਕਰਸ ਦੇ ਦਾਅਵਿਆਂ ‘ਤੇ ਕੰਮ ਕਰਦਾ ਹੈ, ਉਹ ਇਸ ਗੱਲੋਂ ਵੀ ਖ਼ੁਸ਼ ਨਹੀਂ ਹਨ। ਉਨ੍ਹਾਂ ਕਿਹਾ ਕਿ ਏਜੰਸੀ ‘ਚ ਸੁਧਾਰ ਲਿਆਉਣ ਦਾ ਸਮਾਂ ਆ ਗਿਆ ਹੈ।

ਉਨ੍ਹਾਂ ਕਿਹਾ, ”ਮੇਰਾ ਮਤਲਬ ਹੈ ਕਿ ਇਹ ਉਸਾਰੂ ਤਰੀਕਾ ਹੈ, ਨਾ ਕਿ ਢਾਹੂ।”

ਐਫ਼.ਐਸ.ਆਈ. ਕੋਲ ਨੌਂ ਮੁਲਾਜ਼ਮ ਹਨ, ਪਰ ਉਨ੍ਹਾਂ ਦੀ ਪਤਨੀ ਪ੍ਰੀਤ ਉਨ੍ਹਾਂ ਨਾਲ ਕੰਮ ਨਹੀਂ ਕਰਵਾਉਂਦੀ। ਉਨ੍ਹਾਂ ਅਨੁਸਾਰ, ਉਸ ਨੂੰ ਆਪਣਾ ਡਿਸਪੈਚਰ ਦਾ ਕੰਮ ਹੀ ਪਸੰਦ ਹੈ।

ਕੰਮ ਅਤੇ ਪਰਿਵਾਰ ਤੋਂ ਦੂਰ, ਪਰਮਜੀਤ ਆਪਣਾ ਸਮਾਂ ਬੈਡਮਿੰਟਨ ਜਾਂ ਟੈਬਲ ਟੈਨਿਸ ਖੇਡ ਕੇ ਬਤੀਤ ਕਰਦਾ ਹੈ।

ਪਰਮਜੀਤ ਸਿੰਘ ਅਤੇ ਉਸ ਦੀ ਪਤਨੀ ਆਪਣੇ ਦੋ ਬੱਚਿਆਂ ਨਾਲ ਬਰੈਂਪਟਨ ‘ਚ ਰਹਿੰਦੇ ਹਨ ਜਿਨ੍ਹਾਂ ਦੇ ਨਾਂ ਪ੍ਰਭਜੋਤ, 21 ਅਤੇ ਏਕਜੋਤ, 16 ਹਨ।

ਪ੍ਰਭਜੋਤ ਇਲੈਕਟ੍ਰੀਕਲ ਇੰਜੀਨੀਅਰਿੰਗ ‘ਚ ਜਾਣ ਦਾ ਚਾਹਵਾਨ ਹੈ, ਪਰ ਉਨ੍ਹਾਂ ਦੇ ਛੋਟੇ ਪੁੱਤਰ ਨੇ ਅਜੇ ਆਪਣੇ ਕਰੀਅਰ ਬਾਰੇ ਕੁੱਝ ਨਹੀਂ ਸੋਚਿਆ ਹੈ।

”ਪਤਾ ਨਹੀਂ ਉਸ ਨੂੰ ਟਰੱਕਿੰਗ ਦਾ ਪੇਸ਼ਾ ਪਸੰਦ ਆਵੇਗਾ ਜਾਂ ਨਹੀਂ। ਉਹ ਬਿਲਕੁਲ ਵੱਖਰਾ ਬੰਦਾ ਹੈ।”

 

– ਅਬਦੁਲ ਲਤੀਫ਼ ਦੀ ਖ਼ਾਸ ਰਿਪੋਰਟ