ਸੇਫ਼ਟੀ ਬਲਿਟਜ਼ ਦੌਰਾਨ ਟਰੱਕਰਸ ਨੂੰ ਭਰਨਾ ਪਿਆ ਜੁਰਮਾਨਾ

ਪਿਛਲੇ ਹਫ਼ਤੇ ਦੀ ‘ਆਪਰੇਸ਼ਨ ਸੇਫ਼ ਡਰਾਈਵਰ’ ਮੁਹਿੰਮ ਦੌਰਾਨ ਕਮਰਸ਼ੀਅਲ ਗੱਡੀਆਂ ਦੇ ਦਰਜਨਾਂ ਡਰਾਈਵਰਾਂ ਨੂੰ ਓ.ਪੀ.ਪੀ. ਕੈਲੇਡਨ ਦੇ ਅਫ਼ਸਰਾਂ ਵੱਲੋਂ ਲਾਏ ਜੁਰਮਾਨੇ ਭਰਨੇ ਪਏ।

ਕਮਰਸ਼ੀਅਲ ਵਹੀਕਲ ਸੇਫ਼ਟੀ ਅਲਾਇੰਸ (ਸੀ.ਵੀ.ਐਸ.ਏ.) ਵੱਲੋਂ ਛੇੜੀ ਜਾਣ ਵਾਲੀ ਇਹ ਸਾਲਾਨਾ ਮੁਹਿੰਮ, ਪੁਲਿਸ ਅਤੇ ਉੱਤਰੀ ਅਮਰੀਕਾ ਦੇ ਹੋਰ ਸੜਕ ਸੁਰੱਖਿਆ ਭਾਈਵਾਲਾਂ ਦੀ ਮੱਦਦ ਨਾਲ 12 ਤੋਂ 18 ਜੁਲਾਈ ਤਕ ਚਲਾਈ ਗਈ। ਇਸ ਦੌਰਾਨ ਤੇਜ਼ ਰਫ਼ਤਾਰ ਅਤੇ ਡਰਾਈਵਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਹੋਰ ਖ਼ਤਰਨਾਕ ਗਤੀਵਿਧੀਆਂ ‘ਤੇ ਧਿਆਨ ਕੇਂਦਰਤ ਕੀਤਾ ਗਿਆ।

ਕੈਲੇਡਨ ਓ.ਪੀ.ਪੀ. ਨੇ ਕਿਹਾ ਕਿ 40 ਕਮਰਸ਼ੀਅਲ ਗੱਡੀਆਂ ਦੇ ਡਰਾਈਵਰਾਂ ਨੂੰ ਮੁਹਿੰਮ ਦੌਰਾਨ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਪਾਇਆ ਗਿਆ।

ਇਨ੍ਹਾਂ ‘ਚੋਂ 18 ‘ਤੇ ਤੇਜ਼ ਰਫ਼ਤਾਰ ਦਾ ਜੁਰਮਾਨਾ ਲਾਇਆ ਗਿਆ। ਹੋਰਨਾਂ ਜੁਰਮਾਂ ‘ਚ ਬੇਧਿਆਨੇ ਹੋ ਕੇ ਡਰਾਈਵਿੰਗ ਕਰਨਾ, ਸੀਟ ਬੈਲਟ ਨਾ ਲਾਉਣਾ ਅਤੇ ਨੁਕਸਦਾਰ ਗੱਡੀਆਂ ਦਾ ਪ੍ਰਯੋਗ ਕਰਨਾ ਸ਼ਾਮਲ ਹੈ।

ਓ.ਪੀ.ਪੀ. ਨੇ ਕਿਹਾ ਕਿ ਬਲਿਟਜ਼ ਦੌਰਾਨ ਸੈਂਕੜੇ ਗ਼ੈਰ-ਕਮਰਸ਼ੀਅਲ ਡਰਾਈਵਰਾਂ ‘ਤੇ ਵੀ ਜੁਰਮਾਨਾ ਲਾਇਆ ਗਿਆ। ਇਨ੍ਹਾਂ ‘ਚੋਂ ਜ਼ਿਆਦਾਤਰ, 450 ਤੋਂ ਜ਼ਿਆਦਾ ਡਰਾਈਵਰਾਂ ‘ਤੇ, ਤੇਜ਼ ਰਫ਼ਤਾਰ ਲਈ ਜੁਰਮਾਨਾ ਲਾਇਆ ਗਿਆ।

ਪਿਛਲੇ ਸਾਲ, ਓ.ਪੀ.ਪੀ. ਦੀ ਤੈਨਾਤੀ ਵਾਲੇ ਇਲਾਕਿਆਂ ‘ਚ ਸਿਰਫ਼ ਟਰੱਕਾਂ ਦੀ ਸ਼ਮੂਲੀਅਤ ਵਾਲੀਆਂ 8,432 ਟੱਕਰਾਂ ਹੋਈਆਂ ਅਤੇ 96 ਲੋਕਾਂ ਦੀ ਮੌਤ ਹੋਈ।

ਇਹ ਇਸ ਪ੍ਰੋਵਿੰਸ ਅੰਦਰ ਪਿਛਲੇ 20 ਸਾਲਾਂ ਦੌਰਾਨ ਗੱਡੀਆਂ ਨੂੰ ਲੈ ਕੇ ਸਭ ਤੋਂ ਜ਼ਿਆਦਾ ਟੱਕਰਾਂ ਅਤੇ ਮੌਤਾਂ ਦਾ ਅੰਕੜਾ ਹੈ।

ਸੇਫ਼ਟੀ ਬਲਿਟਜ਼ ਦੌਰਾਨ ਦਰਜਨਾਂ ਕਮਰਸ਼ੀਅਲ ਗੱਡੀਆਂ ਅਤੇ ਡਰਾਈਵਰਾਂ ‘ਤੇ ਜੁਰਮਾਨਾ ਲਗਾਇਆ ਗਿਆ।