ਹਾਈਵੇ 11 ’ਤੇ 2+1 ਡਿਜ਼ਾਈਨ ਦੀ ਪਰਖ ਕਰੇਗਾ ਓਂਟਾਰੀਓ

ਹਾਈਵੇ ਸੁਰੱਖਿਆ ਨੂੰ ਬਿਹਤਰ ਕਰਨ ਦੇ ਮਕਸਦ ਨਾਲ ਓਂਟਾਰੀਓ ਨਾਰਥ ਬੇਅ ਦੇ ਉੱਤਰ ਵੱਲ ਸਥਿਤ ਹਾਈਵੇ 11 ’ਤੇ ਪ੍ਰੋਵਿੰਸ ਦੇ ਪਹਿਲੇ 2+1 ਹਾਈਵੇ ਡਿਜ਼ਾਈਨ ਦੀ ਪਰਖ ਕਰੇਗਾ।

ਪ੍ਰੋਵਿੰਸ ਨੇ ਦੱਸਿਆ ਕਿ 2+1 ਹਾਈਵੇ ਤਿੰਨ-ਲੇਨ ਦਾ ਹਾਈਵੇ ਹੁੰਦਾ ਹੈ ਜਿਸ ਦੇ ਕੇਂਦਰ ’ਚ ਇੱਕ ਪਾਸਿੰਗ ਲੇਨ ਹੁੰਦੀ ਹੈ ਜੋ ਕਿ ਲਗਭਗ ਹਰ ਤਿੰਨ ਤੋਂ ਪੰਜ ਕਿੱਲੋਮੀਟਰ ਤੋਂ ਬਾਅਦ ਦਿਸ਼ਾ ਬਦਲ ਲੈਂਦੀ ਹੈ। ਇਸ ਹਾਈਵੇ ਮਾਡਲ ਨੂੰ ਦੁਨੀਆਂ ਦੇ ਹੋਰਨਾਂ ਅਧਿਕਾਰ ਖੇਤਰਾਂ ’ਚ ਪ੍ਰਯੋਗ ਕੀਤਾ ਜਾ ਰਿਹਾ ਹੈ ਅਤੇ ਇਹ ਹਾਈਵੇ ਨੂੰ ਦੋਹਰਾ ਬਣਾਉਣ ਤੋਂ ਸਸਤਾ ਵੀ ਪੈਂਦਾ ਹੈ।

(ਤਸਵੀਰ: ਓਂਟਾਰੀਓ ਐਮ.ਟੀ.ਓ.)

ਆਵਾਜਾਈ ਮੰਤਰੀ ਕੈਰੋਲਾਈਨ ਮਲਰੋਨੀ ਨੇ ਕਿਹਾ, ‘‘ਇਹ ਉੱਤਰੀ ਅਮਰੀਕਾ ’ਚ ਆਪਣੀ ਤਰ੍ਹਾਂ ਦਾ ਪਹਿਲਾ ਹਾਈਵੇ ਹੋਵੇਗਾ ਜੋ ਕਿ ਲੋਕਾਂ ਅਤੇ ਵਸਤਾਂ ਨੂੰ ਉੱਤਰੀ ਓਂਟਾਰੀਓ ’ਚ ਸੁਰੱਖਿਅਤ ਤਰੀਕੇ ਨਾਲ ਅੱਗੇ ਵਧਾਉਂਦਾ ਰਹੇਗਾ। ਮਹੱਤਵਪੂਰਨ ਮੁਢਲਾ ਢਾਂਚਾ ਪ੍ਰਾਜੈਕਟਾਂ ’ਤੇ ਕੰਮ ਸ਼ੁਰੂ ਕਰਨ ’ਚ ਇਹ ਪ੍ਰਮੁੱਖ ਕਦਮ ਸਾਬਤ ਹੋਵੇਗਾ ਜੋ ਕਿ ਇੱਕ ਮਜ਼ਬੂਤ ਆਵਾਜਾਈ ਨੈੱਟਵਰਕ ਮੁਹੱਈਆ ਕਰਵਾਉਣਗੇ ਅਤੇ ਨੌਕਰੀਆਂ ਪੈਦਾ ਕਰਨਗੇ।’’

ਪ੍ਰੋਵਿੰਸ ਨੇ ਇਸ ਦੇ ਡਿਜ਼ਾਈਨ ਅਤੇ ਉਸਾਰੀ ਲਈ ਪੇਸ਼ਕਸ਼ਾਂ ਦੀ ਮੰਗ ਜਾਰੀ ਕੀਤੀ ਹੈ। ਇਸ ਪ੍ਰਾਜੈਕਟ ਲਈ ਦੋ ਸਥਾਨਾਂ ਦੀ ਪਛਾਣ ਕੀਤੀ ਗਈ ਹੈ।

‘ਗੋਇੰਗ ਦ ਐਕਸਟਰਾ ਮਾਈਲ ਫ਼ਾਰ ਸੇਫ਼ਟੀ’ ਦੀ ਚੇਅਰਵਿਮੈਨ ਹੈਲੀਨ ਕਲਹੇਨ ਨੇ ਕਿਹਾ, ‘‘2+1 ਪਰਖ ਪ੍ਰਾਜੈਕਟ ਨੂੰ ਅੱਗੇ ਵਧਦਾ ਵੇਖ ਕੇ ਅਸੀਂ ਉਤਸ਼ਾਹਿਤ ਹਾਂ। ਹਾਈਵੇ 11 ’ਤੇ ਸੁਰੱਖਿਆ ਬਾਰੇ ਅਸੀਂ ਓਂਟਾਰੀਓ ਨਾਲ ਕਈ ਸਾਲਾਂ ਤੋਂ ਕੰਮ ਕਰ ਰਹੇ ਹਾਂ ਅਤੇ 2+1 ਮਾਡਲ ਦੀ ਸ਼ਿਫ਼ਾਰਸ ਕੀਤੀ ਹੈ। ਸਾਡੀ ਮਿਹਨਤ ਰੰਗ ਲਿਆਈ ਹੈ ਅਤੇ ਇਹ ਵੇਖ ਕੇ ਸਾਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਸਾਡਾ ਮੁੱਖ ਟੀਚਾ ਹਮੇਸ਼ਾ ਹੀ ਸਾਡੀਆਂ ਸੜਕਾਂ ਅਤੇ ਸਾਡੇ ਯਾਤਰੀਆਂ ਦੀ ਸੁਰੱਖਿਆ ਰਿਹਾ ਹੈ, ਅਤੇ ਅਸੀਂ ਆਪਣੇ ਵਚਨ ’ਤੇ ਖਰਾ ਉਤਰਨ ਲਈ ਮੰਤਰਾਲੇ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ।’’