ਹਾਈਵੇ 412 ਅਤੇ 418 ਤੋਂ ਟੋਲ ਹਟਾਏਗਾ ਓਂਟਾਰੀਓ

Avatar photo

ਓਂਟਾਰੀਓ ਹਾਈਵੇ 412 ਅਤੇ 418 ਤੋਂ ਟੋਲ ਨੂੰ ਖਤਮ ਕਰਨ ਜਾ ਰਿਹਾ ਹੈ ਜੋ ਡਰਹਮ ਰੀਜਨ ਵਿੱਚ ਹਾਈਵੇ 401 ਅਤੇ 407 ਦੇ ਵਿਚਕਾਰ ਚਲਦੇ ਹਨ।

ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ 5 ਅਪ੍ਰੈਲ ਤੋਂ ਇਹ ਤਬਦੀਲੀ  ਲਾਗੂ ਹੋਣ ਦੀ ਘੋਸ਼ਣਾ ਕਰਦੇ ਹੋਏ ਕਿਹਾ, “ਕੁਝ ਚੀਜ਼ਾਂ ਰਾਤੋ-ਰਾਤ ਨਹੀਂ ਵਾਪਰਦੀਆਂ ਪਰ ਅੰਤ ਵਿੱਚ ਇਹ ਟੋਲ ਖਤਮ ਹੋ ਗਏ ਹਨ।”

ਪੂਰੇ ਪ੍ਰੋਵਿੰਸ ਵਿੱਚ ਸਿਰਫ ਇਨ੍ਹਾਂ  ਦੋਵੇਂ  ਉੱਤਰ-ਦੱਖਣ ਹਾਈਵੇ ਉਤੇ ਹੀ ਟੋਲ ਲਿਆ ਜਾਂਦਾ ਸੀ। ਡਰਹਮ ਖੇਤਰ ਦੇ ਚੇਅਰਮੈਨ ਜੌਹਨ ਹੈਨਰੀ ਅਤੇ ਰੀਜਨ ਦੇ ਮੇਅਰ ਟੋਲ ਹਟਾਉਣ ਦੀ ਵਕਾਲਤ ਕਰਨ ਵਾਲਿਆਂ ਵਿੱਚੋਂ ਇੱਕ ਹਨ।

ਜਦੋਂ ਕਿ ਹਾਈਵੇ 412 ਅਤੇ 418 ਲਈ ਟੋਲ ਹਟਾ ਦਿੱਤੇ ਗਏ ਹਨ। ਹਾਈਵੇ 407 ’ਤੇ ਟੋਲ ਰਹੇਗਾ।

ਟਰਾਂਸਪੋਰਟੇਸ਼ਨ ਮੰਤਰੀ ਕੈਰੋਲਾਈਨ ਮਲਰੋਨੀ ਨੇ ਕਿਹਾ, “ਪਿਛਲੀ ਸਰਕਾਰ ਨੇ ਹਾਈਵੇ 412 ਅਤੇ 418 ’ਤੇ ਟੋਲ ਲਗਾ ਕੇ ਡਰਹਮ ਖੇਤਰ ਵਿੱਚ ਡਰਾਈਵਰਾਂ ਅਤੇ ਕਾਰੋਬਾਰਾਂ ਨੂੰ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਇਆ, ਜਿਸ ਨਾਲ ਹਾਈਵੇ ਦੀ ਵਰਤੋਂ ਘੱਟ ਹੋ ਗਈ ਜਦੋਂ ਕਿ ਸਥਾਨਕ ਗਲੀਆਂ ਵਿੱਚ ਭੀੜ ਵਧਦੀ ਜਾ ਰਹੀ ਸੀ। ਜਿਵੇਂ  ਅਸੀਂ ਨਵੇਂ ਹਾਈਵੇ ਬਣਾ ਰਹੇ ਹਾਂ, ਸਾਡੀ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਅਸੀਂ ਅਤੀਤ ਦੀਆਂ ਗਲਤੀਆਂ ਨੂੰ ਨਹੀਂ ਦੁਹਰਾਵਾਂਗੇ ਅਤੇ ਓਂਟਾਰੀਓ ਵਾਸੀਆਂ ’ਤੇ ਇਸ ਕਿਸਮ ਦੇ ਲਾਗਤ ਬੋਝ ਨਹੀਂ ਪਾਵਾਂਗੇ।”

ਪਰ ਨਿੱਜੀ ਤੌਰ ’ਤੇ  ਸੰਚਾਲਿਤ ਹਾਈਵੇ 407  ’ਤੇ ਟੋਲ ਦਰਾਂ ਪ੍ਰਭਾਵਿਤ ਨਹੀਂ ਹੋਈਆਂ।

407 ਉਤੇ 2020 ਦੇ ਮੁਕਾਬਲੇ ਟ੍ਰੈਫ਼ਿਕ ਵਿੱਚ 8% ਵਾਧਾ ਦੇਖਿਆ।

ਨਿੱਜੀ ਮਲਕੀਅਤ ਵਾਲੇ 407 ਟੋਲ ਰੂਟ ਨੇ 2020 ਵਿੱਚ 908 ਮਿਲੀਅਨ ਡਾਲਰ ਦੇ ਮੁਕਾਬਲੇ, 2021 ਵਿੱਚ ਲਗਭਗ ਇੱਕ ਬਿਲੀਅਨ ਤੋਂ ਵੱਧ ਮਾਲੀਆ ਇਕੱਠਾ ਕੀਤਾ, ਜਿਸ ਨਾਲ 407 ਇੰਟਰਨੈਸ਼ਨਲ ਨੂੰ 212.4 ਮਿਲੀਅਨ ਡਾਲਰ ਦਾ ਸ਼ੁੱਧ ਮਾਲੀਆ ਮਿਲਿਆ। ਵਿਆਜ ਅਤੇ ਹੋਰ ਟੈਕਸਾਂ, ਮੁੱਲ ਘਾਟਾ ਅਤੇ ਰਾਖਵੀਂ ਰਕਮ ਤੋਂ ਪਹਿਲਾਂ ਦੀ ਕਮਾਈ 2021 ਵਿੱਚ ਕੁੱਲ 859 ਮਿਲੀਅਨ ਡਾਲਰ ਸੀ।