ਹੁੰਡਾਈ ਨੇ ਐਨ.ਏ.ਸੀ.ਵੀ. ਸ਼ੋਅ ‘ਚ ਪ੍ਰਦਰਸ਼ਿਤ ਕੀਤਾ ਹਾਈਡਰੋਜਨ ਫ਼ਿਊਲ ਸੈੱਲ ਨਾਲ ਚੱਲਣ ਵਾਲਾ ਟਰੱਕ

ਉੱਤਰੀ ਅਮਰੀਕੀ ਕਮਰਸ਼ੀਅਲ ਵਹੀਕਲ ਸ਼ੋਅ (ਐਨ.ਏ.ਸੀ.ਵੀ.ਐਸ.) ‘ਚ ਖਿੱਚ ਦਾ ਸਭ ਤੋਂ ਵੱਡਾ ਕੇਂਦਰ ਹੁੰਡਾਈ ਦਾ ਹਾਈਡਰੋਜਨ ਫ਼ਿਊਲ ਸੈੱਲ ਨਾਲ ਚੱਲਣ ਵਾਲਾ ਇਲੈਕਟ੍ਰਿਕ ਟਰੱਕ ਰਿਹਾ।
ਹੁੰਡਾਈ ਅਮਰੀਕਾ ਤੋਂ ਬਾਹਰ ਕੌਮਾਂਤਰੀ ਬਾਜ਼ਾਰ ‘ਚ ਸ਼੍ਰੇਣੀ 2-8 ਦੀਆਂ ਕਮਰਸ਼ੀਅਲ ਗੱਡੀਆਂ ਬਣਾਉਂਦਾ ਹੈ ਅਤੇ ਇਸ ਦੀ ਉਤਪਾਦਨ ਸਮਰਥਾ 300,000 ਇਕਾਈਆਂ ਹੈ। ਇਸ ਲਈ ਇਹ ਕੌਮਾਂਤਰੀ ਬਾਜ਼ਾਰ ਦਾ ਮਹੱਤਵਪੂਰਨ ਖਿਡਾਰੀ ਹੈ, ਭਾਵੇਂ ਇਸ ਨੇ ਉੱਤਰੀ ਅਮਰੀਕਾ ‘ਚ ਆਪਣੇ ਇਨ੍ਹਾਂ ਟਰੱਕਾਂ ਨੂੰ ਪੇਸ਼ ਨਹੀਂ ਕੀਤਾ ਹੈ।
ਹੁੰਡਾਈ ਦੇ ਕਮਰਸ਼ੀਅਲ ਵਹੀਕਲ ਡਿਵੀਜ਼ਨ ਦੇ ਮੁਖੀ ਐਡਵਰਡ ਲੀ ਨੇ ਉੱਤਰੀ ਅਮਰੀਕੀ ਕਮਰਸ਼ੀਅਲ ਵਹੀਕਲ ਸ਼ੋਅ ਦੌਰਾਨ ਕਿਹਾ, ”ਭਵਿੱਖ ਦੀ ਆਵਾਜਾਈ ਲਈ ਅਸੀਂ ਯਾਤਰੀ ਅਤੇ ਕਮਰਸ਼ੀਅਲ ਗੱਡੀਆਂ ਦੇ ਖੇਤਰ ‘ਚ ਓ.ਈ.ਐਮ. ਤੋਂ ਬਦਲ ਕੇ ਸਮਾਰਟ ਮੋਬੀਲਿਟੀ ਸਲਿਊਸ਼ਨਜ਼ ਪ੍ਰਦਾਤਾ ਬਣਨਾ ਚਾਹੁੰਦੇ ਹਾਂ। ਸਾਡਾ ਟੀਚਾ ਅਜਿਹੀਆਂ ਗੱਡੀਆਂ ਦਾ ਨਿਰਮਾਣ ਕਰਨਾ ਹੈ ਜਿਨ੍ਹਾਂ ‘ਚ ਕਿਸੇ ਕਿਸਮ ਦਾ ਪ੍ਰਦੂਸ਼ਣ ਫੈਲਾਉਣ ਵਾਲਾ ਫ਼ਿਊਲ ਪ੍ਰਯੋਗ ਨਾ ਹੋਵੇ ਅਤੇ ਇਹ ਉਤਸਰਜਨ ਮੁਕਤ ਹੋਣ।”
ਹਾਈਡਰੋਜਨ ਨੂੰ ਜਦੋਂ ਬਿਜਲੀ ਪੈਦਾ ਕਰਨ ਦੀ ਪ੍ਰਕਿਰਿਆ ‘ਚ ਆਕਸੀਜਨ ਨਾਲ ਮਿਲਾਇਆ ਜਾਂਦਾ ਹੈ ਤਾਂ ਇਸ ਦਾ ਅਵਸ਼ੇਸ਼ ਸਿਰਫ਼ ਪਾਣੀ ਹੁੰਦਾ ਹੈ। ਹੁੰਡਾਈ ਨੇ ਪਹਿਲਾਂ ਹੀ 2013 ‘ਚ ਟਕਸਨ ਫ਼ਿਊਲ ਸੈੱਲ ਇਲੈਕਟ੍ਰਿਕ ਵਹੀਕਲ (ਐਫ਼.ਸੀ.ਈ.ਵੀ.) ਨਾਲ ਹਾਈਡਰੋਜਨ ਫ਼ਿਊਲ ਸੈੱਲ ‘ਤੇ ਚੱਲਣ ਵਾਲੀਆਂ ਯਾਤਰੀ ਗੱਡੀਆਂ ਤਿਆਰ ਕਰ ਲਈਆਂ ਸਨ। ਕਮਰਸ਼ੀਅਲ ਗੱਡੀਆਂ ਕੰਪਨੀ ਦੇ ਐਫ਼.ਸੀ.ਈ.ਵੀ. ਵਿਜ਼ਨ 2030 ਰਣਨੀਤੀ ਦਾ ਹਿੱਸਾ ਹਨ।
ਐਚ.ਡੀ.ਸੀ.-6 ਨੈਪਚੂਨ ਇੱਕ ਅਜਿਹੇ ਟਰੱਕ ਦਾ ਕੰਸੈਪਟ ਹੈ ਜੋ ਇਹ ਦਰਸਾਉਂਦਾ ਹੈ ਕਿ ਹੁੰਡਾਈ ਨੂੰ ਹਾਈਡਰੋਜਨ ਦੇ ਭਵਿੱਖ ਦਾ ਫ਼ਿਊਲ ਹੋਣ ‘ਤੇ ਭਰੋਸਾ ਹੈ।

ਹੁੰਡਾਈ ਦੇ ਕਮਰਸ਼ੀਅਲ ਵਹੀਕਲ ਖੋਜ ਅਤੇ ਵਿਕਾਸ ਰਣਨੀਤੀ ਗਰੁੱਪ ਦੇ ਮੁਖੀ ਮਾਈਕ ਜ਼ੇਗਲਰ ਨੇ ਕਿਹਾ ਕਿ ਹੁੰਡਾਈ ਅਜਿਹਾ ਪਹਿਲਾ ਓ.ਈ.ਐਮ. ਹੈ ਜੋ ਕਿ ਫ਼ਿਊਲ ਸੈੱਲ ਟਰੱਕਾਂ ਦੇ ਲੜੀਵਾਰ ਉਤਪਾਦਨ ‘ਚ ਸ਼ਾਮਲ ਹੈ, ਜੋ ਗ੍ਰਾਹਕਾਂ ਨੂੰ ਅਗਲੇ ਸਾਲ ਵੇਚੇ ਜਾਣਗੇ।
ਉਨ੍ਹਾਂ ਕਿਹਾ, ”ਉਦਯੋਗ ‘ਚ ਫ਼ਿਊਲ ਸੈੱਲ ਤਕਨੀਕ ਬਾਰੇ ਕਿਸੇ ਨੂੰ ਹੁੰਡਾਈ ਤੋਂ ਵੱਧ ਤਜਰਬਾ ਨਹੀਂ ਹੈ।”
ਬੈਟਰੀ ਇਲੈਕਟ੍ਰਿਕ ਟਰੱਕਾਂ ‘ਤੇ ਇਸ ਦੇ ਪ੍ਰਮੁੱਖ ਲਾਭਾਂ ‘ਚ ਛੇਤੀ ਫ਼ਿਊਲ ਭਰਨ ਦਾ ਸਮਾਂ (ਸਿਰਫ਼ 15 ਮਿੰਟ) ਅਤੇ ਜ਼ਿਆਦਾ ਦੇਰ ਤਕ ਚਲਣਾ (ਯੂਰੋਪ ‘ਚ ਚਲ ਰਹੇ 4*2 ਰਿਜਿਡ ਟਰੱਕ ਲਈ 250 ਮੀਲ) ਹਨ। ਇਹ ਡੀਜ਼ਲ ਇੰਜਣ ਦੇ ਬਰਾਬਰ ਹੀ ਭਾਰ ਚੁੱਕ ਸਕਦਾ ਹੈ।
ਜ਼ੇਗਲਰ ਨੇ ਕਿਹਾ ਕਿ ਜਦੋਂ ਇਨ੍ਹਾਂ ਟਰੱਕਾਂ ਨੂੰ ਅਮਰੀਕਾ ‘ਚ ਪੇਸ਼ ਕੀਤਾ ਜਾਵੇਗਾ ਤਾਂ ਇਹ ਪ੍ਰਤੀ-ਪ੍ਰਯੋਗ-ਅਦਾਇਗੀ ਦੇ ਆਧਾਰ ‘ਤੇ ਹੋਣਗੇ, ਇਸ ਲਈ ਗ੍ਰਾਹਕਾਂ ਨੂੰ ਇਨ੍ਹਾਂ ਟਰੱਕਾਂ ਨੂੰ ਚਲਾਉਣ ‘ਤੇ ਆਉਣ ਵਾਲੇ ਖ਼ਰਚੇ ਅਤੇ ਰੀਸੇਲ ਕੀਮਤ ਬਾਰੇ ਚਿੰਤਤ ਹੋਣ ਦੀ ਜ਼ਰੂਰਤ ਨਹੀਂ ਹੈ।
ਕਮਰਸ਼ੀਅਲ ਵਹੀਕਲ ਡਿਜ਼ਾਈਨ ਗਰੁੱਪ ਦੇ ਵਾਇਸ-ਪ੍ਰੈਜ਼ੀਡੈਂਟ ਹਾਕ ਸੂ ਹਾਅ ਨੇ ਕਿਹਾ ਕਿ ਹੁੰਡਾਈ 2030 ਤਕ 500,000 ਫ਼ਿਊਲ ਸੈੱਲ ਟਰੱਕਾਂ ਦਾ ਉਤਪਾਦਨ ਕਰਨ ਦਾ ਟੀਚਾ ਰਖਦਾ ਹੈ। ਐਚ.ਡੀ.ਸੀ.-6 ਨੈਪਚੂਨ ਦੀਆਂ ਕੁੱਝ ਵਿਸ਼ੇਸ਼ਤਾਵਾਂ ‘ਚ ਨੀਵਾਂ, ਸਪਾਟ ਫ਼ਰਸ਼ ਸ਼ਾਮਲ ਹੈ ਜਿਸ ਨਾਲ ਸਾਮਾਨ ਅੰਦਰ ਰੱਖਣ ਅਤੇ ਬਾਹਰ ਕੱਢਣ ‘ਚ ਆਸਾਨੀ ਹੁੰਦੀ ਹੈ ਅਤੇ ਇਸ ‘ਚ ਸਾਮਾਨ ਰੱਖਣ ਲਈ ਵਿਸ਼ਾਲ ਥਾਂ ਵੀ ਮਿਲਦੀ ਹੈ। ਇਸ ‘ਚ ਮੋਨੋਕੋਕ ਕੈਬ ਅਤੇ ਨੀਵੀਂ ਕਾਉਲ ਨਾਲ ਆਸੇ-ਪਾਸੇ ਵੇਖਣ ਲਈ ਖੁੱਲ੍ਹੀ ਦ੍ਰਿਸ਼ਟਤਾ ਮਿਲਦੀ ਹੈ।
ਹਾਅ ਨੇ ਕਿਹਾ ਕਿ ਉਨ੍ਹਾਂ ਦੀ ਯੋਜਨਾ ਟਰੱਕ ਨੂੰ ਟਰੇਲਰ ਨਾਲ ਪੂਰੀ ਤਰ੍ਹਾਂ ਏਕੀਕ੍ਰਿਤ ਕਰਨ ਦੀ ਹੈ। ਟਰੇਲਰਾਂ ‘ਤੇ ਵੱਖਰੀ ਇਲੈਕਟ੍ਰਿਕ ਮੋਟਰ ਅਤੇ ਬੈਟਰੀਆਂ ਲਗਾਈਆਂ ਜਾਣਗੀਆਂ ਜਿਸ ਨਾਲ ਸਫ਼ਰ ਦਾ ਸਮਾਂ ਵਧੇਗਾ ਅਤੇ ਮੋੜਾਂ ਸਮੇਤ ਚੜ੍ਹਾਈ ਦੌਰਾਨ ਵੀ ਮੱਦਦ ਮਿਲੇਗੀ।
ਹੋਰਨਾਂ ਵਿਸ਼ੇਸ਼ਤਾਵਾਂ ‘ਚ ਬੰਦ ਹੋਣ ਵਾਲੀਆਂ ਪੌੜੀਆਂ, ਸਲਾਈਡਿੰਗ ਦਰਵਾਜ਼ੇ ਅਤੇ ਘੁੰਮਣ ਵਾਲੀਆਂ ਸੀਟਾਂ ਸ਼ਾਮਲ ਹਨ। ਇੰਜਣ ਬਿਲਕੁਲ ਆਵਾਜ਼ ਜਾਂ ਕੰਪਨ ਪੈਦਾ ਨਹੀਂ ਕਰਦਾ।

ਨਵੀਂ ਟਰੇਲਰ ਤਕਨਾਲੋਜੀ
ਹੁੰਡਾਈ ਨੇ ਟਰੇਲਰ ‘ਤੇ ਵੀ ਕਾਫ਼ੀ ਧਿਆਨ ਦਿੱਤਾ ਹੈ। ਹੁੰਡਾਈ ਟਰਾਂਸਲੇਡ ਦੇ ਸੀ.ਈ.ਓ. ਬੋਂਗਜਾਈ ਲੀ ਨੇ ਇੱਕ ਨਵਾਂ ਵਾਤਾਵਰਣ ਹਿਤੈਸ਼ੀ ਰੈਫ਼ਰਿਜਰੇਟਰ ਟਰੇਲਰ ਡਿਜ਼ਾਈਨ ਤਿਆਰ ਕੀਤਾ ਹੈ। ਇਸ ਟਰੇਲਰ ਦਾ ਡਿਜ਼ਾਈਨ ਤਿਆਰ ਕਰਨ ਲਈ ਹੁੰਡਾਈ ਨੇ ਏਅਰ ਲੀਕੁਈਡ ਨਾਲ ਸਾਂਝੇਦਾਰੀ ਕੀਤੀ ਹੈ, ਜੋ ਕਿ ਨਾਈਟਰੋਜਨ ਰੈਫ਼ਰਿਜਰੇਸ਼ਨ ਤਕਨਾਲੋਜੀ ਦਾ ਪ੍ਰਯੋਗ ਕਰਦਾ ਹੈ, ਜਿਸ ਨਾਲ ਟਰੇਲਰ ਦਾ ਕਾਰਬਨ ਉਤਸਰਜਨ 90% ਤਕ ਘੱਟ ਜਾਂਦਾ ਹੈ ਅਤੇ ਇਹ ਹਵਾ ਦੇ ਸੰਪਰਕ ‘ਚ ਆਉਣ ‘ਤੇ ਸਿਫ਼ਰ ਉਤਸਰਜਨ ਪੈਦਾ ਕਰਦਾ ਹੈ।
ਹੁੰਡਾਈ ਟਰਾਂਸਲੀਡ ਦੇ ਮੁੱਖ ਸੇਲਜ਼-ਅਫ਼ਸਰ ਸਟੂਅਰਟ ਜੇਮਸ ਨੇ ਕਿਹਾ ਕਿ ਇਸ ਕੰਸੈਪਟ ਟਰੇਲਰ ਨੂੰ ਐਚ.ਟੀ. ਨਾਈਟਰੋ ਥਰਮੋਟੈਕ ਟਰੇਲਰ ਦਾ ਨਾਂ ਦਿੱਤਾ ਗਿਆ ਹੈ।
ਰਵਾਇਤੀ ਟਰੇਲਰ ਠੰਢਾ ਰੱਖਣ ਵਾਲੀ ਇਕਾਈ ਹਵਾ ‘ਚੋਂ ਗਰਮੀ ਸੋਖ ਲੈਂਦੀ ਹੈ, ਅਤੇ ਇਸ ਨੂੰ ਗਰਮੀ ਸੋਖਣ ਵਾਲੇ ਰੈਫ਼ਰਿਜਰੈਂਟ ਕੋਲ ਛੱਡ ਦਿੰਦੀ ਹੈ। ਪਰ ਐਚ.ਟੀ. ਨਾਈਟਰੋ ਥਰਮੋਟੈਕ ਠੰਢੀ ਤਰਲ ਨਾਈਟਰੋਜਨ ਦਾ ਪ੍ਰਯੋਗ ਕਰਦੀ ਹੈ ਜੋ ਕਿ ਟਰੇਲਰ ਵਿਚਕਾਰ ਰੱਖੇ ਇਕ ਬਰਤਨ ‘ਚ ਪਈ ਹੁੰਦੀ ਹੈ। ਇਥੋਂ ਇਸ ਨੂੰ ਟਰੇਲਰ ਬਾਡੀ ‘ਚ ਪਾਈਪਾਂ ਰਾਹੀਂ ਘੁਮਾਇਆ ਜਾਂਦਾ ਹੈ। ਜਦੋਂ ਨਾਈਟਰੋਜਨ ਆਪਣਾ ਠੰਢਾਪਨ ਗਆਉਂਦੀ ਹੈ ਤਾਂ ਇਹ ਗੈਸ ਬਣ ਕੇ ਵਾਤਾਵਰਣ ‘ਚ ਵਾਪਸ ਚਲੀ ਜਾਂਦੀ ਹੈ।
ਹੁੰਡਾਈ ਟਰਾਂਸਲੀਡ ਅਜਿਹੀ ਕੀਮਤ ਪੇਸ਼ ਕਰੇਗਾ ਜੋ ਕਿ ਰਵਾਇਤੀ ਰੀਫ਼ਰ ਨੂੰ ਟੱਕਰ ਦੇਣ ਵਾਲੀ ਹੋਵੇਗੀ, ਜਿਸ ਨੂੰ ਚਲਾਉਣ ਦਾ ਖਰਚਾ ਬਹੁਤ ਘੱਟ ਹੁੰਦਾ ਹੈ। ਇਸ ‘ਚ ਘੁੰਮਣ ਵਾਲੇ ਪੁਰਜ਼ੇ ਨਾਂਮਾਤਰ ਹੁੰਦੇ ਹਨ ਅਤੇ ਇਨ੍ਹਾਂ ਨੂੰ ਸਾਲ ‘ਚ ਸਿਰਫ਼ ਇੱਕ ਵਾਰੀ ਜਾਂ ਚੱਲਣ ਦੇ ਹਰ 2,000 ਘੰਟਿਆਂ ਬਾਅਦ ਜਾਂਚ-ਪਰਖ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ‘ਚ ਨਾ ਲੁਬਰੀਕੈਂਟ ਨੂੰ ਬਦਲਣ ਦੀ ਜ਼ਰੂਰਤ ਪੈਂਦੀ ਹੈ ਅਤੇ ਨਾ ਹੀ ਫ਼ਿਲਟਰਾਂ ਨੂੰ।