ਹੁੰਡਾਈ ਨੇ ਪਹਿਲੇ ਹਾਈਡਰੋਜਨ ਫ਼ਿਊਲ ਸੈਲ ਹੈਵੀ ਟਰੱਕ ਗ੍ਰਾਹਕਾਂ ਨੂੰ ਸਪੁਰਦ ਕਰਨ ਲਈ ਭੇਜੇ

(ਤਸਵੀਰ : ਹੁੰਡਾਈ ਮੋਟਰ)

ਹੁੰਡਾਈ ਮੋਟਰਸ ਆਪਣੇ ਪਹਿਲੇ 10 ਐਕਸੀਐਂਟ ਫ਼ਿਊਲ ਸੈੱਲ ਟਰੱਕ ਸਵਿਟਜ਼ਰਲੈਂਡ ਦੇ ਫ਼ਲੀਟਸ ਨੂੰ ਭੇਜ ਰਿਹਾ ਹੈ, ਜੋ ਕਿ ਦੁਨੀਆਂ ਦੇ ਪਹਿਲੇ ਸਮੂਹਕ-ਉਤਪਾਦਿਤ ਫ਼ਿਊਲ ਸੈੱਲ ਵਾਲੇ ਹੈਵੀ-ਡਿਊਟੀ ਟਰੱਕ ਹੋਣਗੇ।

ਹੁੰਡਾਈ ਦੀ ਯੋਜਨਾ ਇਸ ਸਾਲ ਅਜਿਹੇ 50 ਟਰੱਕਾਂ ਦਾ ਅਤੇ 2025 ਤਕ ਅਜਿਹੇ 1,600 ਟਰੱਕਾਂ ਦਾ ਉਤਪਾਦਨ ਕਰਨ ਦੀ ਹੈ, ਜੋ ਕਿ 190-ਕਿਲੋਵਾਟ ਦੇ ਹਾਈਡਰੋਜਨ ਫ਼ਿਊਲ ਸੈੱਲਾਂ ਨਾਲ ਚੱਲਣਗੇ ਜੋ ਹਰ ਚਾਰਜ ‘ਤੇ 400 ਕਿਲੋਮੀਟਰ ਦਾ ਸਫ਼ਰ ਤੈਅ ਕਰ ਸਕਦੇ ਹਨ। ਹੁੰਡਾਈ ਦਾ ਕਹਿਣਾ ਹੈ ਕਿ ਇਹ ਆਉਣ ਵਾਲੇ ਸਮੇਂ ‘ਚ ਪ੍ਰਤੀ ਚਾਰਜ 1,000 ਕਿਲੋਮੀਟਰ ਦੀ ਦੂਰੀ ਤੈਅ ਕਰ ਸਕੇਗਾ।

ਸਵਿਟਜ਼ਰਲੈਂਡ ਦੇ ਕਮਰਸ਼ੀਅਲ ਫ਼ਲੀਟ ਮੈਨੇਜਰ ਇਨ੍ਹਾਂ ਟਰੱਕਾਂ ਨੂੰ ਸਤੰਬਰ ਮਹੀਨੇ ‘ਚ ਕੰਮ ਲਈ ਵਰਤਣਾ ਸ਼ੁਰੂ ਕਰਨਗੇ।

ਹੁੰਡਾਈ ਮੋਟਰਸ ‘ਚ ਕਮਰਸ਼ੀਅਲ ਵਹੀਕਲ ਡਿਵੀਜ਼ਨ ਦੇ ਮੁਖੀ ਅਤੇ ਵਾਇਸ-ਪ੍ਰੈਜ਼ੀਡੈਂਟ ਇਨ ਚੇਓਲ ਲੀ ਨੇ ਕਿਹਾ, ”ਐਕਸੀਐਂਟ ਫ਼ਿਊਲ ਸੈੱਲ ਅੱਜ ਸਿਰਫ਼ ਕਿਸੇ ਬੋਰਡ ‘ਤੇ ਪ੍ਰਾਜੈਕਟ ਲਈ ਉਲੀਕੀਆਂ ਲਕੀਰਾਂ ਨਹੀਂ ਰਹਿ ਗਏ ਬਲਕਿ ਇਹ ਹਕੀਕਤ ਬਣ ਚੁੱਕੇ ਹਨ। ਹੁਣ ਇਨ੍ਹਾਂ ਗੱਡੀਆਂ ਨੂੰ ਸੜਕਾਂ ‘ਤੇ ਉਤਾਰਨ ਨਾਲ, ਹੁੰਡਾਈ ਕਮਰਸ਼ੀਅਲ ਵਹੀਕਲ ਅਤੇ ਹਾਈਡਰੋਜਨ ਸੁਸਾਇਟੀ ਦੇ ਇਤਿਹਾਸ ‘ਚ ਮਹੱਤਵਪੂਰਨ ਮੀਲ ਦਾ ਪੱਥਰ ਗੱਡਣ ਜਾ ਰਹੀ ਹੈ। ਵਿਆਪਕ ਹਾਈਡਰੋਜਨ ਈਕੋਸਿਸਟਮ ਉਸਾਰ ਕੇ, ਜਿੱਥੇ ਆਵਾਜਾਈ ਦੀਆਂ ਮਹੱਤਵਪੂਰਨ ਜ਼ਰੂਰਤਾਂ ਐਕਸੀਐਂਟ ਫ਼ਿਊਲ ਸੈੱਲ ਵਰਗੀਆਂ ਗੱਡੀਆਂ ਨਾਲ ਪੂਰੀਆਂ ਕੀਤੀਆਂ ਜਾਂਦੀਆਂ ਹਨ, ਨਾਲ ਮਿਸਾਲੀ ਤਬਦੀਲੀ ਆਵੇਗੀ ਜੋ ਕਿ ਵਾਤਾਵਰਣ ‘ਚੋਂ ਗੱਡੀਆਂ ਦੇ ਪ੍ਰਦੂਸ਼ਣ ਦੀ ਹੋਂਦ ਨੂੰ ਹੀ ਖ਼ਤਮ ਕਰ ਦੇਵੇਗੀ।”

ਹੁੰਡਾਈ ਦੇ ਪਹਿਲੇ ਐਕਸੀਐਂਟ ਹੈਵੀ-ਡਿਊਟੀ ਹਾਈਡਰੋਜਨ ਫ਼ਿਊਲ ਸੈੱਲ ਨਾਲ ਚੱਲਣ ਵਾਲੇ ਟਰੱਕ ਡਿਲੀਵਰੀ ਲਈ ਤਿਆਰ ਕੀਤੇ ਜਾ ਰਹੇ ਹਨ (ਤਸਵੀਰ : ਹੁੰਡਾਈ ਮੋਟਰ)

ਇਨ੍ਹਾਂ ਟਰੱਕਾਂ ‘ਚ ਸੱਤ ਹਾਈਡਰੋਜਨ ਟੈਂਕ ਲੱਗੇ ਹੋਣਗੇ, ਜਿਨ੍ਹਾਂ ਦੀ ਕੁਲ ਮਿਲਾ ਕੇ ਭੰਡਾਰਨ ਸਮਰੱਥਾ 32 ਕਿੱਲੋਗ੍ਰਾਮ ਹੋਵੇਗੀ। ਹੁੰਡਾਈ ਨੇ ਇਨ੍ਹਾਂ ਟਰੱਕਾਂ ਨੂੰ ਪਹਿਲੀ ਵਾਰੀ ਉੱਤਰੀ ਅਮਰੀਕਾ ‘ਚ 2019 ਦੌਰਾਨ ਉੱਤਰੀ ਅਮਰੀਕੀ ਕਮਰਸ਼ੀਅਲ ਵਹੀਕਲ ਸ਼ੋਅ ‘ਚ ਪ੍ਰਦਰਸ਼ਿਤ ਕੀਤਾ ਸੀ।