ਫ਼ਰੇਟਲਾਈਨਰ, ਵੈਸਟਰਨ ਸਟਾਰ ਟਰੱਕਾਂ ਲਈ ਹੁਣ ਸੜਕ ‘ਤੇ ਹੀ ਮੱਦਦ ਲੈ ਕੇ ਆਏਗਾ ਫ਼ਲੀਟਨੈੱਟ

ਡਾਇਮਲਰ ਟਰੱਕਸ ਨਾਰਥ ਅਮਰੀਕਾ (ਡੀ.ਟੀ.ਐਨ.ਏ.) ਨੇ ਫ਼ਰੇਟਲਾਈਨਰ ਅਤੇ ਵੈਸਟਰਨ ਸਟਾਰ ਟਰੱਕਾਂ ਲਈ ਕਿਸੇ ਵੀ ਹੰਗਾਮੀ ਹਾਲਤ ‘ਚ ਸੜਕ ‘ਤੇ ਹੀ ਮੱਦਦ ਪਹੁੰਚਾਉਣ ਲਈ ਫ਼ਲੀਟਨੈੱਟ ਅਮਰੀਕਾ ਨਾਲ ਹੱਥ ਮਿਲਾਇਆ ਹੈ।

ਕੰਪਨੀ ਨੇ ਐਲਾਨ ਕੀਤਾ ਹੈ ਕਿ ਇਨ੍ਹਾਂ ‘ਚ ਟੋਇੰਗ ਅਤੇ ਰਿਕਵਰੀ, ਮੋਬਾਈਲ ਟਰੱਕ ਰਿਪੇਅਰ, ਟਾਇਰ ਰਿਪੇਅਰ ਅਤੇ ਹੋਰ ਸੇਵਾਵਾਂ ਸ਼ਾਮਲ ਹੋਣਗੀਆਂ। ਇਸ ਸਮਝੌਤੇ ਹੇਠ ਕੈਨੇਡਾ ਅਤੇ ਅਮਰੀਕਾ ਸ਼ਾਮਲ ਹਨ ਅਤੇ ਇਹ ਟਰੱਕ ਨਿਰਮਾਤਾਵਾਂ ਦੀਆਂ ਪਿਛਲੀਆਂ ਯੋਜਨਾਵਾਂ ਦੀ ਥਾਂ ਲਵੇਗੀ।

ਡੀ.ਟੀ.ਐਨ.ਏ. ਦੇ ਮੁੱਖ ਗਾਹਕ ਤਜ਼ਰਬਾ ਅਫ਼ਸਰ ਪਾਲ ਰੋਮਾਨਾਗੀ ਨੇ ਕਿਹਾ, ”ਟਰੱਕ ਚਲਾਉਂਦੇ ਸਮੇਂ ਅਚਾਨਕ ਇਸ ‘ਚ ਕੋਈ ਖ਼ਰਾਬੀ ਆ ਜਾਣਾ ਮੰਦਭਾਗੀ ਸੱਚਾਈ ਹੈ, ਪਰ ਅਸੀਂ ਆਪਣੇ ਗ੍ਰਾਹਕਾਂ ਨੂੰ ਇਸ ਗੱਲ ਦੀ ਤਸੱਲੀ ਦੇਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਮੁੱਦੇ ਨਾਲ ਤੁਰੰਤ ਅਤੇ ਅਸਰਦਾਰ ਤਰੀਕੇ ਨਾਲ ਨਜਿੱਠਿਆ ਜਾ ਰਿਹਾ ਹੈ। ਫ਼ਲੀਟਨੈੱਟ ਦੇ ਵਿਸ਼ਾਲ ਸਰੋਤ ਅਤੇ 24/7 ਮੌਜੂਦ ਰਹਿਣ ਨਾਲ ਅਪਟਾਈਮ ਵਧੇਗਾ ਅਤੇ ਟਰੱਕ ਛੇਤੀ ਤੋਂ ਛੇਤੀ ਮੁੜ ਸੜਕ ‘ਤੇ ਚੱਲਣ ਲਾਇਕ ਹੋ ਜਾਵੇਗਾ ਤਾਂ ਕਿ ਸਾਡੇ ਗਾਹਕ ਇਸ ਦੁਨੀਆਂ ‘ਚ ਚਲਦਾ ਰੱਖ ਸਕਣ।”

ਡੀ.ਟੀ.ਐਨ.ਏ. ਦਾ ਕਹਿਣਾ ਹੈ ਕਿ ਨਵਾਂ ਪ੍ਰੋਗਰਾਮ ਗਾਹਕਾਂ ਲਈ ਬਿਹਤਰੀਨ ਤਜ਼ਰਬਾ ਸਾਬਤ ਹੋਵੇਗਾ, ਜਿਸ ਨੂੰ ਫ਼ਲੀਟਨੈੱਟ ਐਪ ਰਾਹੀਂ ਤੁਰੰਤ ਆਨਲਾਈਨ, ਟੈਕਸਟ ਜਾਂ ਈ-ਮੇਲ ਰਾਹੀਂ ਜਾਂ ਫ਼ਲੀਟ ਦੇ ਆਪਣੇ ਸੰਚਾਰ ਸਿਸਟਮ ਰਾਹੀਂ ਅਪਡੇਟ ਮਿਲਦੀਆਂ ਰਹਿਣਗੀਆਂ।