ਫ਼ੈਡਐਕਸ ਫ਼ਰੇਟ ਨੇ ਨਵੇਂ ‘ਸਪੇਸ ਐਂਡ ਪੇਸ’ ਕੀਮਤ ਮਾਡਲ ਦੀ ਪਰਖ ਸ਼ੁਰੂ ਕੀਤੀ

ਫ਼ੈਡਐਕਸ ਫ਼ਰੇਟ ‘ਸਪੇਸ ਐਂਡ ਪੇਸ’ ’ਤੇ ਆਧਾਰਤ ਐਲ.ਟੀ.ਐਲ. ਸ਼ਿੱਪਮੈਂਟਸ ਦੀ ਕੀਮਤ ਮਿੱਥਣ ’ਚ ਨਵੀਂ ਪਹੁੰਚ ਅਪਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਨਵੇਂ ਮਾਪ-ਆਧਾਰਤ ਕੀਮਤ ਮਾਡਲ ਦੀ ਕੁੱਝ ਚੋਣਵੇਂ ਗ੍ਰਾਹਕਾਂ ਨਾਲ ਪਰਖ ਕੀਤੀ ਜਾ ਰਹੀ ਹੈ। ਫ਼ੈਡਐਕਸ ਨੇ ਕਿਹਾ ਕਿ ਇਸ ਨਾਲ ਕੰਪਨੀ ਨੂੰ ਸ਼ਿੱਪਮੈਂਟ ਵੱਲੋਂ ਘੇਰੀ ਜਾਣ ਵਾਲੀ ਥਾਂ ਅਤੇ ਜਿਸ ਗਤੀ ’ਤੇ ਇਸ ਨੂੰ ਭੇਜਿਆ ਜਾਣਾ ਹੈ, ਦੇ ਆਧਾਰ ’ਤੇ ਆਮ ਭਾਅ ਮੁਹੱਈਆ ਕਰਵਾਉਣ ਦਾ ਮੌਕਾ ਮਿਲਦਾ ਹੈ।

(ਤਸਵੀਰ: ਫ਼ੈਡਐਕਸ)

ਭਾਅ ਪ੍ਰਾਪਤ ਕਰਨ ਲਈ ਗ੍ਰਾਹਕ ਭਾਰ, ਮਾਪ, ਸ਼ੁਰੂਆਤ ਦੀ ਥਾਂ ਦਾ ਜ਼ਿੱਪ ਕੋਡ ਅਤੇ ਮੰਜ਼ਿਲ ਦਾ ਜ਼ਿੱਪ ਕੋਡ ਮੁਹੱਈਆ ਕਰਵਾਉਂਦੇ ਹਨ। ਫ਼ੈਡਐਕਸ ਫ਼ਰੇਟ ਸ਼ਿੱਪਮੈਂਟ ਦਾ ਭਾਰ ਅਤੇ ਮਾਪ ਪਤਾ ਕਰਨ ਲਈ ਡਾਇਮੈਂਸ਼ਨ ਇਨ ਮੋਸ਼ਨ (ਡੀ.ਆਈ.ਐਮ.) ਤਕਨਾਲੋਜੀ ਦਾ ਪ੍ਰਯੋਗ ਕਰਦਾ ਹੈ, ਜਿਸ ਨਾਲ ਕੀਮਤ ਢਾਂਚਾ ਸਰਲ ਹੁੰਦਾ ਹੈ।

ਐਲ.ਟੀ.ਐਲ. ਰੈਵੀਨਿਊ ਕੁਆਲਿਟੀ ਦੇ ਵਾਇਸ-ਪ੍ਰੈਜ਼ੀਡੈਂਟ ਮਾਈਕ ਲਿਓਨਸ ਨੇ ਕਿਹਾ, ‘‘ਥਾਂ ਅਤੇ ਗਤੀ ਦੀ ਕੀਮਤ ਸਰਲ ਕਰਨ ਦਾ ਮਕਸਦ ਆਪਣੇ ਗ੍ਰਾਹਕਾਂ ਨੂੰ ਫ਼ਰੰਟਐਂਡ ’ਤੇ ਦਰੁਸਤ ਕੀਮਤਾਂ ਯਕੀਨੀ ਕਰ ਕੇ ਉਨ੍ਹਾਂ ਦਾ ਭਰੋਸਾ ਜਿੱਤਣਾ ਹੈ, ਤਾਂ ਕਿ ਬੈਕਐਂਡ ’ਤੇ ਵਾਰ-ਵਾਰ ਮੁੱਲਭਾਅ ਅਤੇ ਵਿਵਾਦ ਘੱਟ ਹੋਣ।’’