ਫ਼ੈਡਰਲ ਸਰਕਾਰ ਨੂੰ 40 ਡਰਾਈਵਰ ਇੰਕ. ਫ਼ਲੀਟਾਂ ਦੀ ਜਾਣਕਾਰੀ, ਜਲਦ ਲੱਗਣਗੇ ਜੁਰਮਾਨੇ

Avatar photo

ਫ਼ੈਡਰਲ ਸਰਕਾਰ ਨੂੰ ਘੱਟ ਤੋਂ ਘੱਟ 40 ਅਜਿਹੇ ਕਾਰੋਬਾਰਾਂ ਬਾਰੇ ਪਤਾ ਹੈ ਜੋ ਕਿ ਆਪਣੇ ਮੁਲਾਜ਼ਮ ਟਰੱਕ ਡਰਾਈਵਰਾਂ ਨੂੰ ਵੀ ਸੁਤੰਤਰ ਠੇਕੇਦਾਰਾਂ ਵਜੋਂ ਡਰਾਈਵਰ ਇੰਕ. ਦੇ ਨਾਂ ਨਾਲ ਜਾਣੇ ਜਾਂਦੇ ਬਿਜ਼ਨੈਸ ਮਾਡਲ ਅਧੀਨ ਕੁਵਰਗੀਕ੍ਰਿਤ ਕਰ ਰਹੇ ਹਨ।

(ਤਸਵੀਰ: ਆਈਸਟਾਕ)

ਰੁਜ਼ਗਾਰ ਅਤੇ ਸਮਾਜਕ ਵਿਕਾਸ ਕੈਨੇਡਾ (ਈ.ਐਸ.ਡੀ.ਸੀ.) ਦੀ ਯੋਜਨਾ, ਨਵੀਂਆਂ ਵਿਧਾਇਕੀ ਤਾਕਤਾਂ ਦਾ ਪ੍ਰਯੋਗ ਕਰ ਕੇ ਇਨ੍ਹਾਂ ਕਾਰੋਬਾਰਾਂ ’ਤੇ ਨਵੇਂ ਸਾਲ ’ਚ ਪ੍ਰਸ਼ਾਸਕੀ ਵਿੱਤੀ ਜੁਰਮਾਨੇ (ਏ.ਐਮ.ਪੀ.) ਲਾਉਣ ਦੀ ਹੈ, ਜਿਨ੍ਹਾਂ ’ਚ ਜੁਰਮਾਨਾ ਲਾਉਣਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਰੁਜ਼ਗਾਰਦਾਤਾਵਾਂ ਦੇ ਨਾਂ ਜਨਤਕ ਕਰਨ ਦਾ ਅਧਿਕਾਰ ਸ਼ਾਮਲ ਹੈ।

ਕੰਮਕਾਜੀ ਸਿਹਤ ਅਤੇ ਸੁਰੱਖਿਆ ਅਫ਼ਸਰ ਐਲੀਜ਼ਾਬੈੱਥ ਟੇਵਰਸ ਨੇ ਓਂਟਾਰੀਓ ਦੇ ਫ਼ਲੀਟ ਸੁਰੱਖਿਆ ਕੌਂਸਲ ਦੀ ਸਾਲਾਨਾ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਕਿਹਾ ਕਿ 2021 ’ਚ ਹੁਣ ਤੱਕ ਦਾ ਕੀਤਾ ਗਿਆ ਕੰਮ ਸਿੱਖਿਆ ਅਤੇ ਜਾਗਰੂਕਤਾ ’ਤੇ ਕੇਂਦਰਤ ਸੀ। ਪਰ ਇਨਫ਼ੋਰਸਮੈਂਟ ਅਭਿਆਸਾਂ ’ਚ ਵੀ ਪ੍ਰਮੁੱਖ ਤਬਦੀਲੀ ਆਈ ਹੈ, ਜੋ ਕਿ ਰਵਾਇਤੀ ਤੌਰ ’ਤੇ ਕੁਵਰਗੀਕ੍ਰਿਤ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ’ਤੇ ਹੀ ਕੇਂਦਰਿਤ ਰਹੇ।

ਉਨ੍ਹਾਂ ਕਿਹਾ, ‘‘ਅਸੀਂ ਸਰਗਰਮ ਤੌਰ ’ਤੇ ਕੰਮ ਕਰ ਰਹੇ ਹਾਂ – ਜਿਸ ਦਾ ਮਤਲਬ ਹੈ ਕਿ ਅਸੀਂ ਅਜਿਹੀਆਂ ਕੰਪਨੀਆਂ ਦੀ ਪਛਾਣ ਕਰ ਰਹੇ ਹਾਂ ਜਿਨ੍ਹਾਂ ਬਾਰੇ ਸਾਨੂੰ ਪਤਾ ਹੈ ਕਿ ਉਹ ਡਰਾਈਵਰ ਇੰਕ. ਮਾਡਲ ਦਾ ਪ੍ਰਯੋਗ ਜਾਂ ਕੁਪ੍ਰਯੋਗ ਕਰ ਰਹੀਆਂ ਹਨ।’’

ਟੇਵਰਸ ਨੇ ਕਿਹਾ, ‘‘ਇਸ ਸਮੇਂ ਅਸੀਂ ਕੋਈ ਇਨਫ਼ੋਰਸਮੈਂਟ ਕਾਰਵਾਈ ਨਹੀਂ ਕਰ ਰਹੇ, ਪਰ ਨਵੇਂ ਸਾਲ ਦੇ ਚੜ੍ਹਦਿਆਂ ਹੀ ਅਸੀਂ ਇਨਫ਼ੋਰਸਮੈਂਟ ਕਾਰਵਾਈ ਕਰਾਂਗੇ। ਅਸੀਂ ਉਨ੍ਹਾਂ ਦੀ ਸਾਈਟ ’ਤੇ ਜਾ ਕੇ ਜਾਂਚ ਜਾਂ ਨਿਰੀਖਣ ਕਰਾਂਗੇ।’’

ਇਹ ਵੇਖਣ ਲਈ ਕਿ ਕਿਸੇ ਨਾਲ ਸੇਵਾ ਲਈ ਜਾਇਜ਼ ਤੌਰ ਤੇ ਇਕਰਾਰਨਾਮਾ ਕੀਤਾ ਗਿਆ ਹੈ ਕਿ ਨਹੀਂ, ਇੱਕ ਚਾਰ-ਨੁਕਾਤੀ ਟੈਸਟ ਜਿਸ ਵਿਚ ਕੰਮ ’ਤੇ ਕੰਟਰੋਲ, ਟੂਲਸ ਦੀ ਮਲਕੀਅਤ, ਲਾਭ ਦੇ ਮੌਕੇ, ਅਤੇ ਘਾਟੇ ਦਾ ਖ਼ਤਰਾ ਸ਼ਾਮਲ ਹੈ। ਕੁਵਰਗੀਕ੍ਰਿਤ ਮੁਲਾਜ਼ਮਾਂ ਦੀਆਂ ਹੋਰਨਾਂ ਨਿਸ਼ਾਨੀਆਂ ’ਚ ਸ਼ਾਮਲ ਹੈ ਕੰਪਨੀ ਵਰਦੀਆਂ ਦੀ ਮੌਜੂਦਗੀ, ਟਰੈਕਟਰਾਂ ’ਤੇ ਡੀਕੈਲ, ਅਤੇ ਕੀ ਡਰਾਈਵਰਾਂ ਨੂੰ ਕੰਪਨੀ ਦੀਆਂ ਨੀਤੀਆਂ ਅਤੇ ਪ੍ਰਕਿਰਿਆਵਾਂ ਦੀ ਪਾਲਣਾ ਕਰਨੀ ਪੈਂਦੀ ਹੈ ਜਾਂ ਨਹੀਂ।

ਟੇਵਰਸ ਨੇ ਕਿਹਾ, ‘‘ਅਸੀਂ ਸਿਰਫ਼ ਟਰੈਕਟਰ ਦੀ ਮਲਕੀਅਤ ਬਾਰੇ ਗੱਲ ਨਹੀਂ ਕਰ ਰਹੇ।’’ ਉਨ੍ਹਾਂ ਕਿਹਾ ਕਿ ਰੈਗੂਲੇਟਰ ਸਿਰਫ਼ ਟਰੱਕ ’ਤੇ ਲੀਜ਼-ਟੂ-ਓਨ ਸਮਝੌਤੇ ਦੀ ਬਜਾਏ ਲਾਇਸੰਸਿੰਗ ਅਥਾਰਟੀਆਂ, ਓਂਟਾਰੀਓ ਕਮਰਸ਼ੀਅਲ ਵਹੀਕਲ ਆਪਰੇਟਰ ਦੀਆਂ ਰਜਿਸਟਰੇਸ਼ਨਾਂ (ਸੀ.ਵੀ.ਓ.ਆਰ.) ਵੱਲ ਵੀ ਵੇਖ ਰਹੇ ਹਨ।

ਜੇਕਰ ਫ਼ਲੀਟ ਕੰਮ ਕਰਨ ਲਈ ਲਾਇਸੰਸਿੰਗ ਅਤੇ ਅਥਾਰਟੀ ਮੁਹੱਈਆ ਕਰਵਾ ਰਿਹਾ ਹੈ, ਤਾਂ ਇਸ ਨੂੰ ਰੁਜ਼ਗਾਰਦਾਤਾ-ਮੁਲਾਜ਼ਮ ਸੰਬੰਧ ਵਜੋਂ ਵੇਖਿਆ ਜਾਂਦਾ ਹੈ – ਵਿਸ਼ੇਸ਼ ਕਰ ਕੇ ਜੇਕਰ ਡਰਾਈਵਰ ਸਿਰਫ਼ ਇੱਕ ਫ਼ਲੀਟ ਲਈ ਕੰਮ ਕਰ ਰਹੇ ਹੋਣ।

ਟੇਵਰਸ ਨੇ ਕਿਹਾ, ‘‘ਕੰਟਰੋਲ ਦਾ ਪ੍ਰਯੋਗ ਕਰਨਾ ਬਹੁਤ ਮਹੱਤਵਪੂਰਨ ਹੈ।’’ ਸ਼ਾਇਦ ‘ਸਭ ਤੋਂ ਵੱਡਾ ਤੱਤ’ ਇਹ ਹੈ ਕਿ ਕੀ ਡਰਾਈਵਰ ਨੂੰ ਸਿਰਫ਼ ਇੱਕ ਕੰਪਨੀ ਦੀ ਬਜਾਏ ਕਈ ਕੰਮਾਂ ਲਈ ਸੱਦਿਆ ਜਾ ਸਕਦਾ ਹੈ।

ਉਨ੍ਹਾਂ ਕਿਹਾ, ‘‘ਅਸੀਂ ਇਹ ਨਹੀਂ ਕਹਿ ਰਹੇ ਕਿ ਕੋਈ ਜਾਇਜ਼ ਓਨਰ-ਆਪਰੇਟਰ ਹੈ ਹੀ ਨਹੀਂ।’’

ਜੇਕਰ ਈ.ਐਸ.ਡੀ.ਸੀ. ਨੂੰ ਪਤਾ ਲਗਦਾ ਹੈ ਕਿ ਕੋਈ ਰੁਜ਼ਗਾਰਦਾਤਾ ਕਿਸੇ ਵਰਕਰ ਨੂੰ ਸਿਰਫ਼ ਕੈਨੇਡਾ ਲੇਬਰ ਕੋਡ ਦੀਆਂ ਸ਼ਰਤਾਂ ਤੋਂ ਬਚਣ ਲਈ ਹੀ ਮੁਲਾਜ਼ਮ ਮੰਨ ਰਿਹਾ ਹੈ, ਤਾਂ ਰੁਜ਼ਗਾਰਦਾਤਾ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਉਹ ਸਹੀ ਹਨ।

ਫ਼ੈਡਰਲ ਲੇਬਰ ਮਾਨਕਾਂ ’ਚ ਕੰਮ ਦੇ ਘੰਟੇ, ਵੋਕੇਸ਼ਨਸ ਦੀ ਤਨਖ਼ਾਹ, ਛੁੱਟੀ ਦੀ ਤਨਖ਼ਾਹ, ਬਿਮਾਰੀ ਲਈ ਛੁੱਟੀ, ਅਤੇ ਨਾਜਾਇਜ਼ ਬਰਖ਼ਾਸਤਗੀ ਵਿਰੁੱਧ ਸੁਰੱਖਿਆ ਸ਼ਾਮਲ ਹੋਵੇਗੀ।

ਫਿਰ ਵੀ ਕੁੱਝ ਡਰਾਈਵਰ ਸਾਫ਼ ਤੌਰ ’ਤੇ ਬਿਜ਼ਨੈਸ ਮਾਡਲ ਨੂੰ ਪਹਿਲ ਦਿੰਦੇ ਹਨ, ਜਿਸ ’ਚ ਤਨਖ਼ਾਹ ਬਗ਼ੈਰ ਕਿਸੇ ਸੋਰਸ ਕਟੌਤੀ ਤੋਂ ਮਿਲਦੀ ਹੈ।

ਉਨ੍ਹਾਂ ਕਿਹਾ ਕਿ ਈ.ਐਸ.ਡੀ.ਸੀ. ਦੇ ਅਧਿਕਾਰੀਆਂ ਨੂੰ ਰੁਜ਼ਗਾਰਦਾਤਾਵਾਂ ਅਤੇ ਮੁਲਾਜ਼ਮਾਂ ਦੋਹਾਂ ਵੱਲੋਂ ‘‘ਬਹੁਤ ਵਿਰੋਧ’’ ਸਹਿਣਾ ਪੈ ਰਿਹਾ ਹੈ।

‘‘ਗ਼ੈਰ ਕਾਨੂੰਨੀ ਤਰੀਕੇ ਨਾਲ ਕੰਮ ਕਰਨਾ ਖ਼ਤਰਨਾਕ ਹੈ।’’

ਅਜਿਹੀ ਗੱਲ ਨਹੀਂ ਹੈ ਕਿ ਸਿਰਫ਼ ਰੈਗੂਲੇਟਰ ਹੀ ਅਜਿਹੀਆਂ ਕਾਰਵਾਈਆਂ ਵਿਰੁੱਧ ਕਾਰਵਾਈ ਕਰਨ ਦੀ ਸੋਚ ਰਹੇ ਹਨ। ਓਂਟਾਰੀਓ ਦੇ ਵਰਕਫ਼ੋਰਸ ਸੁਰੱਖਿਆ ਅਤੇ ਬੀਮਾ ਬੋਰਡ (ਡਬਲਿਊ.ਐਸ.ਆਈ.ਬੀ.) ਨੇ ਵੀ ਡਰਾਈਵਰ ਇੰਕ. ਫ਼ਲੀਟਸ ਵਿਰੁੱਧ ਸੂਚਨਾ ਦੇਣ ਲਈ ਆਨਲਾਈਨ ਪੋਰਟਲ ਤਿਆਰ ਕੀਤਾ ਹੈ।

ਸਮਿੱਟ ਰਿਸਕ ਸਲਿਊਸ਼ਨਜ਼ ’ਚ ਇੱਕ ਜ਼ੋਖ਼ਮ ਸਮਾਧਾਨ ਮਾਹਰ ਜੌਨ ਫ਼ਰਕਾਹਰ ਨੇ ਕਿਹਾ, ‘‘ਚੰਗੀ ਗੱਲ ਹੈ ਕਿ ਆਖ਼ਰ ਸਾਨੂੰ ਹੁਣ ਕੁੱਝ ਇਨਫ਼ੋਰਸਮੈਂਟ ਵੇਖਣ ਨੂੰ ਮਿਲੇਗੀ। ਮੈਨੂੰ ਲਗਦਾ ਹੈ ਕਿ ਤੁਸੀਂ ਮੱਖੀਆਂ ਦੇ ਛੱਤੇ ਨੂੰ ਛੇੜਨ ਜਾ ਰਹੇ ਹੋ।’’

ਉਨ੍ਹਾਂ ਕਿਹਾ ਕਿ ਇੱਕ ਚੁਨੌਤੀ ਇਹ ਹੈ ਕਿ ਕਈ ਬੀਮਾ ਕੰਪਨੀਆਂ ਸਿੰਗਲ ਓਨਰ-ਆਪਰੇਟਰਾਂ ਦਾ ਬੀਮਾ ਨਹੀਂ ਕਰਨਗੀਆਂ।

‘‘ਇਸ ਨਾਲ ਉਦਯੋਗ ’ਚ ਜ਼ਰੂਰ ਕੁੱਝ ਨਿਰਾਸ਼ਤਾ ਆਏਗੀ।’’