ਇਲੈਕਟ੍ਰਿਕ ਐਲ.ਆਰ. ਪੇਸ਼ ਕਰ ਕੇ ਮੈਕ ਬਣਿਆ ਮੋਢੀ

Avatar photo
ਮੈਕ ਐਲ.ਆਰ. ਇਲੈਕਟ੍ਰਿਕ ਟਰੱਕ।

ਮੈਕ ਟਰੱਕਸ ਨੇ ਉਦਯੋਗ ਦੇ ਪਹਿਲੇ ਪੂਰੀ ਤਰ੍ਹਾਂ ਬਿਜਲੀ ‘ਤੇ ਚੱਲਣ ਵਾਲੇ ਰੀਫ਼ਿਊਜ਼ ਟਰੱਕ ਤੋਂ ਪਰਦਾ ਚੁੱਕ ਦਿੱਤਾ ਹੈ, ਜਿਸ ਦਾ ਨਾਂ ਮੈਕ ਐਲ.ਆਰ. ਇਲੈਕਟ੍ਰਿਕ ਹੋਵੇਗਾ, ਜੋ ਕਿ ਛੇਤੀ ਹੀ ਨਿਊਯਾਰਕ ਸਫ਼ਾਈ ਵਿਭਾਗ (ਡੀ.ਐਸ.ਐਨ.ਵਾਈ.) ਵੱਲੋਂ ਸੇਵਾ ‘ਚ ਲਿਆਂਦਾ ਜਾਵੇਗਾ।

ਇਸ ਟਰੱਕ ਦਾ ਪ੍ਰਦਰਸ਼ਨ 9 ਜਨਵਰੀ ਨੂੰ ਟਰੱਕ ਸੰਪਾਦਕਾਂ ਅਤੇ ਡੀ.ਐਸ.ਐਨ.ਵਾਈ. ਪ੍ਰਤੀਨਿਧੀਆਂ ਦੇ ਇੱਕ ਸਮੂਹ ਸਾਹਮਣੇ ਐਲੇਨਟਾਊਨ ਵਿਖੇ ਮੈਕ ਕਸਟਮਰ ਸੈਂਟਰ ‘ਚ ਕੀਤਾ ਗਿਆ। ਉੱਤਰੀ ਅਮਰੀਕੀ ਸੇਲਜ਼ ਅਤੇ ਮਾਰਕੀਟਿੰਗ ਦੇ ਉਪ-ਪ੍ਰੈਜ਼ੀਡੈਂਟ ਜੋਨਾਥਨ ਰੈਂਡਲ ਨੇ ਕਿਹਾ ਕਿ ਦੁਨੀਆਂ ਦਾ ਸਭ ਤੋਂ ਵੱਡਾ ਸਫ਼ਾਈ ਵਿਭਾਗ ਡੀ.ਐਸ.ਐਨ.ਵਾਈ. ਇਸ ਟਰੱਕ ਦੀ ਚੰਗੀ ਤਰ੍ਹਾਂ ਪਰਖ ਕਰਨ ਲਈ ਸਭ ਤੋਂ ਆਦਰਸ਼ ਫ਼ਲੀਟ ਹੈ।

ਡੀ.ਐਸ.ਐਨ.ਵਾਈ. 2050 ਤਕ ਕਾਰਬਨ-ਮੁਕਤ ਹੋਣ, ਅਤੇ 2035 ਤਕ ਗ੍ਰੀਨ ਹਾਊਸ ਗੈਸਾਂ ਦਾ ਉਤਸਰਜਨ 80% ਘੱਟ ਕਰਨ ਦੀ ਮੁਹਿੰਮ ‘ਤੇ ਹੈ।

ਨਿਊਯਾਰਕ ਸਫ਼ਾਈ ਵਿਭਾਗ ਦੇ ਡਿਪਟੀ ਕਮਿਸ਼ਨਰ ਰੋਕੀ ਡੀਰੀਕੋ ਨੇ ਕਿਹਾ, ”ਅਸੀਂ ਇਸ ਇਲੈਕਟ੍ਰਿਕ ਟਰੱਕ ਤੋਂ ਬਗ਼ੈਰ ਇਸ ਮੁਹਿੰਮ ਨੂੰ ਸਿਰੇ ਨਹੀਂ ਚਾੜ੍ਹ ਸਕਦੇ।” ਫ਼ਲੀਟ ‘ਚ 2,346 ਕੂੜਾ ਚੁੱਕਣ ਵਾਲੇ ਟਰੱਕ ਹਨ, ਜਿਨ੍ਹਾਂ ‘ਚੋਂ 99% ਮੈਕ ਕੰਪਨੀ ਦੇ ਹਨ। ਇਹ ਰੋਜ਼ ਰਿਹਾਇਸ਼ੀ ਅਤੇ ਉਦਯੋਗਾਂ ਦਾ 12,000 ਟਨ ਕੂੜਾ ਇਕੱਠਾ ਕਰਦੇ ਹਨ।

ਟਰੱਕ ਦੇ ਅੱਠ ਘੰਟਿਆਂ ਤਕ ਕੰਮ ਕਰਨ ਦੀ ਉਮੀਦ ਹੈ। ਇਸ ਦੌਰਾਨ ਕਿੰਨੇ ਸਮੇਂ ਤਕ ਇਸ ਦੀ ਬੈਟਰੀ ਚਲਦੀ ਰਹੇਗੀ, ਇਸ ਦੀ ਪਰਖ ਕੀਤੀ ਜਾਵੇਗੀ। ਨਿਊਯਾਰਕ ਸਿਟੀ ਆਪਣੇ ਕੂੜਾ ਚੁੱਕਣ ਵਾਲੇ ਟਰੱਕਾਂ ਨੂੰ ਰਿਹਾਇਸ਼ੀ ਗਲੀਆਂ ‘ਚੋਂ ਘੁਮਾਉਂਦੀ ਹੈ।

ਘੱਟ ਉਤਸਰਜਨ ਤੋਂ ਇਲਾਵਾ, ਕੂੜਾ ਚੁੱਕਣ ਲਈ ਬਿਜਲੀ ਨਾਲ ਚੱਲਣ ਵਾਲੇ ਟਰੱਕਾਂ ਦਾ ਪ੍ਰਯੋਗ ਕਰਨ ਨਾਲ ਆਵਾਜ਼ ਪ੍ਰਦੂਸ਼ਣ ਵੀ ਘੱਟ ਹੁੰਦਾ ਹੈ ਅਤੇ ਇਸ ਦੀ ਮੁਰੰਮਤ ਦੀ ਲਾਗਤ ਵੀ ਘੱਟ ਹੁੰਦੀ ਹੈ।

ਇਲੈਕਟ੍ਰਿਕ ਐਲ.ਆਰ. ‘ਚ ਦੋ ਏ.ਸੀ. ਮੋਟਰਾਂ ਹਨ ਅਤੇ ਇਹ ਵੱਧ ਤੋਂ ਵੱਧ 496 ਹਾਰਸ ਪਾਵਰ ਪੈਦਾ ਸਕਦਾ ਹੈ ਅਤੇ 4,051 ਪਾਊਂਡ-ਫ਼ੁੱਟ ਦੀ ਟੋਰਕ ਪੈਦਾ ਕਰਦਾ ਹੈ। ਟਰੱਕ ਹੇਲ 25-ਗਜ਼ ਸਮਰਥਾ ਦੇ ਡਿਊਰਾਪੈਕ 5000 ਰੀਅਰ ਲੋਡਰ ਨਾਲ ਲੈਸ ਹੈ। ਡੀ.ਐਸ.ਐਨ.ਵਾਈ. ਨੂੰ ਦਿੱਤੇ ਜਾਣ ਵਾਲੇ ਐਲ.ਆਰ. ‘ਚ ਦੋ-ਸਪੀਡ ਮੈਕ ਪਾਵਰਸ਼ਿਫ਼ਟ ਟਰਾਂਸਮਿਸ਼ਨ ਅਤੇ ਮੈਕ ਐਕਸਲ ਲੱਗੇ ਹੋਏ ਹਨ। ਪਰ ਸਾਹਮਣੇ ਵਾਲੇ ਪਾਸੇ ਸੁਨਹਿਰੀ ਰੰਗ ਦੇ ਬੁੱਲਡੋਗ ਦੇ ਨਿਸ਼ਾਨ ਦੀ ਬਜਾਏ ਇਸ ‘ਤੇ ਤਾਂਬੇ-ਰੰਗਾ ਬੁੱਲਡੋਗ ਲੱਗਾ ਹੋਇਆ ਹੈ ਜੋ ਕਿ ਇਸ ਦੇ ਪੂਰੀ ਤਰ੍ਹਾਂ ਬਿਜਲੀ ਨਾਲ ਚੱਲਣ ਵਾਲੀ ਪਾਵਰਟਰੇਨ ਹੋਣ ਦਾ ਸੂਚਕ ਹੈ।

ਜਦੋਂ ਇਲੈਕਟ੍ਰਿਕ ਐਲ.ਆਰ. ਨੂੰ ਸੇਵਾ ‘ਚ ਲਿਆਂਦਾ ਜਾਵੇਗਾ ਤਾਂ ਡੀ.ਐਸ.ਐਨ.ਵਾਈ. ਇਸ ਦੀ ਕਈ ਪੈਮਾਨਿਆਂ ਤੋਂ ਪਰਖ ਕਰੇਗਾ ਜਿਸ ‘ਚ ਅਪਟਾਈਮ, ਦੂਰੀ, ਮੀਲ, ਡਰਾਈਵਰ ਦੀ ਸਹੂਲਤ, ਗਤੀ, ਭਾਰ ਚੁੱਕਣ ਦੀ ਸਮਰਥਾ, ਬ੍ਰੇਕ ਲਾਉਣ ਦੀ ਸਮਰਥਾ, ਕੰਮ ਸ਼ੁਰੂ ਕਰਨ ਅਤੇ ਖ਼ਤਮ ਕਰਨ ‘ਤੇ ਚਾਰਜ ਦੀ ਸਥਿਤੀ, ਚਾਰਜਿੰਗ ਦਾ ਸਮਾਂ ਅਤੇ ਕੁੱਲ ਮਿਲਾ ਕੇ ਕਾਰਗੁਜ਼ਾਰੀ ਸ਼ਾਮਲ ਹੋਣਗੇ।