ਤੇਜ਼ ਰਫ਼ਤਾਰੀ ‘ਤੇ ਨੱਥ ਪਾਉਣ ਲਈ ਟੋਰਾਂਟੋ ‘ਚ ਲੱਗੇ ਫ਼ੋਟੋ ਰਡਾਰ

Avatar photo

ਆਪਣੇ ਸਵੈਚਾਲਿਤ ਰਫ਼ਤਾਰ ਕਾਨੂੰਨ ਪਾਲਣਾ (ਏ.ਐਸ.ਈ.) ਪ੍ਰੋਗਰਾਮ ਦੇ ਹਿੱਸੇ ਵਜੋਂ ਟੋਰਾਂਟੋ ਸਿਟੀ ਨੇ ਕਮਿਊਨਿਟੀ ਸੁਰੱਖਿਆ ਇਲਾਕਿਆਂ ‘ਚ ਟਿਕਟਾਂ (ਚਲਾਨ) ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਹ ਪਹਿਲ ਸੋਮਵਾਰ ਨੂੰ ਸ਼ੁਰੂ ਕੀਤੀ ਗਈ।

ਏ.ਐਸ.ਈ. ਪ੍ਰੋਗਰਾਮ ‘ਚ ਇੱਕ ਕੈਮਰਾ ਅਤੇ ਰਫ਼ਤਾਰ ਮਾਪਕ ਯੰਤਰ ਪ੍ਰਯੋਗ ਕੀਤੇ ਜਾਂਦੇ ਹਨ ਜੋ ਕਿ ਗੱਡੀਆਂ ਦੀਆਂ ਤਸਵੀਰਾਂ ਖਿੱਚਦੇ ਹਨ। ਇਨ੍ਹਾਂ ਗੱਡੀਆਂ ‘ਚ ਕਮਰਸ਼ੀਅਲ ਟਰੱਕ ਵੀ ਸ਼ਾਮਲ ਹਨ ਜੋ ਕਿ ਰਫ਼ਤਾਰ ਦੀ ਹੱਦ ਤੋਂ ਜ਼ਿਆਦਾ ਤੇਜ਼ ਚਲਦੇ ਹਨ।

ਇਨ੍ਹਾਂ ਤਸਵੀਰਾਂ ਦੀ ਅਫ਼ਸਰਾਂ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ ਅਤੇ ਫਿਰ ਗੱਡੀ ਦੇ ਮਾਲਕ ਨੂੰ ਟਿਕਟਾਂ ਜਾਰੀ ਕੀਤੀਆਂ ਜਾਂਦੀਆਂ ਹਨ, ਭਾਵੇਂ ਗੱਡੀ ਨੂੰ ਕੋਈ ਵੀ ਕਿਉਂ ਨਾ ਚਲਾ ਰਿਹਾ ਹੋਵੇ।

ਦੋਸ਼ੀ ਪਾਏ ਜਾਣ ‘ਤੇ ਇੱਕੋ-ਇੱਕ ਸਜ਼ਾ ਜੁਰਮਾਨਾ ਹੁੰਦਾ ਹੈ। ਇਸ ਬਾਬਤ ਕੋਈ ਡੀਮੈਰਿਟ ਪੁਆਇੰਟ ਜਾਰੀ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਰਜਿਸਟਰਡ ਮਾਲਕ ਦੇ ਡਰਾਈਵਿੰਗ ਰੀਕਾਰਡ ‘ਤੇ ਕੋਈ ਅਸਰ ਪਵੇਗਾ।

ਇਨ੍ਹਾਂ ਯੰਤਰਾਂ ਨੂੰ ਉਨ੍ਹਾਂ ਥਾਵਾਂ ‘ਤੇ ਲਗਾਇਆ ਗਿਆ ਹੈ ਜਿੱਥੇ ਤੇਜ਼ ਰਫ਼ਤਾਰ ਅਤੇ ਟੱਕਰਾਂ ਦੀਆਂ ਘਟਨਾਵਾਂ ਦੇ ਅੰਕੜੇ ਵੱਧ ਹਨ।

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਹੈ। ਇਸ ਨੇ ਸਾਰੇ ਡਰਾਈਵਰਾਂ ਨੂੰ ਰਫ਼ਤਾਰ ਹੱਦ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕੀਤਾ ਹੈ, ਭਾਵੇਂ ਉਨ੍ਹਾਂ ਨੂੰ ਟਿਕਟ ਮਿਲੇ ਜਾਂ ਨਾ ਮਿਲੇ।