ਦੱਖਣੀ ਏਸ਼ੀਆਈ ਟਰੱਕਰ ਹਰ ਪਾਸੇ ਤੋਂ ਦਬਾਅ ‘ਚ

Avatar photo

ਆਲੀਸ਼ਾਨ ਟਰੱਕ, ਸੋਹਣੀਆਂ ਕੁੜੀਆਂ ਅਤੇ ਫ਼ੈਂਸੀ ਕਾਰਾਂ ਨਾਲ ਸਜੇ ਟਰੱਕ ਯੂਨੀਅਨ ਨਾਂ ਦੇ ਆਪਣੇ ਮਸ਼ਹੂਰ ਮਿਊਜ਼ਿਕ ਵੀਡੀਓ ‘ਚ ਸੁਰਜੀਤ ਖ਼ਾਨ ਲੋਂਗ-ਹੌਲ ਡਰਾਈਵਰ ਦੀ ਇੱਕ ਖ਼ਿਆਲੀ ਐਸ਼ਪ੍ਰਸਤੀ ਵਾਲੀ ਜ਼ਿੰਦਗੀ ਦਾ ਚਿਤਰਣ ਕਰਦੇ ਹਨ। ਇਹ ਇੱਕ ਅਜਿਹਾ ਪੇਸ਼ਾ ਹੈ ਜੋ ਕਿ ਦੱਖਣੀ ਏਸ਼ੀਆਈ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ।

ਪਰ ਖ਼ਾਨ ਵੱਲੋਂ ਬਣਾਈ ਇਸ ਸੋਹਣੀ ਤਸਵੀਰ ਹੇਠਾਂ ਕੌੜੀ ਸੱਚਾਈ ਲੁਕੀ ਹੋਈ ਹੈ ਜਿਸ ‘ਚ – ਅੱਤ ਦੇ ਤਣਾਅਪੂਰਨ ਕੰਮ ਕਰ ਕੇ ਹੋਣ ਵਾਲੀਆਂ ਮਾਨਸਿਕ ਸਮੱਸਿਆਵਾਂ ਸ਼ਾਮਲ ਹਨ।

ਇਹ ਸਮੱਸਿਆ ਸਾਡੇ ਭਾਈਚਾਰੇ ‘ਚ ਮਾਨਸਿਕ ਸਿਹਤ ਨਾਲ ਜੁੜੇ ਵਹਿਮਾਂ ਕਰ ਕੇ ਹੋਰ ਵੀ ਗੰਭੀਰ ਹੋ ਜਾਂਦੀ ਹੈ।

ਬਰੈਂਪਟਨ, ਓਂਟਾਰੀਓ ਦੇ ਗਰੇਟਰ ਟੋਰਾਂਟੋ ਦੇ ਪੂਰੇ ਖੇਤਰ ‘ਚ ਪੰਜਾਬ ਕਮਿਊਨਿਟੀ ਹੈਲਥ ਸਰਵੀਸਿਜ਼ (ਪੀ.ਸੀ.ਐਚ.ਐਸ.) ਪੀੜਤ ਦੱਖਣੀ ਏਸ਼ੀਆਈ ਟਰੱਕਰਸ ਨੂੰ ਮੱਦਦ ਦੇਣ ਲਈ ਹਮੇਸ਼ਾ ਅੱਗੇ ਰਹਿੰਦੀ ਹੈ। ਬਰੈਂਪਟਨ ਭਾਰਤ ਦੇ ਪੰਜਾਬ ਸੂਬੇ ‘ਚੋਂ ਆਏ ਹਜ਼ਾਰਾਂ ਡਰਾਈਵਰਾਂ ਦਾ ਘਰ ਹੈ।

ਇਸ ਕੇਂਦਰ ‘ਚ ਮਿਲਣ ਵਾਲੀਆਂ ਹਰ 10 ਕਾਲਾਂ ‘ਚੋਂ 7 ਟਰੱਕਰਸ ਦੀਆਂ ਹੁੰਦੀਆਂ ਹਨ, ਜਿਨ੍ਹਾਂ ‘ਚੋਂ ਬਹੁਤ ਸਾਰੇ ਪਹਿਲੀ-ਪੀੜ੍ਹੀ ਦੇ ਇਮੀਗਰੈਂਟਸ ਹੁੰਦੇ ਹਨ ਜੋ ਕਿ ਆਪਣੇ ਕੰਮ ਕਰ ਕੇ ਪੈਦਾ ਹੋਏ ਤਣਾਅ ਨਾਲ ਸੰਘਰਸ਼ ਕਰ ਰਹੇ ਹੁੰਦੇ ਹਨ।

ਕੇਂਦਰ ਅਨੁਸਾਰ ਕਈ ਦਿਨ ਸੜਕ ‘ਤੇ ਰਹਿਣ ਤੋਂ ਬਾਅਦ, ਕੁੱਝ ਡਰਾਈਵਰ ਆਪਣੇ ਤਣਾਅ ਨੂੰ ਖ਼ਤਮ ਕਰਨ ਲਈ ਸ਼ਰਾਬ ਅਤੇ ਡਰੱਗਜ਼ ਦਾ ਸਹਾਰਾ ਲੈਂਦੇ ਹਨ।

ਆਪਣੇ ਕੁੱਝ ਟੀਮ ਮੈਂਬਰਾਂ ਨਾਲ ਮੁਦੱਸਰਾ ਅਨਵਰ।

ਕੇਂਦਰ ‘ਚ ਮਾਨਸਿਕ ਸਿਹਤ ਅਤੇ ਬਜ਼ੁਰਗ ਤਣਾਅ ਪ੍ਰੋਗਰਾਮ ਦੇ ਸੂਪਰਵਾਈਜ਼ਰ ਮੁਦੱਸਰਾ ਅਨਵਰ ਕਹਿੰਦੇ ਹਨ, ”ਹੌਲੀ ਹੌਲੀ ਕੁੱਝ ਡਰਾਈਵਰ ਤਣਾਅਮੁਕਤ ਹੋਣ ਲਈ ਸ਼ਰਾਬ ਪੀਣ ਦੀ ਰੇਖਾ ਨੂੰ ਪਾਰ ਕਰ ਜਾਂਦੇ ਹਨ ਅਤੇ ਉਨ੍ਹਾਂ ਨੂੰ ਸ਼ਰਾਬ ਪੀਣ ਦੀ ਲਤ ਲਗ ਜਾਂਦੀ ਹੈ।”

ਅਨਵਰ ਨੇ ਕਿਹਾ ਕਿ ਇਸ ਲਤ ਕਰ ਕੇ ਘਰੇਲੂ ਹਿੰਸਾ ਹੁੰਦੀ ਹੈ, ਪਰਿਵਾਰ ਟੁੱਟਦੇ ਹਨ ਅਤੇ ਨੌਕਰੀਆਂ ਜਾਂਦੀਆਂ ਹਨ, ਜਿਸ ਨਾਲ ਅਖ਼ੀਰ ਵਿਅਕਤੀ ਤਣਾਅ ‘ਚ ਡੁੱਬ ਜਾਂਦਾ ਹੈ।

ਉਨ੍ਹਾਂ ਕਿਹਾ ਇਸ ‘ਚ ਮਾਨਸਿਕ ਸਿਹਤ ਖ਼ਰਾਬ ਹੋਣ ਦਾ ਦਾਗ਼ ਲੱਗਣ ਅਤੇ ਸ਼ਰਮ ਦਾ ਮਾਮਲਾ ਵੀ ਰਲ ਜਾਂਦਾ ਹੈ, ਜਿਸ ਕਰ ਕੇ ਮਰੀਜ਼ ਆਪਣਾ ਇਲਾਜ ਕਰਵਾਉਣ ਤੋਂ ਪਾਸਾ ਵੱਟੀ ਰਖਦੇ ਹਨ।

ਅਨਵਰ ਕਹਿੰਦੇ ਹਨ ਕਿ ਜਦੋਂ ਉਹ ਅਖ਼ੀਰ ‘ਚ ਡਾਕਟਰੀ ਸਲਾਹ ਲੈਣ ਦੀ ਸੋਚਦੇ ਹਨ, ਉਦੋਂ ਤਕ ਬਹੁਤ ਦੇਰ ਹੋ ਗਈ ਹੁੰਦੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਬਹੁਤ ਸਾਰੇ ਟਰੱਕਰ ਆਪਣੇ ਬੱਚਿਆਂ ਦੀ ਢੁੱਕਵੀਂ ਪਰਵਰਿਸ਼ ਨਾ ਕਰ ਸਕਣ ਕਰ ਕੇ ‘ਤਣਾਅ’ ‘ਚ ਚਲੇ ਜਾਂਦੇ ਹਨ।

ਆਪਰੇਸ਼ਨਜ਼ ਮੈਨੇਜਰ ਅਮਨਜੀਤ ਕਾਹਲੋਂ

”ਉਨ੍ਹਾਂ ਦੇ ਬੱਚੇ ਚੰਗੇ ਸਕੂਲ ‘ਚ ਨਹੀਂ ਜਾਂਦੇ, ਜਾਂ ਉਹ ਅਜਿਹੀਆਂ ਗਤੀਵਿਧੀਆਂ ‘ਚ ਪੈ ਜਾਂਦੇ ਹਨ ਜੋ ਉਨ੍ਹਾਂ ਲਈ ਚੰਗੀਆਂ ਨਹੀਂ ਹਨ। ਉਹ ਮੂਲ ਰੂਪ ‘ਚ ਆਪਣੀ ਸਿੱਖਿਆ ਪੂਰੀ ਨਹੀਂ ਕਰ ਪਾਉਂਦੇ ਕਿਉਂਕਿ ਉਨ੍ਹਾਂ ‘ਤੇ ਕੋਈ ਕਾਬੂ ਰੱਖਣ ਵਾਲਾ ਨਹੀਂ ਹੁੰਦਾ।”

ਉਨ੍ਹਾਂ ਦਾ ਕਹਿਣਾ ਹੈ ਕਿ ਆਮ ਦੱਖਣੀ ਏਸ਼ੀਆਈ ਟਰੱਕਰ ‘ਤੇ ਚਾਰੇ ਪਾਸਿਉਂ ‘ਸਮਾਜਕ ਦਬਾਅ, ਭਾਈਚਾਰਕ ਦਬਾਅ ਅਤੇ ਸਹੁਰੇ ਘਰ ਦਾ ਦਬਾਅ’ ਪੈਂਦਾ ਰਹਿੰਦਾ ਹੈ, ਜੋ ਕਿ ਤਣਾਅ ਨੂੰ ਹੋਰ ਜ਼ਿਆਦਾ ਵਧਾਉਂਦੇ ਹਨ।

ਇਨਟੇਕ ਮਾਹਰ ਕੋਮਲ ਸੰਧਾ

ਅਨਵਰ ਕਈ ਕੇਸ ਮੈਨੇਜਰਾਂ ਅਤੇ ਹੋਰ ਸਹਾਇਕ ਸਟਾਫ਼ ਟੀਮ ਦੀ ਅਗਵਾਈ ਕਰਦੇ ਹਨ, ਜੋ ਕਿ ਮਰੀਜ਼ਾਂ ਨੂੰ ਉਨ੍ਹਾਂ ਦੀ ਭਾਸ਼ਾ ਜਿਵੇਂ ਪੰਜਾਬੀ ਜਾਂ ਹਿੰਦੀ ‘ਚ ‘ਸਭਿਆਚਾਰਕ ਤੌਰ ‘ਤੇ ਢੁਕਵੀਂ’ ਸਲਾਹ ਦੇਣ ਲਈ ਸਿਖਲਾਈ ਪ੍ਰਾਪਤ ਹਨ।

ਇਹ ਕੇਂਦਰ ਮਾਨਸਿਕ ਸਿਹਤ ਅਤੇ ਲਤ ਲੱਗਣ ਦੀ ਬਿਮਾਰੀ ‘ਤੇ ਕਈ ਤਰ੍ਹਾਂ ਦੇ ਮੁਫ਼ਤ ਪ੍ਰੋਗਰਾਮ ਚਲਾਉਂਦਾ ਹੈ ਅਤੇ ਨਾਲ ਹੀ ਭਾਈਚਾਰੇ ਦੇ ਹੋਰਨਾਂ ਦੇਖਭਾਲ ਸਾਂਝੇਦਾਰਾਂ ਨਾਲ ਮਿਲ ਕੇ ਕੰਮ ਕਰਦਾ ਹੈ।

ਕੇਸ ਮੈਨੇਜਰ ਪ੍ਰਨੀਤ ਵੜੈਚ

ਮੈਨੇਜਰ ਪ੍ਰਨੀਤ ਵੜੈਚ ਦਾ ਕਹਿਣਾ ਹੈ ਕਿ ਟਰੱਕਰਸ ਦੀ ਆਮ ਸ਼ਿਕਾਇਤ ਇਹ ਹੁੰਦੀ ਹੈ ਕਿ ਉਹ ਇਕਲਾਪਾ ਮਹਿਸੂਸ ਕਰਦੇ ਹਨ ਅਤੇ ਸਮਾਜ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨਹੀਂ ਹੁੰਦੇ।

”ਫਿਰ ਉਨ੍ਹਾਂ ਨੂੰ ਲਗਦਾ ਹੈ ਕਿ ਲੋਕ ਉਨ੍ਹਾਂ ਨੂੰ ਸਿੱਖਿਅਤ ਨਾ ਹੋਣ ਅਤੇ ‘ਚੱਜ ਦੇ ਨਾ’ ਹੋਣ ਦੀ ਨਜ਼ਰ ਤੋਂ ਵੇਖਦੇ ਹਨ। ਇਸ ਲਈ ਉਨ੍ਹਾਂ ਨੂੰ ਖ਼ੁਦ ਨੂੰ ਮਕਬੂਲ ਬਣਾਉਣ ਲਈ ਕੁੱਝ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ।”

ਅਜਿਹਾ ਇੱਕ ਮਾਮਲਾ ਕੇਂਦਰ ਦੇ ਸਾਹਮਣੇ ਆਇਆ ਜੋ ਕਿ 36 ਸਾਲਾਂ ਦੇ ਇੱਕ ਟਰੱਕਰ ਦਾ ਸੀ ਜਿਸ ਨੂੰ ਇੱਕ ਟੱਕਰ ਤੋਂ ਬਾਅਦ ਬਹੁਤ ਸੱਟਾਂ ਲੱਗੀਆਂ ਸਨ। ਇਸ ਤੋਂ ਬਾਅਦ ਛੇਤੀ ਹੀ ਉਹ ਮਨੋਵਿਕਾਰ ਅਤੇ ਖੰਡਿਤ ਮਾਨਸਿਕਤਾ ਦੀ ਬਿਮਾਰੀ ਤੋਂ ਪੀੜਤ ਹੋ ਗਿਆ।

ਕੇਸ ਮੈਨੇਜਰ ਇਬਨੀਤ ਕਪੂਰ

ਉਸ ਕੋਲ ਨਾ ਕੋਈ ਪੈਸਾ ਸੀ ਅਤੇ ਨਾ ਹੀ ਮੱਦਦ ਸੀ, ਜਿਸ ਕਰ ਕੇ ਉਹ ਸਿਰਫ਼ ਦੁੱਧ ਪੀ ਕੇ ਗੁਜ਼ਾਰਾ ਕਰਦਾ ਸੀ। ਫਿਰ ਕੇਂਦਰ ਨੇ ਉਸ ਦੀ ਮੱਦਦ ਕੀਤੀ ਅਤੇ ਸਥਾਨਕ ਫ਼ੂਡ ਬੈਂਕ ਨਾਲ ਮਿਲ ਕੇ ਉਸ ਨੂੰ ਭੋਜਨ ਮੁਹੱਈਆ ਕਰਵਾਇਆ। ਉਸ ਨੂੰ ਬਾਅਦ ‘ਚ ਇੱਕ ਡਾਕਟਰ ਕੋਲ ਅਗਲੇ ਉਪਚਾਰ ਲਈ ਭੇਜ ਦਿੱਤਾ ਗਿਆ।

ਸੰਸਥਾਪਕ ਅਤੇ ਸੀ.ਈ.ਓ. ਡਾ. ਬਲਦੇਵ ਮੁੱਟਾ ਦੀ ਅਗਵਾਈ ‘ਚ ਇਹ ਕੇਂਦਰ ਹਰ ਸਾਲ ਲਗਭਗ 1,000 ਲੋਕਾਂ ਦੀ ਮੱਦਦ ਕਰਦਾ ਹੈ।

ਗੱਲਬਾਤ ਰਾਹੀਂ ਇਲਾਜ

ਪਿਛਲੇ ਸਾਲ ਗਰਮੀਆਂ ਦੇ ਮੌਸਮ ‘ਚ ਟੋਰਾਂਟੋ ਵਿਖੇ ਸੈਂਟਰ ਫ਼ਾਰ ਐਡੀਕਸ਼ਨ ਐਂਡ ਮੈਂਟਲ ਹੈਲਥ (ਸੀ. ਏ.ਐਮ.ਐਚ.) ਨੇ ਕਿਹਾ ਕਿ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਦੀ ਆਪਣੀਆਂ ਮਾਨਸਿਕ ਬਿਮਾਰੀਆਂ ਦਾ ਇਲਾਜ ਕਰਵਾਉਣ ਦੀ ਸੰਭਾਵਨਾ ਗੋਰੀ ਚਮੜੀ ਦੇ ਲੋਕਾਂ ਤੋਂ 85% ਘੱਟ ਹੁੰਦੀ ਹੈ।

ਇਸ ਸਮੱਸਿਆ ਨੂੰ ਹੱਲ ਕਰਨ ਲਈ ਸੀ.ਏ.ਐਮ.ਐਚ. ਇਸ ਭਾਈਚਾਰੇ ਦੇ ਸਭਿਆਚਾਰ ਅਨੁਸਾਰ ਢੁੱਕਵੀਂ ਵਿਸ਼ੇਸ਼ ਕੋਗਨੀਟਿਵ ਬਿਹੇਵਰੀਅਲ ਥੈਰੇਪੀ ਸ਼ੁਰੂ ਕਰਨ ਜਾ ਰਿਹਾ ਹੈ।

ਸੀ.ਏ.ਐਮ.ਐਚ.ਵਿਖੇ ਜਨਰਲ ਹੈਲਥ ਸਿਸਟਮਸ ਦੇ ਮੁਖੀ ਡਾ. ਫ਼ਾਰੂਖ਼ ਨਈਮ ਇਸ ਪ੍ਰਾਜੈਕਟ ਦੀ ਅਗਵਾਈ ਕਰ ਰਹੇ ਹਨ, ਜਿਸ ਨੂੰ ਉਹ ‘ਗੱਲਬਾਤ ਰਾਹੀਂ ਇਲਾਜ’ ਆਖਦੇ ਹਨ।

ਨਈਮ ਦੀ ਟੀਮ ਹੈਲਥ ਕੈਨੇਡਾ ਦੀ ਫ਼ੰਡਿੰਗ ਅਤੇ ਪੀ.ਸੀ.ਐਚ.ਐਸ. ਅਤੇ ਮੈਂਟਲ ਹੈਲਥ ਕਮੀਸ਼ਨ ਆਫ਼ ਕੈਨੇਡਾ ਵਰਗੇ ਕਈ ਸੰਗਠਨਾਂ ਦੀ ਮੱਦਦ ਨਾਲ ਚਲ ਰਹੇ ਇਸ ਪ੍ਰੋਗਰਾਮ ਲਈ ਸੂਚਨਾ ਇਕੱਠੀ ਕਰ ਰਹੀ ਹੈ ਜੋ ਕਿ ਇਸ ਸਾਲ ਦੇ ਅੱਧ ‘ਚ ਸ਼ੁਰੂ ਕਰ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਦਸੰਬਰ ਮਹੀਨੇ ‘ਚ ਐਲਾਨ ਦਾ ਬਹੁਤ ਵਧੀਆ ਹੁੰਗਾਰਾ ਮਿਲਿਆ ਅਤੇ ਹਜ਼ਾਰਾਂ ਲੋਕਾਂ ਨੇ ਇਸ ‘ਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ।

ਨਈਮ ਨੇ ਰੋਡ ਟੂਡੇ ਨੂੰ ਕਿਹਾ, ”ਮੈਂ ਸੋਚਦਾ ਹਾਂ ਕਿ ਇਸ ਦਾ ਮਤਲਬ ਇਹ ਹੈ ਕਿ ਇਸ ਭਾਈਚਾਰੇ ਦੇ ਲੋਕ ਜ਼ਿਆਦਾ ਜਾਗਰੂਕ ਹਨ, ਉਹ ਇਸ ਬਾਰੇ ਜਾਣੂ ਹਨ ਅਤੇ ਉਹ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਬਾਰੇ ਮੱਦਦ ਪ੍ਰਾਪਤ ਕਰਨ ਦੀ ਜ਼ਰੂਰਤ ਸਮਝ ਰਹੇ ਹਨ।”

ਮਾਨਸਿਕ ਤਕਲੀਫ਼ ਦਾ ਦਰਦ

ਟਰੱਕ ਡਰਾਈਵਰਾਂ ਦੀ ਮਾਨਸਿਕ ਸਿਹਤ ਅਚਾਨਕ ਬਹੁਤ ਜ਼ਿਆਦਾ ਧਿਆਨ ਖਿੱਚ ਰਹੀ ਹੈ, ਜੋ ਕਿ ਇਸ ਗੱਲ ਦਾ ਸੰਕੇਤ ਹੈ ਕਿ ਇਹ ਸਮੱਸਿਆ ਸਾਲ ਦਰ ਸਾਲ ਬਦਤਰ ਹੁੰਦੀ ਜਾ ਰਹੀ ਹੈ।

ਮੀਡੀਆ ਮੁਹਿੰਮਾਂ, ਜਾਗਰੂਕਤਾ ਵਰਕਸ਼ਾਪਾਂ ਅਤੇ ਨਵੀਆਂ ਖੋਜਾਂ ਇਸ ਸਮੱਸਿਆ ਨੂੰ ਨੱਥ ਪਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਹਿੱਸਾ ਹਨ ਜੋ ਕਿ ਉੱਤਰੀ ਅਮਰੀਕਾ ਦੇ ਹਜ਼ਾਰਾਂ ਟਰੱਕ ਡਰਾਈਵਰਾਂ ਨੂੰ ਆਪਣੇ ਕਲਾਵੇ ‘ਚ ਲੈ ਚੁੱਕੀ ਹੈ।

ਕੈਨੇਡਾ ‘ਚ, ਮਾਨਸਿਕ ਵਿਕਾਰ ਅਤੇ ਮਾਨਸਿਕ ਸਿਹਤ ਦੀਆਂ ਬਿਮਾਰੀਆਂ ਆਮ ਜਨਤਾ ਤੋਂ ਕਿਤੇ ਜ਼ਿਆਦਾ ਟਰੱਕਿੰਗ ਉਦਯੋਗ ‘ਚ ਪੈਰ ਪਸਾਰ ਚੁੱਕੀਆਂ ਹਨ।

ਇਹ ਕੋਈ ਹੈਰਾਨੀ ਦੀ ਗੱਲ ਨਹੀਂ, ਜੇ ਇਹ ਵੇਖਿਆ ਜਾਵੇ ਕਿ ਟਰੱਕਿੰਗ ਉਦਯੋਗ ‘ਚ 300,000 ਤੋਂ ਜ਼ਿਆਦਾ ਡਰਾਈਵਰ ਲੱਗੇ ਹੋਏ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਉੱਚ-ਤਣਾਅ, ਉਨੀਂਦਰੇ ਅਤੇ ਮੋਟਾਪਾ ਪੈਦਾ ਕਰਨ ਵਾਲੇ ਵਾਤਾਵਰਣ ‘ਚ ਕੰਮ ਕਰਦੇ ਹਨ।

ਅਸੀਂ ਇੱਥੇ ਤਕ ਕਿਸ ਤਰ੍ਹਾਂ ਪੁੱਜੇ?

ਪ੍ਰੋਫ਼ੈ. ਮੋਨਾ ਸ਼ੈਟੇੱਲ

ਜੌਨ ਹੋਪਕਿੰਸ ਸਕੂਲ ਆਫ਼ ਨਰਸਿੰਗ ‘ਚ ਫ਼ੈਕਲਟੀ ਵਿਕਾਸ ਦੀ ਐਸੋਸੀਏਟ ਡੀਨ ਪ੍ਰੋਫ਼ੈ. ਮੋਨਾ ਸ਼ੈਟੇੱਲ ਨੇ ਟਰੱਕ ਡਰਾਈਵਰਾਂ ਦੀ ਮਾਨਸਿਕ ਸਿਹਤ ਬਾਰੇ ਡੂੰਘੇ ਅਧਿਐਨ ਕੀਤੇ ਹਨ।

ਉਨ੍ਹਾਂ ਨੂੰ ਲਗਦਾ ਹੈ ਇਕੱਲਾਪਣ ਮਾਨਸਿਕ ਸਮੱਸਿਆਵਾਂ ਦਾ ਮੂਲ ਕਾਰਨ ਹੈ।

ਰੋਡ ਟੂਡੇ ਨੂੰ ਇੱਕ ਈ-ਮੇਲ ਸੰਦੇਸ਼ ‘ਚ ਉਨ੍ਹਾਂ ਕਿਹਾ, ”ਇਕੱਲਾਪਣ ਉਨ੍ਹਾਂ ਟਰੱਕ ਡਰਾਈਵਰਾਂ ਦੀ ਸੱਭ ਤੋਂ ਵੱਡੀ ਸਮੱਸਿਆ ਹੈ ਜੋ ਕਿ ਦਿਨ ‘ਚ ਜ਼ਿਆਦਾਤਰ ਘੰਟੇ ਇਕੱਲਿਆਂ ਬਤੀਤ ਕਰਦੇ ਹਨ। ਇਨਸਾਨ ਹੋਣ ਦੇ ਨਾਤੇ ਸਾਨੂੰ ਲੋਕਾਂ ਨਾਲ ਆਹਮੋ-ਸਾਹਮਣੇ ਹੋ ਕੇ ਗੱਲਬਾਤ ਕਰਨ ਦੀ ਜ਼ਰੂਰਤ ਹੁੰਦੀ ਹੈ।”

ਸ਼ੈਟੇੱਲ ਨੇ ਇੱਕ ਵਾਕਿਆ ਵੀ ਦੱਸਿਆ ਜਦੋਂ ਕੁੱਝ ਟਰੱਕ ਡਰਾਈਵਰਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਕਿਸੇ ਦੇ ਸਾਥ ਲਈ ਏਨੇ ਉਤਾਵਲੇ ਸਨ ਕਿ ਉਨ੍ਹਾਂ ਨੇ ਵੇਸ਼ਵਾਵਾਂ ਨੂੰ ਸਿਰਫ਼ ਗੱਲਾਂ ਕਰਨ ਲਈ ਪੈਸੇ ਦੇ ਕੇ ਸੱਦਿਆ ਨਾ ਕਿ ਉਨ੍ਹਾਂ ਨਾਲ ਸੰਭੋਗ ਕਰਨ ਲਈ।

ਉਨ੍ਹਾਂ ਨੇ ਟਰੱਕ ਡਰਾਈਵਰਾਂ ਦੀ ਖ਼ਰਾਬ ਮਾਨਸਿਕ ਸਿਹਤ ਲਈ ਘੱਟ ਆਜ਼ਾਦੀ ਹੋਣਾ, ਸਮਾਜ ‘ਚ ਘੱਟ ਇੱਜ਼ਤ ਹੋਣਾ, ਘੱਟ ਤਨਖ਼ਾਹ ਮਿਲਣਾ, ਲੰਮੇ ਕੰਮਕਾਜ ਦੇ ਘੰਟੇ ਅਤੇ ਕੰਪਨੀਆਂ ਤੇ ਡਿਸਪੈਚਰਾਂ ਦੇ ਵਧਦੇ ਦਬਾਅ ਨੂੰ ਵੀ ਜ਼ਿੰਮੇਵਾਰ ਦੱਸਿਆ।

ਸਮੱਸਿਆ ਹੋਰ ਜ਼ਿਆਦਾ ਉਸ ਸਮੇਂ ਵਿਗੜ ਜਾਂਦੀ ਹੈ ਜਦੋਂ ਵਿਅਕਤੀ ਡਾਕਟਰੀ ਮੱਦਦ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਕਿਉਂਕਿ ਅਕਸਰ ਟਰੱਕ ਡਰਾਈਵਰਾਂ ਨੂੰ ਮਰਦਾਊਂਪੁਣੇ ਕਿਸਮ ਦੇ ਲੋਕ ਸਮਝਿਆ ਜਾਂਦਾ ਹੈ।

ਸ਼ੈਟੇੱਲ ਨੇ ਕਿਹਾ, ”ਇਸ ਲਈ ਡਾਕਟਰ ਕੋਲ ਜਾਣਾ, ਵਿਸ਼ੇਸ਼ ਕਰ ਕੇ ਮਾਨਸਿਕ ਸਿਹਤ ਵਰਗੇ ਮਾਮਲਿਆਂ ‘ਚ ਤਾਂ ਬਹੁਤ ਮਰਦਾਊਂਪੁਣੇ ਟਰੱਕ ਡਰਾਈਵਰਾਂ ਦੇ ਅਕਸ ਦੇ ਰੁਤਬੇ ਵਾਲਾ ਕੰਮ ਨਹੀਂ ਸਮਝਿਆ ਜਾਂਦਾ।”

ਕੈਨੇਡੀਆਈ ਕੋਸ਼ਿਸ਼ਾਂ

ਕੈਨੇਡਾ ‘ਚ, ਇਸ ਮਾਮਲੇ ‘ਤੇ ਹੋਰ ਜ਼ਿਆਦਾ ਅਧਿਐਨ ਕੀਤੇ ਜਾ ਰਹੇ ਹਨ।

ਥੰਡਰ ਬੇਅ, ਓਂਟਾਰੀਓ ‘ਚ ਲੇਕਹੈੱਡ ਯੂਨੀਵਰਸਿਟੀ ਵਿਖੇ ਖੋਜਕਰਤਾ ਟਰੱਕ ਡਰਾਈਵਰਾਂ ਦੀ ਖ਼ਰਾਬ ਮਾਨਸਿਕ ਸਿਹਤ ਦੇ ਕਾਰਨ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।

ਲੋਂਗ-ਹੌਲ ਟਰੱਕ ਡਰਾਈਵਰਾਂ ‘ਚ ਤਣਾਅ ਪੈਦਾ ਹੋਣ ਦੇ ਖ਼ਤਰੇ ਵਾਲੇ ਕਾਰਨ ਲੱਭਣ ਲਈ ਸ਼ੁਰੂ ਕੀਤੇ ਆਪਣੇ ਇੱਕ ਪ੍ਰਾਜੈਕਟ ਲਈ ਸਾਂਝੇਦਾਰਾਂ ਦੀ ਮੰਗ ਕਰਦਿਆਂ ਯੂਨੀਵਰਸਿਟੀ ਨੇ ਪਿਛਲੇ ਮਹੀਨੇ ਕਿਹਾ ਸੀ, ”ਟਰੱਕ ਡਰਾਈਵਰਾਂ ‘ਚ ਤਣਾਅ ਪੈਦਾ ਹੋਣ ਦੇ ਖ਼ਤਰੇ ਵਾਲੇ ਕਾਰਨਾਂ ਨੂੰ ਸਾਹਿਤ ‘ਚ ਅਜੇ ਤਕ ਪੂਰੀ ਤਰ੍ਹਾਂ ਸਮਝਿਆ ਨਹੀਂ ਜਾ ਸਕਿਆ। ਇਸ ਅਧਿਐਨ ਨਾਲ ਅਸੀਂ ਉਨ੍ਹਾਂ ਕਾਰਨਾਂ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਾਂਗੇ ਜੋ ਕਿ ਟਰੱਕ ਡਰਾਈਵਰਾਂ ‘ਚ ਤਣਾਅ ਪੈਦਾ ਕਰਨ ਲਈ ਜ਼ਿੰਮੇਵਾਰ ਹੁੰਦੇ ਹਨ।”

ਟੀਮ ਓਨਰ-ਆਪਰੇਟਰਜ਼ ਬਿਜ਼ਨੈਸ ਐਸੋਸੀਏਸ਼ਨ ਆਫ਼ ਕੈਨੇਡਾ (ਓ.ਬੀ.ਏ.ਸੀ.) ਨਾਲ ਮਿਲ ਕੇ ਕੰਮ ਕਰ ਰਹੀ ਹੈ।

ਓ.ਬੀ.ਏ.ਸੀ. ਦੇ ਕਾਰਜਕਾਰੀ ਡਾਇਰੈਕਟਰ ਜੋਐਨ ਰਿਚੀ ਨੇ ਕਿਹਾ, ”ਸਾਨੂੰ ਮਾਨਸਿਕ ਸਿਹਤ ਬਾਰੇ ਸੁਚੱਜੀ ਗੱਲਬਾਤ ਕਰਨ ਦੀ ਜ਼ਰੂਰਤ ਹੈ। ਸਾਨੂੰ ਬਿਹਤਰ ਅਧਿਐਨ ਦੀ ਜ਼ਰੂਰਤ ਹੈ ਜਿਸ ‘ਚ ਖ਼ੁਦ ਡਰਾਈਵਰਾਂ ਤੋਂ ਇਹ ਪੁਛਿਆ ਜਾ ਸਕੇ ਕਿ ਸੜਕਾਂ ‘ਤੇ ਚੱਲਣ ਦੌਰਾਨ ਉਨ੍ਹਾਂ ਨਾਲ ਅਜਿਹਾ ਕੀ ਹੁੰਦਾ ਹੈ ਜਿਸ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਪ੍ਰਭਾਵਤ ਹੁੰਦੀ ਹੈ।”

ਟਰੱਕਿੰਗ ਐਚ.ਆਰ. ਕੈਨੇਡਾ ਮਾਨਸਿਕ ਸਿਹਤ ਬਾਰੇ ਕਈ ਵਾਰੀ ਵਰਕਸ਼ਾਪ ਲਾਉਂਦਾ ਰਿਹਾ ਹੈ।

ਇਸ ਨੇ ਕੰਮਕਾਜ ਦੀਆਂ ਥਾਵਾਂ ‘ਤੇ ਮਾਨਸਿਕ ਸਿਹਤ  ਬਾਰੇ ਇੱਕ ਕਿਤਾਬਚਾ ਵੀ ਜਾਰੀ ਕੀਤਾ ਸੀ ਜਿਸ ਨਾਲ ਮਾਲਕ ਆਪਣੇ ਹੇਠ ਕੰਮ ਕਰਦੇ ਸਟਾਫ਼ ਦੀ ਮਾਨਸਿਕ ਸਿਹਤ ਦੇ ਮਾਮਲਿਆਂ ‘ਚ ਮੱਦਦ ਕਰ ਸਕਣ।

ਟਰੱਕਿੰਗ ਐਚ.ਆਰ. ਕੈਨੇਡਾ ‘ਚ ਨੀਤੀ ਅਤੇ ਪ੍ਰੋਗਰਾਮ ਦੇ ਡਾਇਰੈਕਟਰ ਕਰੇਗ ਫ਼ਾਸੇਟ ਨੇ ਕਿਹਾ, ”ਟਰੱਕਿੰਗ ਅਤੇ ਲੋਜਿਸਟਿਕਸ ਉਦਯੋਗ ‘ਚ ਕੰਮਕਾਜ ਵਾਲੀਆਂ ਥਾਵਾਂ ‘ਤੇ ਮਾਨਸਿਕ ਸਿਹਤ ਦੇ ਮਾਮਲਿਆਂ ਨਾਲ ਨਜਿੱਠਣਾ ਮਹੱਤਵਪੂਰਨ ਮੁੱਦਾ ਬਣ ਗਿਆ ਹੈ। ਮੰਦਭਾਗੀ ਗੱਲ ਹੈ ਕਿ ਜਾਗਰੂਕਤਾ ਵਧਣ ਦੇ ਬਾਵਜੂਦ ਮਾਨਸਿਕ ਸਿਹਤ ਬਾਰੇ ਅਜੇ ਵੀ ਲੋਕਾਂ ਦੇ ਮਨਾਂ ‘ਚ ਵਹਿਮ ਹਨ, ਜਿਸ ਦੇ ਨਤੀਜੇ ਵਜੋਂ ਕਈ ਲੋਕ ਉਹ ਮੱਦਦ ਪ੍ਰਾਪਤ ਨਹੀਂ ਕਰ ਸਕਦੇ ਜਿਸ ਦੀ ਉਨ੍ਹਾਂ ਨੂੰ ਜ਼ਰੂਰਤ ਹੈ।”

ਕੈਨੇਡੀਅਨ ਸੈਂਟਰ ਫ਼ਾਰ ਆਕਿਊਪੇਸ਼ਨਲ ਹੈਲਥ ਐਂਡ ਸੇਫ਼ਟੀ ਵਖਰੇ ਤੌਰ ‘ਤੇ ਮੁਫ਼ਤ ‘ਚ ਰੁਜ਼ਗਾਰਦਾਤਾਵਾਂ ਅਤੇ ਫ਼ਰੰਟੀਲਾਈਨ ਵਰਕਰਾਂ ਨੂੰ ਇੱਕ ਜਾਗਰੂਕਤਾ ਕੋਰਸ ਕਰਵਾ ਰਿਹਾ ਹੈ, ਜੋ ਕਿ ਉਨ੍ਹਾਂ ਨੂੰ ਇਸ ਬਾਰੇ ਦੱਸੇਗਾ ਕਿ ਕੰਮਕਾਜ ਵਾਲੀਆਂ ਥਾਵਾਂ ‘ਤੇ ਮਾਨਸਿਕ ਸਿਹਤ ਦੀ ਸਮਝ ਰੱਖਣਾ ਉਨ੍ਹਾਂ ਲਈ ਬਿਹੱਤਰ ਕਿਸ ਤਰ੍ਹਾਂ ਹੋ ਸਕਦਾ ਹੈ।

ਕੀ ਕੀਤਾ ਜਾ ਸਕਦਾ ਹੈ?

ਜੌਨ ਹੋਪਕਿੰਸ ਦੀ ਸ਼ੈਟੇੱਲ ਨੇ ਕਿਹਾ ਕਿ ਟਰੱਕਿੰਗ ਕੰਪਨੀਆਂ ਨੂੰ ਟਰੱਕ ਡਰਾਈਵਰਾਂ ਦੀ ਸਿਹਤ ਅਤੇ ਤੰਦਰੁਸਤੀ ਲਈ ਹੋਰ ਜ਼ਿਆਦਾ ਪ੍ਰੋਗਰਾਮ ਚਲਾਉਣ ਦੀ ਜ਼ਰੂਰਤ ਹੈ।

ਉਨ੍ਹਾਂ ਕਿਹਾ ਕਿ ਨਰਸ ਪ੍ਰੈਕਟੀਸ਼ਨਰਾਂ (ਅਤੇ/ਜਾਂ ਡਾਕਟਰਾਂ ਅਤੇ ਨਰਸਾਂ) ਦੀ ਹਾਜ਼ਰੀ ਵਾਲੀਆਂ ਕਲੀਨਿਕਾਂ ਟਰੱਕਿੰਗ ਕੰਪਨੀਆਂ ਅਤੇ ਟਰੱਕ ਰੁਕਣ ਵਾਲੀਆਂ ਥਾਵਾਂ ‘ਤੇ ਸਥਿਤ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਡਰਾਈਵਰ ਆਸਾਨੀ ਨਾਲ ਉਨ੍ਹਾਂ ਤਕ ਪਹੁੰਚ ਸਕਣ।

ਸ਼ੈਟੇੱਲ ਇਹ ਵੀ ਸੋਚਦੀ ਹੈ ਕਿ ਅਮਰੀਕਾ ‘ਚ ਫ਼ੈਡਰਲ ਕਾਨੂੰਨ ‘ਚ ਸੋਧ ਕਰ ਕੇ ਟਰੱਕ ਡਰਾਈਵਰਾਂ ਨੂੰ ਕਿਰਤ ਵਿਭਾਗ ਹੇਠ ਲਿਆਉਣਾ ਚਾਹੀਦਾ ਹੈ ਨਾ ਕਿ ਆਵਾਜਾਈ ਵਿਭਾਗ ਹੇਠ, ਜਿਸ ਨਾਲ ਉਨ੍ਹਾਂ ਨੂੰ ਬਿਹਤਰ ਇਲਾਜ ਮਿਲ ਸਕੇਗਾ।

ਸਰੋਤ
ਪੰਜਾਬੀ ਕਮਿਊਨਿਟੀ ਹੈਲਥ ਸਰਵੀਸਿਜ਼ – www.pchs4u.com
ਸੈਂਟਰ ਫ਼ਾਰ ਐਡੀਕਸ਼ਨ ਐਂਡ ਮੈਂਟਲ ਹੈਲਥ – www.camh.ca
ਮੈਂਟਲ ਹੈਲਥ ਕਮੀਸ਼ਨ ਆਫ਼ ਕੈਨੇਡਾ – www.mentalhealthcommission.ca
ਹੈਲਥ ਕੈਨੇਡਾ- www.canada.ca/en/health-canada.html
ਪੀਲ ਰੀਜਨਲ ਪੁਲਿਸ – www.peelpolice.ca

 

ਅਬਦੁਲ ਲਤੀਫ਼ ਵੱਲੋਂ