2045 ਤੋਂ ਬਾਅਦ ਕੈਲੇਫ਼ੋਰਨੀਆ ‘ਚ ਸਿਫ਼ਰ-ਉਤਸਰਜਨ ਵਾਲੇ ਟਰੱਕ ਹੀ ਚੱਲਣਗੇ

ਕੈਲੇਫ਼ੋਰਨੀਆ ਏਅਰ ਰੀਸੋਰਸਿਜ਼ ਬੋਰਡ (ਸੀ.ਏ.ਆਰ.ਬੀ.) ਵੱਲੋਂ ਕੱਲ÷  ਅਪਣਾਏ ਗਏ ਰੈਗੂਲੇਟਰੀ ਬਦਲਾਅ ਅਨੁਸਾਰ ਕੈਲੇਫ਼ੋਰਨੀਆ ‘ਚ ਵੇਚਿਆ ਜਾਣ ਵਾਲਾ ਹਰ ਨਵਾਂ ਟਰੱਕ ਸੰਨ 2045 ਤੋਂ ਬਾਅਦ ਸਿਫ਼ਰ-ਉਤਸਰਜਨ ਵਾਲਾ ਹੋਣਾ ਚਾਹੀਦਾ ਹੈ। ਡੀਜ਼ਲ ਤੋਂ ਸਿਫ਼ਰ-ਉਤਸਰਜਨ ਵੱਲ ਜਾਣ ਬਾਰੇ ਪੇਸ਼ਕਸ਼ 2024 ‘ਚ ਸ਼ੁਰੂ ਹੋਵੇਗੀ।

ਨਵੇਂ ਨਿਯਮਾਂ ਅਨੁਸਾਰ ਬੰਦਰਗਾਹਾਂ ਅਤੇ ਰੇਲ ਸਟੇਸ਼ਨ ‘ਤੇ ਸ਼ੋਰਟ ਹੌਲ ਢੋਆ-ਢੁਆਈ ਵੀ 2035 ਤੋਂ ਬਾਅਦ ਸਿਰਫ਼ ਸਿਫ਼ਰ-ਉਤਸਰਜਨ ਵਾਲੀਆਂ ਗੱਡੀਆਂ ਰਾਹੀਂ ਹੋਵੇਗੀ ਅਤੇ ਆਖ਼ਰੀ ਪੜਾਅ ਤਕ ਸਮਾਨ ਪਹੁੰਚਾਉਣ ਵਾਲੇ ਟਰੱਕ ਅਤੇ ਵੈਨਾਂ ਦਾ 2040 ਤਕ ਉਤਸਰਜਨ ਮੁਕਤ ਹੋਣਾ ਲਾਜ਼ਮੀ ਹੈ।

ਕੈਲੇਫ਼ੋਰਨੀਆ ਦੇ ਵਾਤਾਵਰਣ ਸੁਰੱਖਿਆ ਸਕੱਤਰ ਜੇਰਡ ਬਲੁਮਨਫ਼ੈਲ਼ਡ ਨੇ ਕਿਹਾ, ”ਅਸੀਂ ਦੁਨੀਆਂ ਨੂੰ ਇਹ ਦਰਸਾ ਰਹੇ ਹਾਂ ਕਿ ਅਸੀਂ ਵਸਤਾਂ ਦੀ ਢੋਆ-ਢੁਆਈ ਕਰ ਸਕਦੇ ਹਾਂ, ਆਪਣੀ ਆਰਥਿਕਤਾ ਦਾ ਵਿਕਾਸ ਕਰ ਸਕਦੇ ਹਾਂ ਅਤੇ ਅਖ਼ੀਰ ‘ਚ ਪ੍ਰਦੂਸ਼ਣ ਫੈਲਾਉਣ ਵਾਲੇ ਡੀਜ਼ਲ ਦਾ ਵੀ ਤਿਆਗ ਕਰ ਸਕਦੇ ਹਾਂ।”

ਰੈਗੂਲੇਟਰਾਂ ਨੇ ਵੇਖਿਆ ਹੈ ਕਿ ਘੱਟ ਆਮਦਨ ਅਤੇ ਪ੍ਰਦੂਸ਼ਣ ਤੋਂ ਪੀੜਤ ਲੋਕ ਬੰਦਰਗਾਹਾਂ, ਰੇਲਯਾਰਡ, ਵੰਡ ਕੇਂਦਰਾਂ ਅਤੇ ਫ਼ਰੇਟ ਕੋਰੀਡੋਰਾਂ ਨੇੜੇ ਸਥਿਤ ਹਨ ਜੋ ਕਿ ਭਾਰੀ ਟਰੱਕ ਆਵਾਜਾਈ ਦਾ ਸਾਹਮਣਾ ਕਰਦੇ ਹਨ।

ਸੀ.ਏ.ਆਰ.ਬੀ. ਚੇਅਰਵੂਮੈਨ ਮੈਰੀ ਨਿਕੋਲਸ ਨੇ ਕਿਹਾ, ”ਕਈ ਦਹਾਕਿਆਂ ਤੋਂ, ਆਟੋਮੋਬਾਈਲ ਦਾ ਪ੍ਰਦੂਸ਼ਣ ਲਗਾਤਾਰ ਘੱਟ ਹੁੰਦਾ ਆ ਰਿਹਾ ਹੈ, ਪਰ ਬਾਕੀ ਆਵਾਜਾਈ ਸਿਸਟਮ ਨੇ ਸਾਫ਼-ਸੁਥਰੀ ਹਵਾ ਵੱਲ ਬਹੁਤ ਘੱਟ ਕਦਮ ਚੁੱਕਿਆ ਹੈ। ਡੀਜ਼ਲ ਦੀਆਂ ਗੱਡੀਆਂ ਆਰਥਿਕਤਾ ਨੂੰ ਅੱਗੇ ਵਧਾਉਣ ਵਾਲੇ ਘੋੜੇ ਦਾ ਕੰਮ ਕਰਦੀਆਂ ਹਨ ਅਤੇ ਪ੍ਰਦੂਸ਼ਣ ਦੀ ਸਮੱਸਿਆ ਦੇ ਹੱਲ ਲਈ ਸਾਨੂੰ ਇਨ੍ਹਾਂ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ। ਹੁਣ ਅਜਿਹਾ ਕਰਨ ਦਾ ਸਹੀ ਸਮਾਂ ਹੈ- ਤਕਨੀਕ ਆ ਗਈ ਹੈ ਅਤੇ ਇਸ ਲਈ ਨਿਵੇਸ਼ ਦੀ ਜ਼ਰੂਰਤ ਹੈ।”

ਅਮਰੀਕਾ ਦਾ ਲਾਸ ਏਂਜਲਿਸ ਇਲਾਕਾ ਅਤੇ ਸੈਨ ਕੁਆਕਿਨ ਵੈਲੀ ਸਭ ਤੋਂ ਪ੍ਰਦੂਸ਼ਿਤ ਇਲਾਕੇ ਹਨ।

ਸੀ.ਏ.ਆਰ.ਬੀ. ਨੇ ਕਿਹਾ ਕਿ ਸੂਬੇ ‘ਚ ਸਮੋਗ ਪੈਦਾ ਕਰਨ ਵਾਲਾ 70% ਪ੍ਰਦੂਸ਼ਣ, ਅਤੇ ਕਾਰੀਸੀਨੋਜੈਨਿਕ ਡੀਜ਼ਲ ਸੂਟ ਦਾ 80% ਹਿੱਸਾ ਟਰੱਕ ਹੀ ਪੈਦਾ ਕਰਦੇ ਹਨ, ਹਾਲਾਂਕਿ ਇਹ ਅਧਿਕਾਰ ਖੇਤਰ ‘ਚ ਰਜਿਸਟਰਡ 3 ਕਰੋੜ ਗੱਡੀਆਂ ‘ਚੋਂ ਸਿਰਫ਼ 20 ਲੱਖ ਗੱਡੀਆਂ ਹਨ।

ਡੀਜ਼ਲ ਟੈਕਨਾਲੋਜੀ ਫ਼ੋਰਮ ਦੇ ਕਾਰਜਕਾਰੀ ਡਾਇਰੈਕਟਰ ਐਲਨ ਸ਼ੈਫ਼ਰ ਨੇ ਡੀਜ਼ਲ ਗੱਡੀਆਂ ਦਾ ਬਚਾਅ ਕਰਦਿਆਂ ਕਿਹਾ ਕਿ ਆਉਣ ਵਾਲੇ ਦਹਾਕੇ ‘ਚ ਡੀਜ਼ਲ ਮਹੱਤਵਪੂਰਨ ਰੋਲ ਅਦਾ ਕਰਦਾ ਰਹੇਗਾ।

ਉਨ੍ਹਾਂ ਕਿਹਾ, ”ਅੱਜ, ਕੈਲੇਫ਼ੋਰਨੀਆ ‘ਚ ਨਵਿਆਉਣਯੋਗ ਡੀਜ਼ਲ ਅਤੇ ਬਾਇਉਡੀਜ਼ਲ ਦੇ ਕਈ ਸਰੂਪਾਂ ਦਾ ਪ੍ਰਯੋਗ ਕਰਨ ਵਾਲੇ ਡੀਜ਼ਲ ਇੰਜਣ ਸਾਰੀਆਂ ਇਲੈਕਟ੍ਰਿਕ ਗੱਡੀਆਂ ਤੋਂ ਘੱਟ ਗ੍ਰੀਨਹਾਊਸ ਗੈਸ ਪ੍ਰਭਾਵ ਪਾ ਰਹੇ ਹਨ। ਕੈਲੀਫ਼ੋਰਨੀਆ ‘ਚ ਪੁਰਾਣੇ ਟਰੱਕਾਂ ਨੂੰ ਬਦਲ ਕੇ ਨਵੇਂ ਬਿਹਤਰ ਡੀਜ਼ਲ ਮਾਡਲ ਦੇ ਟਰੱਕ ਲਿਆਉਣ ਨਾਲ ਅਤੇ ਇਸ ਨਾਲ ਇਹ ਬਾਇਉਫ਼ਿਊਲ ਦੇ ਪ੍ਰਯੋਗ ਨਾਲ ਹੋਰ ਬਦਲਾਂ ਮੁਕਾਬਲੇ ਗ੍ਰੀਨਹਾਊਸ ਗੈਸਾਂ ‘ਚ ਤੁਰੰਤ ਅਤੇ ਵੱਡੀ ਕਮੀ ਆਵੇਗੀ।”

ਆਉਣ ਵਾਲੇ ਸਮੇਂ ‘ਚ ਨਵੇਂ ਨਿਯਮ ਲਾਗੂ ਹੋ ਸਕਦੇ ਹਨ। ਸੀ.ਏ.ਆਰ.ਬੀ. ਐਨ.ਓ.ਐਕਸ. ਦੀ ਹੱਦ ਵੀ ਘੱਟ ਕਰਨ ਬਾਰੇ ਸੋਚ ਰਿਹਾ ਹੈ ਅਤੇ ਅਜਿਹੀ ਪੇਸ਼ਕਸ਼ ਲਿਆਉਣ ਬਾਰੇ ਸੋਚ ਰਿਹਾ ਹੈ ਕਿ ਸੂਬੇ ਦੇ ਸਭ ਤੋਂ ਵੱਡੇ ਫ਼ਲੀਟ ਸਾਲ ਦਰ ਸਾਲ ਇਲੈਕਟ੍ਰਿਕ ਟਰੱਕਾਂ ਨੂੰ ਹੀ ਅਪਨਾਉਣ।

ਕੈਲੇਫ਼ੋਰਨੀਆ ਸਾਲ 2030 ਤਕ ਗ੍ਰੀਨ ਹਾਊਸ ਗੈਸਾਂ ‘ਚ 40% ਦੀ ਕਮੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ 2050 ਤਕ ਇਹ ਕਮੀ 80% ਹੋਵੇਗੀ।

2035 ਤਕ ਕੁੱਲ ਸ਼੍ਰੇਣੀ 2ਬੀ-3 ਟਰੱਕਾਂ ਦੀ ਵਿਕਰੀ ਦਾ 55%, ਸ਼੍ਰੇਣੀ 4-8 ਸਟਰੇਟ ਟਰੱਕਾਂ ਦਾ 75% ਹਿੱਸਾ, ਅਤੇ ਟਰੱਕ ਟਰੈਕਟਰ ਸੇਲਜ਼ ਦਾ 40% ਹਿੱਸਾ ਉਤਸਰਜਨ ਮੁਕਤ ਟਰੱਕ ਅਤੇ ਚੈਸਿਸ ਹੋਣਗੇ। 50 ਜਾਂ ਜ਼ਿਆਦਾ ਟਰੱਕਾਂ ਵਾਲੇ ਫ਼ਲੀਟ ਮਾਲਕਾਂ ਨੂੰ ਆਪਣੀਆਂ ਵਿਅਕਤੀਗਤ ਕਾਰਵਾਈਆਂ ਬਾਰੇ ਜਾਣਕਾਰੀ ਦੇਣੀ ਹੋਵੇਗੀ, ਤਾਂ ਕਿ ਉਹ ਭਵਿੱਖ ਦੀਆਂ ਰਣਨੀਤੀਆਂ ਬਾਰੇ ਪਛਾਣ ਕਰ ਸਕਣ।