30 ਲੱਖ ਡਾਲਰ ਦੀ ਕੋਕੀਨ ਨਾਲ ਕੈਨੇਡੀਆਈ ਟਰੱਕ ਡਰਾਈਵਰ ਗ੍ਰਿਫ਼ਤਾਰ

Avatar photo
ਕੋਕੀਨ ਇਨ੍ਹਾਂ ਡਫ਼ਲ ਬੈਗਾਂ ‘ਚ ਮਿਲੀ ਸੀ। ਫ਼ੋਟੋ : ਸੀਬੀਪੀ

ਯੂ.ਐਸ. ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਅਫ਼ਸਰਾਂ ਨੇ ਇੱਕ ਕੈਨੇਡੀਆਈ ਟਰੱਕ ਡਰਾਈਵਰ ਕੋਲੋਂ 30 ਲੱਖ ਡਾਲਰ ਕੀਮਤ ਵਾਲੀ 134 ਪਾਊਂਡ ਕੋਕੀਨ ਦੀ ਬਰਾਮਦਗੀ ਮਗਰੋਂ ਗ੍ਰਿਫ਼ਤਾਰ ਕਰ ਲਿਆ ਹੈ।

ਏਜੰਸੀ ਨੇ ਕਿਹਾ ਕਿ ਇਹ ਬਰਾਮਦਗੀ ਬਲੇਨ, ਵਾਸ਼ਿੰਗਟਨ. ‘ਚ ਦਾਖ਼ਲੇ ਲਈ ਪੈਸੇਫ਼ਿਕ ਹਾਈਵੇ ਪੋਰਟ ਵਿਖੇ 9 ਮਈ ਨੂੰ ਜਾਂਚ-ਪੜਤਾਲ ਦੌਰਾਨ ਹੋਈ ਜਦੋਂ ਸੀ.ਬੀ.ਪੀ. ਦੇ ਅਫ਼ਸਰਾਂ ਨੇ ਅਜੀਤਪਾਲ ਸੰਘੇੜਾ ਵੱਲੋਂ ਚਲਾਏ ਜਾ ਰਹੇ ਟਰੈਕਟਰ-ਟਰੇਲਰ ਨੂੰ ਵਧੀਕ ਜਾਂਚ ਲਈ ਭੇਜਿਆ ਸੀ।

ਏਜੰਸੀ ਨੇ ਕਿਹਾ, ”ਟਰੇਲਰ ਦੀ ਜਾਂਚ ਦੌਰਾਨ, ਸੀ.ਬੀ.ਪੀ. ਅਫ਼ਸਰਾਂ ਨੂੰ ਫ਼ਲੋਰ ‘ਤੇ ਪੰਜ ਛੋਟੇ ਡਫ਼ਲ ਬੈਗ ਮਿਲੇ। ਇਨ੍ਹਾਂ ਅੰਦਰ ਅਫ਼ਸਰਾਂ ਨੂੰ 50 ਪਲਾਸਟਿਕ ਦੇ ਪੈਕੇਟ ਮਿਲੇ ਜਿਨ੍ਹਾਂ ‘ਚ ਕੋਕੀਨ ਸੀ।”

41 ਵਰ੍ਹਿਆਂ ਦੇ ਸੰਘੇੜਾ ਨੂੰ ਹਿਰਾਸਤ ‘ਚ ਲੈ ਕੇ ਵਾਟਕਾਮ ਕਾਊਂਟੀ ਸ਼ੈਰਿਫ਼ ਦੇ ਦਫ਼ਤਰ ‘ਚ ਭੇਜ ਦਿੱਤਾ ਗਿਆ ਸੀ। ਅਜੇ ਇਹ ਸਾਫ਼ ਨਹੀਂ ਹੋ ਸਕਿਆ ਹੈ ਉਸ ਦੇ ਕੇਸ ਦੀ ਸੁਣਵਾਈ ਕਦੋਂ ਕੀਤੀ ਜਾਵੇਗੀ।

ਏਜੰਸੀ ਨੇ ਕਿਹਾ ਕਿ ਇਹ ਕਾਰਵਾਈ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ-ਇੰਮੀਗਰੇਸ਼ਨ ਐਂਡ ਕਸਟਮਸ ਇਨਫ਼ੋਰਸਮੈਂਟ ਨਾਲ ਮਿਲ ਕੇ ਕੀਤੀ ਗਈ ਸੀ।

ਮਾਰਚ ‘ਚ ਵੀ ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ ਵੱਲੋਂ ਵਿੰਡਸਰ, ਓਂਟਾਰੀਓ ‘ਚ ਸਰਹੱਦ ਪਾਰ ਕਰ ਰਹੇ ਓਂਟਾਰੀਓ ਦੇ ਦੋ ਟੀਮ ਡਰਾਈਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਿਨ੍ਹਾਂ ਕੋਲੋਂ ਕਥਿਤ ਤੌਰ ‘ਤੇ 48 ਲੱਖ ਡਾਲਰ ਦੀ ਕੋਕੀਨ ਮਿਲੀ ਸੀ।