400-ਸੀਰੀਜ਼ ਹਾਈਵੇ ’ਤੇ ਗਤੀ ਸੀਮਾ ਵਧਾਉਣ ਬਾਰੇ ਪ੍ਰਯੋਗਿਕ ਪ੍ਰਾਜੈਕਟ ਦਾ ਵਿਸਤਾਰ ਕਰੇਗਾ ਓਂਟਾਰੀਓ

Avatar photo

ਓਂਟਾਰੀਓ ਨੇ ਐਲਾਨ ਕੀਤਾ ਹੈ ਕਿ ਇਹ 400-ਸੀਰੀਜ਼ ਦੇ ਹਾਈਵੇ ’ਤੇ ਗਤੀ ਸੀਮਾ ਨੂੰ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵਧਾ ਕੇ 110 ਕਿਲੋਮੀਟਰ ਪ੍ਰਤੀ ਘੰਟਾ ਕਰਨ ਜਾਂ ਨਾ ਕਰਨ ਬਾਰੇ ਇੱਕ ਪ੍ਰਾਯੋਗਿਕ ਪ੍ਰਾਜੈਕਟ ਦਾ ਵਿਸਤਾਰ ਕਰੇਗਾ।

(ਤਸਵੀਰ: ਆਈਸਟਾਕ)

ਸ਼ੁਰੂਆਤੀ ਪ੍ਰਾਯੋਗਿਕ ਪ੍ਰਾਜੈਕਟ ਹਾਈਵੇ ਦੇ ਤਿੰਨ ਹਿੱਸਿਆਂ ’ਤੇ 2019 ਤੋਂ ਚਲ ਰਿਹਾ ਹੈ, ਪਰ ਕੋਵਿਡ-19 ਮਹਾਂਮਾਰੀ ਦੌਰਾਨ ਇੱਥੇ ਆਵਾਜਾਈ ਬਹੁਤ ਘੱਟ ਰਹੀ, ਇਸ ਕਾਰਨ ਵਿਸਤਾਰ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਆਨਲਾਈਨ ਦਿੱਤੀ ਗਈ ਅਪਡੇਟ ’ਚ ਪ੍ਰੋਵਿੰਸ ਨੇ ਕਿਹਾ, ‘‘ਇਸ ਵਿਸਤਾਰ ਨਾਲ ਸਾਨੂੰ ਗਤੀ ਸੀਮਾ ਵਧਾਉਣ ਦੇ ਅਸਰ ਬਾਰੇ ਹੋਰ ਜ਼ਿਆਦਾ ਅੰਕੜੇ ਮਿਲਣਗੇ ਅਤੇ ਅਸੀਂ ਇਸ ਦੇ ਅਸਰ ਦੀ ਬਿਹਤਰ ਤਰੀਕੇ ਨਾਲ ਸਮੀਖਿਆ ਕਰ ਸਕਾਂਗੇ।’’

ਹੁਣ ਇਹ ਪ੍ਰਾਯੋਗਿਕ ਪ੍ਰਾਜੈਕਟ 2023 ਤੱਕ ਚੱਲੇਗਾ। ਸ਼ੁਰੂਆਤੀ ਪੜਾਅ ’ਚ ਸ਼ਾਮਲ ਸਨ: ਕੁਈਨ ਐਲੀਜ਼ਾਬੈੱਥ ਵੇਅ ’ਤੇ ਹੈਮਿਲਟਨ ਤੋਂ ਸੇਂਟ ਕੈਥਰੀਂਸ ਤੱਕ, ਹਾਈਵੇ 402 ’ਤੇ ਸਾਰਨੀਆ ਤੋਂ ਲੰਡਨ ਤੱਕ, ਅਤੇ ਹਾਈਵੇ 417 ’ਤੇ ਗਲੋਸੈਸਟਰ ਤੋਂ ਓਂਟਾਰੀਓ/ਕਿਊਬੈੱਕ ਸਰਹੱਦ ਤੱਕ ।

ਪ੍ਰਾਯੋਗਿਕ ਪ੍ਰਾਜੈਕਟ ਨਾਲ ਹੀ ਪ੍ਰੋਵਿੰਸ ਨੇ ਜਨਤਕ ਸਲਾਹ-ਮਸ਼ਵਰਾ ਵੀ ਕੀਤਾ ਅਤੇ ਪਾਇਆ ਕਿ 54% ਡਰਾਈਵਰ ਉਨ੍ਹਾਂ ਲੇਨਾਂ ’ਚ ਹੀ ਗੱਡੀ ਚਲਾਉਣਾ ਪਸੰਦ ਕਰਦੇ ਹਨ ਜੋ ਕਿ ਉਨ੍ਹਾਂ ਦੀ ਗਤੀ ਦੇ ਸਭ ਤੋਂ ਨੇੜੇ ਹੁੰਦੀ ਹੈ; 14% ਸੱਜੇ ਹੱਥ ਵਾਲੀ ਲੇਨ ’ਚ ਜਾਣਾ ਪਸੰਦ ਕਰਦੇ ਹਨ; ਅਤੇ 8% ਸਭ ਤੋਂ ਘੱਟ ਟ੍ਰੈਫ਼ਿਕ ਵਾਲੀ ਲੇਨ ’ਚ ਜਾਣਾ ਪਸੰਦ ਕਰਦੇ ਹਨ।

ਹੁੰਗਾਰਾ ਦੇਣ ਵਾਲੇ 61 ਫ਼ੀਸਦੀ ਵਿਅਕਤੀਆਂ ਨੇ ਕਿਹਾ ਕਿ ਉਨ੍ਹਾਂ ਨੂੰ 100 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਤੋਂ ਵੱਧ ’ਤੇ ਗੱਡੀ ਚਲਾਉਂਦੇ ਸਮੇਂ ਸਹਿਜ ਮਹਿਸੂਸ ਕਰ ਰਹੇ ਸਨ; 29% ਲੋਕ ਆਪਣੀ ਗਤੀ ਨੂੰ ਡਰਾਈਵਿੰਗ ਦੇ ਹਾਲਾਤ ਅਨੁਸਾਰ ਢਾਲ ਲੈਂਦੇ ਹਨ; 10% ਤੋਂ ਘੱਟ ਲੋਕਾਂ ਨੇ ਕਿਹਾ ਕਿ ਉਹ 100 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਸੀਮਾ ਦੇ ਆਸਪਾਸ ਗੱਡੀ ਚਲਾਉਣ ਸਮੇਂ ਸਭ ਤੋਂ ਸਹਿਜ ਮਹਿਸੂਸ ਕਰਦੇ ਹਨ; ਅਤੇ 1% ਤੋਂ ਘੱਟ ਲੋਕ ਹੀ 100 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਤੋਂ ਹੇਠਾਂ ਡਰਾਈਵਿੰਗ ਕਰਨ ਸਮੇਂ ਸਹਿਜ ਮਹਿਸੂਸ ਕਰਦੇ ਹਨ।

ਇਸ ਤੋਂ ਇਲਾਵਾ 80% ਵਿਅਕਤੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ  ਹੈ ਕਿ 400-ਸੀਰੀਜ਼ ਦੇ ਹਾਈਵੇਜ਼ ’ਤੇ 100 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਬਹੁਤ ਘੱਟ ਹੈ।

ਪ੍ਰਾਯੋਗਿਕ ਪ੍ਰਾਜੈਕਟ ਦੀ ਹਮਾਇਤ ਕਰਨ ਵਾਲੇ ਇੱਕ ਤਿਹਾਈ ਲੋਕਾਂ ਨੂੰ ਲਗਦਾ ਸੀ ਕਿ ਗਤੀ ਨੂੰ ਵਧਾਉਣ ਦੀ ਜ਼ਰੂਰਤ ਹੈ, ਪਰ ਇਸ ਪ੍ਰਾਯੋਗਿਕ ਪ੍ਰਾਜੈਕਟ ਦੀ ਹਮਾਇਤ ਨਾ ਕਰਨ ਵਾਲੇ, 77% ਨੂੰ ਲਗਦਾ ਸੀ ਕਿ ਮੌਜੂਦਾ ਇਨਫ਼ੋਰਸਮੈਂਟ ਪੱਧਰ ਨਾਕਾਫ਼ੀ ਹਨ। 80 ਫ਼ੀਸਦੀ ਲੋਕਾਂ ਨੇ ਇਸ ਪ੍ਰਾਯੋਗਿਕ ਪ੍ਰਾਜੈਕਟ ਦੀ ਹਮਾਇਤ ਕੀਤੀ ਜਦਕਿ 82% ਨੂੰ ਇਹ ਵੀ ਲੱਗਾ ਕਿ 400-ਸੀਰੀਜ਼ ਹਾਈਵੇਜ਼ ਦੇ ਕੁੱਝ ਹੋਰ ਹਿੱਸਿਆਂ ’ਤੇ ਵੀ ਵੱਧ ਗਤੀ ਸੀਮਾ ਹੋਣੀ ਚਾਹੀਦੀ ਹੈ।