‘ਡਰਾਈਵਰ ਇੰਕ.’ ਦਾ ਮੁੱਦਾ – ਇੱਕ ਸੁਨਿਹਰੀ ਅਵਸਰ ਦਾ ਖਾਤਮਾ ਜਾਂ ਨਵੇਂ  ਯੁੱਗ ਦਾ ਆਗਾਜ਼ ?  

Avatar photo
ਟ੍ਰਿਲਿਉਮ ਰੋਡਵੇਜ਼ ਦੇ ਪ੍ਰਧਾਨ ਜਸਪ੍ਰੀਤ ਸਮਰਾ (ਖੱਬੇ ਪਾਸੇ ) ਦਾ ਕਹਿਣਾ ਹੈ ਕਿ ਡਰਾਈਵਰ ਖੁਦ ਹੀ ਇਨਕਾਰਪੋਰੇਟ ਹੋਣ ਲਈ ਜ਼ੋਰ ਪਾਉਂਦੇ ਹਨ। ਫੈਡਰਲ ਰੁਜ਼ਗਾਰ, ਵਰਕ ਫੋਰਸ ਡਿਵੈਲਪਮੈਂਟ ਅਤੇ ਲੇਬਰ ਮੰਤਰੀ ਪੈਟੀ ਹਾਈਡੂ ਦਾ ਕਹਿਣਾ ਹੈ ਕੇਂਦਰ ਸਰਕਾਰ ਇਸ ਗ਼ਲਤ ਵਰਗੀਕਰਨ ਨੂੰ ਖਤਮ ਕਰਨਾ ਚਾਉਂਦੀ ਹੈ। Trillium Roadways president Jaspreet Samra (left) says drivers have been the ones pushing to be incorporated. Federal Minister of Employment, Workforce Development and Labor Patty Hajdu says the federal government wants improper classifications to end.

ਜਗਦੀਪ ਕੈਲੇ ਦੀ ਖਾਸ  ਰਿਪੋਰਟ 

“ਡਰਾਈਵਿੰਗ ਤੋਂ ਬਿਨਾ ਮੈਂ ਹੋਰ ਰੁਜ਼ਗਾਰ ਕਰ ਵੀ ਕੀ ਸਕਦਾ ਹਾਂ” ਇਹ ਜਵਾਬ ਸੀ ਮਿਸੀਸਾਗਾ ਤੋਂ ਟਰੱਕ ਡਰਾਈਵਰ ਕੁਲਦੀਪ ਗਿੱਲ ਦਾ, ਜਦੋਂ ਉਸ ਨੂੰ ਪੁੱਛਿਆ ਗਿਆ ਕਿ ਟਰੱਕ ਡਰਾਈਵਰਾਂ ਵੱਲੋਂ ਕੰਪਨੀ ਰਜਿਸਟਰ ਕਰਵਾ ਕੇ ਆਪਣੇ ਇੰਪਲਾਇਰ ਤੋਂ ਬਿਨਾ ਟੈਕਸ ਕਟਵਾਏ ਡਾਲਰ ਲੈਣ ਦੀ ਸਹੂਲਤ ਬੰਦ ਹੋਣ ਦਾ ਉਸ ਦੇ ਕੈਰੀਅਰ ਉੱਤੇ ਕੀ ਪ੍ਰਭਾਵ ਪਵੇਗਾ। 5 ਕੁ ਸਾਲ ਪਹਿਲਾਂ ਕੈਨੇਡਾ ਆਏ ਕੁਲਦੀਪ ਗਿੱਲ (ਅਸਲੀ ਨਾਮ ਨਹੀਂ) ਨੂੰ ਡਰਾਈਵਿੰਗ ਦੇ ਪ੍ਰੋਫੈਸ਼ਨ ਵਿੱਚ ਕੰਮ ਕਰਦਿਆਂ 4 ਸਾਲ ਹੋ ਗਏ ਹਨ ।  ਇਸ ਨਿੱਕੇ ਜਿਹੇ ਅਰਸੇ ਦੌਰਾਨ ਟਰੱਕ ਡਰਾਈਵਿੰਗ ਸਹਾਰੇ ਉਸਨੇ ਆਪਣਾ ਮਕਾਨ ਖਰੀਦ ਲਿਆ ਹੈ ਅਤੇ ਪਰਿਵਾਰ ਨੂੰ ਸੌਖੀ ਰੋਜ਼ੀ ਰੋਟੀ ਮੁਹੱਈਆ ਕਰਨ ਦੇ ਕਾਬਲ ਹੋਇਆ ਹੈ।

ਕੁਲਦੀਪ ਦਾ ਖਿਆਲ ਹੈ ਕਿ ਉਸਦੀ ਮਿਹਨਤ ਐਨੇ ਥੋੜ੍ਹੇ ਸਮੇਂ ਵਿੱਚ ਇਸ ਲਈ ਰੰਗ ਲੈ ਕੇ ਆਈ ਕਿਉਂਕਿ ਜਿਸ ਟਰੱਕਿੰਗ ਕੰਪਨੀ ਲਈ ਉਹ ਕੰਮ ਕਰਦਾ ਹੈ, ਉਹ ਬਿਨਾ ਕੋਈ ਟੈਕਸ ਕੱਟੇ ਹਰ ਮਹੀਨੇ ਵੱਡਾ ਚੈੱਕ ਉਸ ਵੱਲੋਂ ਖੋਲ੍ਹੀ ਹੋਈ ਕੰਪਨੀ ਦੇ ਖਾਤੇ ਜਮ੍ਹਾਂ ਕਰ ਦੇਂਦੀ ਹੈ।  ਸਖ਼ਤ ਮਿਹਨਤ ਬਦਲੇ ਚੰਗੇ ਡਾਲਰਾਂ ਦਾ ਮਿਲਣਾ ਕੁਲਦੀਪ ਲਈ ਉਸਦੇ ਕੈਨੇਡੀਅਨ ਸੁਫ਼ਨੇ ਦੇ ਸਾਕਾਰ ਹੋਣ ਦਾ ਸੱਚ ਹੈ।

ਪਰ ਅੱਜ ਕੱਲ ਕੁਲਦੀਪ ਨੂੰ ਜਾਪਦਾ ਹੈ ਕਿ ਕੈਨੇਡਾ ਰੈਵੇਨਿਊ ਏਜੰਸੀ (CRA) ਅਤੇ ਕੈਨੇਡਾ ਦਾ ਮਨੁੱਖੀ ਸ੍ਰੋਤਾਂ ਬਾਰੇ ਮਹਿਕਮਾ ਇੰਪਲਾਇਮੈਂਟ ਐਾਡ ਸੋਸ਼ਲ ਡਿਵੈਲਪਮੈਂਟ ਕੈਨੇਡਾ (ESDC) ਦੋਵੇਂ ਮਿਲ ਕੇ ਉਸ ਦੇ ਸੁਫ਼ਨਿਆਂ ਨੂੰ ਖੇਰੂੰ ਖੇਰੂੰ ਕਰਨ ਉੱਤੇ ਉਲਾਰ ਹੋਏ ਹਨ।

ਮਸਲਾ ਕੀ ਹੈ: 

ਬੀਤੇ ਕਈ  ਸਾਲਾਂ ਤੋਂ ਵੱਡੀ ਗਿਣਤੀ ਵਿੱਚ ਡਰਾਈਵਰਾਂ ਵੱਲੋਂ ਆਪਣੀ ਇੱਕ ਕੰਪਨੀ ਖੋਲ ਕੇ ਟਰੱਕਿੰਗ ਕੰਪਨੀਆਂ ਤੋਂ ਮਿਲਣ ਵਾਲੀ ਸਾਰੀ ਕਮਾਈ ਨੂੰ ਆਪਣੀ ਕੰਪਨੀ ਦੇ ਖਾਤੇ ਪਾ ਦਿੱਤਾ ਜਾਂਦਾ ਹੈ ।   ਟਰੱਕਿੰਗ ਕੰਪਨੀ ਦੁਆਰਾ ਕੋਈ ਆਮਦਨ ਟੈਕਸ, ਕੈਨੇਡੀਅਨ ਪੈਨਸ਼ਨ ਯੋਜਨਾ, ਇੰਪਲਾਇਮੈਂਟ ਬੀਮਾ ਆਦਿ ਕੱਟੇ ਬਿਨਾ ਸਾਰੇ ਦਾ ਸਾਰਾ ਪੈਸਾ ਡਰਾਈਵਰ ਨੂੰ ਅਦਾ ਕਰ ਦਿੱਤਾ ਜਾਂਦਾ ਹੈ। ਸਤਹੀ ਪੱਧਰ ਉੱਤੇ ਵੇਖਿਆਂ ਇਹ ਇੰਤਜ਼ਾਮ ਦੋਵਾਂ ਧਿਰਾਂ ਲਈ ਲਾਹੇਵੰਦ ਸੀ ਕਿਉਂਕਿ ਟਰੱਕ ਡਰਾਈਵਰ ਦੇ ਹੱਥ ਖੂਬ ਡਾਲਰ ਆ ਜਾਂਦੇ ਸਨ ਅਤੇ ਮਾਲਕ ਕੰਪਨੀ ਨੂੰ ਕਿਸੇ ਕਿਸਮ ਦੀ ਸਿਰਦਰਦੀ ਹੀ ਨਹੀਂ ਜੋ ਕਿਸੇ ਵਿਅਕਤੀ ਨੂੰ ਨੌਕਰੀ ਉੱਤੇ ਰੱਖਣ ਕਾਰਣ ਹੁੰਦੀ ਹੈ । ਇਸ ਨੂੰ ਆਮ ਬੋਲੀ ਵਿੱਚ ‘ਡਰਾਈਵਰ ਇੰਕ’ ਕਰ ਕੇ ਜਾਣਿਆ ਜਾਂਦਾ ਹੈ।

CRA ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜੇ ਤੁਸੀਂ ਕਿਸੇ ਟਰੱਕ ਦੇ ਮਾਲਕ ਨਹੀਂ ਪਰ ਕੰਪਨੀ ਰਜਿਸਟਰ ਕਰ ਕੇ ਡਰਾਈਵਰ ਵਜੋਂ ਕੰਮ ਕਰਦੇ ਹੋ ਤਾ ਤੁਹਾਡਾ ਕਾਰੋਬਾਰ ‘ਪਰਸਨਲ ਸਰਵਿਸ ਬਿਜਨਸ’ (Personal Service Business known as PSB) ਕੈਟੇਗਰੀ ਤਹਿਤ ਆਉਂਦਾ ਹੈ।   ਤੁਹਾਡੇ ਬਿਜਨਸ ਦੇ PSB ਹੋਣ ਦੀ ਸੂਰਤ ਵਿੱਚ ਛੋਟੇ ਵਿਉਪਾਰਾਂ ਨੂੰ ਮਿਲਣ ਵਾਲੀਆਂ ਟੈਕਸ ਛੋਟਾਂ ਤੁਹਾਨੂੰ ਨਹੀਂ ਮਿਲ ਸਕਦੀਆਂ ।   ਇਸ ਕਰ ਕੇ ਇਹ ਲਾਜ਼ਮੀ ਹੈ ਕਿ ਜਿਸ ਟਰੱਕਿੰਗ ਕੰਪਨੀ ਲਈ ਤੁਸੀਂ ਕੰਮ ਕਰਦੇ ਹੋ, ਉਹ ਤੁਹਾਨੂੰ T4A ਜਾਰੀ ਕਰੇ ।   ਕੈਨੇਡੀਅਨ ਟਰੱਕਿੰਗ ਅਲਾਇੰਸ ਵੱਲੋਂ 2018 ਦੇ ਫੈਡਰਲ ਬਜਟ ਤੋਂ ਪਹਿਲਾਂ ਸਰਕਾਰ ਕੋਲ ਦਰਖਾਸਤ ਕੀਤੀ ਗਈ ਕਿ ਕੈਨੇਡੀਅਨ ਰੈਵੇਨਿਊ ਏਜੰਸੀ ਨੂੰ ਵਧੇਰੇ ਤਾਕਤਾਂ ਦਿੱਤੀਆਂ ਜਾਣ ਤਾਂ ਜੋ ਟਰੱਕ ਡਰਾਈਵਰਾਂ ਨੂੰ T4A  ਜਾਰੀ ਕਰਨ ਵਿੱਚ ਕੁਤਾਹੀ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾ ਸਕੇ।

ਸਰਕਾਰ ਦਾ ਮੰਨਣਾ ਹੈ ਕਿ ਜੇ ਕੋਈ ਡਰਾਈਵਰ ਕਿਸੇ ਕੰਪਨੀ ਲਈ ਟਰੱਕ ਚਲਾਉਂਦਾ ਹੈ, ਉਸ ਕੰਪਨੀ ਵੱਲੋਂ ਨਿਰਧਾਰਤ ਰੂਟ, ਸਮੇਂ ਸਥਾਨ ਮੁਤਾਬਕ ਕੰਮ ਕਰਦਾ ਹੈ ਤਾ ਕਾਨੂੰਨੀ ਰੂਪ ਵਿੱਚ ਉਹ ਵਿਅਕਤੀ ਕੰਪਨੀ ਦਾ ਮੁਲਾਜ਼ਮ ਹੈ। ਟੈਕਸਾਂ ਦੀ ਬੱਚਤ ਵਾਸਤੇ ਟਰੱਕ ਡਰਾਈਵਰਾਂ ਨੂੰ ‘ਡਰਾਈਵਰ ਇੰਕ.’ ਦਾ ਰਾਹ ਫੜ ਕੇ ‘ਸੈਲਫ ਇੰਪਲਾਇਡ’ ਬਣਾਉਣਾ ਗਲਤ ਹੈ।

ਟਰੱਕ ਡਰਾਈਵਰਾਂ ਵੱਲੋਂ ਪਟੀਸ਼ਨ:

ਇਸ ਮਸਲੇ ਬਾਰੇ ਡਰਾਈਵਰਾਂ ਦੇ ਪੱਖ ਨੂੰ ਉਜਾਗਰ ਕਰਨ ਲਈ ਇੰਟਰਨੈੱਟ ਉੱਤੇ ਪਟੀਸ਼ਨ 9 ਜਨਵਰੀ 2019 ਨੂੰ ਇੱਕ ਪਟੀਸ਼ਨ ਪਾਈ ਗਈ ਜਿਸ ਨੂੰ ਇਹ ਆਰਟੀਕਲ ਲਿਖਣ ਵੇਲੇ ਤੱਕ 8000 ਦੇ ਕਰੀਬ ਲੋਕਾਂ ਵੱਲੋਂ ਸਾਈਨ ਕੀਤਾ ਜਾ ਚੁੱਕਾ ਸੀ।   ਪਟੀਸ਼ਨ ਮੁਤਾਬਕ ਡਰਾਈਵਰਾਂ ਵੱਲੋਂ ਕਾਇਮ ਕੀਤੀਆਂ ਗਈਆਂ ਕੰਪਨੀਆਂ ਨੂੰ ਪਰਸਨਲ ਸਰਵਿਸ ਬਿਜਨਸ ਕਰਾਰ ਦੇਣ ਦਾ ਡਰਾਈਵਰਾਂ ਲਈ ਅਰਥ ਹੈ 44% ਟੈਕਸ ਭਰਨਾ।   ਪਟੀਸ਼ਨ ਨੂੰ ਸਾਈਨ ਕਰਨ ਵਾਲੇ ਬਹੁਗਿਣਤੀ ਲੋਕ ਪੰਜਾਬੀ ਨਾਵਾਂ ਵਾਲੇ ਹਨ।

ਪੰਜਾਬੀਆਂ ਦੀ ਜੁਗਤ ਜੁਗਾੜ? 

ਕੈਨੇਡੀਅਨ ਫੈਡਰਲ ਸਰਕਾਰ ਨੂੰ ਬਹੁਤ ਸਾਰੀਆਂ ਟਰੱਕਿੰਗ ਕੰਪਨੀਆਂ ਵੱਲੋਂ ਟਰੱਕ ਡਰਾਈਵਰਾਂ ਨੂੰ ‘ਸੈਲਫ ਇੰਪਲਾਇਡ’ ਵਿਖਾ ਕੇ ਟੈਕਸ ਦੀ ਚੋਰੀ ਬਾਰੇ ਕਾਫੀ ਚਿਰ ਤੋਂ ਭਿਣਕ ਪੈਂਦੀ ਰਹੀ ਹੈ। ਕਈ ਟਰੱਕਿੰਗ ਕੰਪਨੀਆਂ ਇਸ ਰੁਝਾਨ ਤੋਂ ਦੁਖੀ ਸਨ ਕਿਉਂਕਿ  ਉਹਨ੍ਹਾਂ ਵਾਸਤੇ ਟਰੱਕ ਡਰਾਈਵਰਾਂ ਨੂੰ ਭਰਤੀ ਕਰਨਾ ਔਖਾ ਹੋ ਰਿਹਾ ਸੀ। ਬੇਸ਼ੱਕ ਸਰਕਾਰ ਅਤੇ ਟਰੱਕਿੰਗ ਪੇਸ਼ੇ ਨਾਲ ਸਬੰਧਿਤ ਮਾਹਰ ਖੁੱਲ ਕੇ ਕਬੂਲ ਨਹੀਂ ਕਰ ਰਹੇ ਪਰ ਲੁਕਵੇਂ ਢੰਗ ਵਿੱਚ ਇਹ ਚਰਚਾ ਭਾਰੀ ਰਹੀ ਹੈ ਕਿ ‘ਡਰਾਈਵਰ ਇੰਕ.’ ਮਾਡਲ ਦਾ ਕੈਨੇਡਾ ਦੀ ‘ਪੰਜਾਬੀ ਟਰੱਕਿੰਗ ਇੰਡਸਟਰੀ’ ਵਿੱਚ ਪਸਾਰਾ ਹੋਰਾਾ ਦੇ ਮੁਕਾਬਲੇ ਵੱਡੇ ਪੱਧਰ ਉੱਤੇ ਹੋਇਆ ਹੈ।   ਚੇਤੇ ਰਹੇ ਕਿ ਕੈਨੇਡਾ ਦੇ ਕੁੱਲ ਡਰਾਈਵਰਾਂ ਦਾ ਪੰਜਵਾਂ ਹਿੱਸਾ (18.1%) ਸਾਊਥ ਏਸ਼ੀਅਨ ਡਰਾਈਵਰ ਹਨ ਜਦੋਂ ਕਿ ਵੈਨਕੂਵਰ ਵਿੱਚ 55.9% ਅਤੇ ਟੋਰਾਂਟੋ ਏਰੀਆ ਵਿੱਚ 53.9%।   ਇਹ ਵੀ ਕੋਈ ਲੁਕਿਆ ਹੋਇਆ ਤੱਥ ਨਹੀਂ ਕਿ ਸਾਊਥ ਏਸ਼ੀਅਨ ਟਰੱਕ ਡਰਾਈਵਰਾਂ ਵਿੱਚ ਵੀ ਬਹੁ-ਗਿਣਤੀ ਹਿੱਸਾ ਪੰਜਾਬੀ ਹਨ।

ਹਥੌੜਾ ਉੱਥੇ ਆ ਕੇ ਮਾਰਿਆ ਜਿੱਥੇ ਅਹਿਰਣ ਪਈ ਸੀ: 

ਕੀ ਇਸ ਗੱਲ ਨੂੰ ਮਹਿਜ਼ ਸਬੱਬ ਸਮਝਿਆ ਜਾਵੇ ਜਾਂ ਇੱਕ ਸੰਕੇਤਕ ਚੇਤਾਵਨੀ ਕਿ ‘ਡਰਾਈਵਰ ਇੰਕ.’ ਪ੍ਰਕਿਰਿਆ ਨੂੰ ਦਰੁਸਤ ਕਰਨ ਬਾਰੇ ਕੈਨੇਡਾ ਸਰਕਾਰ ਵੱਲੋਂ ਐਲਾਨ ਫੈਡਰਲ ਰੁਜ਼ਗਾਰ, ਵਰਕ ਫੋਰਸ ਡਿਵੈਲਪਮੈਂਟ ਅਤੇ ਲੇਬਰ ਮੰਤਰੀ ਪੈਟੀ ਹਾਇਡੂ (Patty Hadju) ਨੇ ਮਿਸੀਸਾਗਾ ਵਿੱਚ ਆ ਕੇ ਦੇਣ ਨੂੰ ਪਹਿਲ ਦਿੱਤੀ।   ਹੋਰ ਵੀ ਦਿਲਚਸਪ ਗੱਲ ਕਿ ਇਸ ਮਹੱਤਵ ਪੂਰਣ ਮੁੱਦੇ ਉੱਤੇ ਸਰਕਾਰੀ ਪੱਖ ਨੂੰ ਸਪੱਸ਼ਟ ਕਰਨ ਲਈ ਮੰਤਰੀ ਪੈਟੀ ਹਾਇਡੂ ਨੇ ਪੰਜਾਬੀਆਂ ਦੀ ਟਰੱਕਿੰਗ ਕੰਪਨੀ ਟਿ੍ਲੀਅਮ ਰੋਡਵੇਜ਼ ਦੇ ਦਫ਼ਤਰ ਨੂੰ ਚੁਣਿਆ।  ਸਬੱਬ ਇਹ ਵੀ ਰਿਹਾ ਕਿ ਮੰਤਰੀ ਹਾਇਡੂ ਦੀ ਮੌਜੂਦਗੀ ਵਿੱਚ ਟਿ੍ਲੀਅਮ ਰੋਡਵੇਜ਼ ਦੇ ਪ੍ਰੈਜ਼ੀਡੈਂਟ ਜਸਪ੍ਰੀਤ ਸਮਰਾ ਨੇ ਕਬੂਲ ਕੀਤਾ ਕਿ ਉਨਾਂ ਦੀ ਕੰਪਨੀ ਕੋਲ 60% ਟਰੱਕ ਡਰਾਈਵਰ ‘ਸੈਲਫ਼ ਇੰਪਲਾਇਡ’ ਵਜੋਂ ਕੰਮ ਕਰਦੇ ਹਨ।

ਟਰੱਕਿੰਗ ਇੰਡਸਟਰੀ, ਆਰਥਕਤਾ ਅਤੇ ਪਰਿਵਾਰਾਂ ਉੱਤੇ ਪ੍ਰਭਾਵ: 

ਸਾਊਥ ਏਸ਼ੀਅਨ ਕਮਿਊਨਿਟੀ ਖਾਸ ਕਰ ਕੇ ਪੰਜਾਬੀਆਂ ਦੇ ਕੈਨੇਡਾ ਵਿੱਚ ਸਫ਼ਲ ਹੋਣ ਵਿੱਚ ਟਰੱਕਿੰਗ ਇੰਡਸਟਰੀ ਦਾ ਵਡਮੁੱਲਾ ਰੋਲ ਹੈ ।  ਇਸ ਇੰਡਸਟਰੀ ਨੇ ਉਹਨਾਂ ਡਾਕਟਰਾਂ, ਇੰਜੀਨੀਅਰਾਂ, ਅਕਾਊਟੈਂਟਾਂ, ਵਕੀਲਾਂ ਅਤੇ ਹੋਰ ਅਤੀ ਹੁਨਰਮੰਦ ਅਨੇਕਾਂ ਕਿੱਤਿਆਂ ਦੇ ਮਾਹਰਾਂ ਨੂੰ ਰੁਜ਼ਗਾਰ ਬਖਸ਼ਿਆ, ਜਿਨ੍ਹਾਂ ਲਈ ਕੈਨੇਡਾ ਦੇ ਸਖ਼ਤ ਵਿੱਦਿਅਕ ਮੁਲਾਂਕਣ ਦੇ ਸਟੈਂਡਰਡਾਂ ਦੀਆਂ ਅੜਚਣਾਂ ਕਾਰਣ ਆਪਣੇ ਕਿੱਤੇ ਵਿੱਚ ਦਾਖਲ ਹੋਣਾ ਲੱਗਭੱਗ ਨਾਮੁਮਕਿਨ ਸੀ ।   ਇਨਾਂ ਪੜ੍ਹੇ ਲਿਖੇ ਪ੍ਰੋਫੈਸ਼ਨਲਾਂ ਨੇ ਆਪਣੀ ਵਿੱਦਿਆ, ਬੁੱਧੀ ਅਤੇ ਅਨੂਭਵ ਤੋਂ ਲਾਭ ਲੈਂਦੇ ਹੋਏ ਪੰਜਾਬੀ ਟਰੱਕ ਡਰਾਈਵਿੰਗ ਨੂੰ ‘ਕੈਨੇਡੀਅਨ ਟਰੱਕਿੰਗ ਇੰਡਸਟਰੀ ਅੰਦਰ ਪੰਜਾਬੀ ਟਰੱਕਿੰਗ ਇੰਡਸਟਰੀ’ ਦਾ ਦਰਜ਼ਾ ਹਾਸਲ ਕਰਵਾਇਆ ਹੈ ।   ਇਸ ਲਗਨ ਅਤੇ ਮਿਹਨਤ ਨੇ ਇੰਡਸਟਰੀ ਨੂੰ ਉਸ ਮੁਕਾਮ ਉੱਤੇ ਪਹੁੰਚਾ ਦਿੱਤਾ ਹੈ ਕਿ ਅੱਜ ਘੱਟ ਪੜ੍ਹੇ ਲਿਖੇ ਪੰਜਾਬੀ ਵੀ ਟਰੱਕਿੰਗ ਇੰਡਸਟਰੀ ਸਹਾਰੇ ਡਾਲਰਾਂ ਦੀਆਂ ਲਹਿਰਾਂ ਬਹਿਰਾਂ ਵਿੱਚ ਖੇਡ ਸਕਦੇ ਹਨ ।   ਕੈਨੇਡਾ ਵਿੱਚ ਪੰਜਾਬੀ ਖਪਤਕਾਰੀ ਖਾਸ ਕਰ ਕੇ ਵਿਆਹਾਂ ਸ਼ਾਦੀਆਂ, ਬੱਚਿਆਂ ਦੀ ਪੜਾਈ ਲਿਖਾਈ, ਕਬੱਡੀ ਟੂਰਨਾਮੈਂਟਾਂ, ਧਾਰਮਿਕ ਸਥਾਨਾਂ, ਸਿਆਸਤ ਵਿੱਚ ਸਰਗਰਮੀ ਉੱਤੇ ਹੋਣ ਵਾਲੇ ਖਰਚਿਆਂ ਨੂੰ ਜਿੰਦ ਜਾਨ ਬਖ਼ਸ਼ਣ ਵਿੱਚ ਟਰੱਕਿੰਗ ਇੰਡਸਟਰੀ ਦੇ ਰੋਲ ਤੋਂ ਕੌਣ ਇਨਕਾਰੀ ਹੋ ਸਕਦਾ ਹੈ।

ਪੰਜਾਬੀ ਟਰੱਕਿੰਗ ਇੰਡਸਟਰੀ ਦੀ ਸਫ਼ਲਤਾ ਵਿੱਚ ‘ਡਰਾਈਵਰ ਇੰਕ.’ ਮਾਡਲ ਦਾ ਆਪਣਾ ਯੋਗਦਾਨ ਰਿਹਾ ਹੈ ।   ਸਵਾਲ ਹੈ ਕਿ ਸਰਕਾਰ ਵੱਲੋਂ ਇਸ ਮਾਡਲ ਦਾ ਭੋਗ ਪਾ ਕੇ ਇੱਕ ਸੁਨਿਹਰੀ ਯੁੱਗ ਦਾ ਖਾਤਮਾ ਕਰ ਦਿੱਤਾ ਜਾਵੇਗਾ ਜਾਂ ਕੋਈ ਬਣਦਾ ਬਦਲ ਪੇਸ਼ ਕਰ ਕੇ ਇੰਡਸਟਰੀ ਨੂੰ ਨਵੀਆਂ ਪੈੜਾਂ ਉੱਤੇ ਦੌੜਨ ਲਈ ਸੜਕ ਤਿਆਰ ਕੀਤੀ ਜਾਵੇਗੀ ।   ਜੇ ਸਰਕਾਰ ਫੋਰਡ, ਕਰਾਈਸਲਰ ਅਤੇ ਜਨਰਲ ਮੋਟਰਜ਼ ਨੂੰ 2009 ਦੇ ਮੰਦਵਾੜੇ ਦੇ ਦੌਰ ਵਿੱਚ 3.5 ਬਿਲੀਅਨ ਡਾਲਰ ਦੇ ਫੰਡ ਦੇ ਸਕਦੀ ਹੈ ਤਾਂ ਸ਼ਰਤੀਆ ਹੀ ਟਰੱਕਿੰਗ ਇੰਡਸਟਰੀ ਵੀ ਅਜਿਹੀ ਇਮਦਾਦ ਦੀ ਹੱਕਦਾਰ ਹੈ।

ਚਾਰਜਰ ਲੋਜਿਸਟਿਕਸ ਤੋਂ ਮਨਜੀਤ ਸਿੰਘ ਸੈਣੀ – Manjit Saini from Charger Logistics

ਟਰੱਕਿੰਗ ਸੈਕਟਰ ਨੂੰ ਖਤਰੇ ਵਿੱਚ ਪਾਉਣਾ ਦਿਆਨਤਦਾਰੀ ਨਹੀਂ – ਮਨਜੀਤ ਸਿੰਘ ਸੈਣੀ

ਚਾਰਜਰ ਲੋਜਿਸਟਿਕਸ ਤੋਂ ਮਨਜੀਤ ਸਿੰਘ ਸੈਣੀ ਲਈ ‘ਡਰਾਇਵਰ ਇੰਕ.’ ਮਾਡਲ ਨੂੰ ਬਿਨਾ ਕਿਸੇ ਅਰਥ ਪੂਰਣ ਬਦਲ ਪ੍ਰਦਾਨ ਕੀਤੇ ਖ਼ਤਮ ਕਰਨ ਦਾ ਭਾਵ ਹੈ ਕੈਨੇਡਾ ਦੀ ਆਰਥਕਤਾ ਦਾ ਨੁਕਸਾਨ ਅਤੇ ਇੱਕ ਮਿਹਨਤੀ ਵਰਗ ਨੂੰ ਅਸਹਾਰਾ ਛੱਡਣਾ। ਰੋਡ ਟੂਡੇ  ਨਾਲ ਗੱਲਬਾਤ ਕਰਦੇ ਹੋਏ ਮਨਜੀਤ ਸੈਣੀ ਨੇ ਸੁਆਲ ਕੀਤਾ ਕਿ ਇੱਕ ਡਰਾਈਵਰ ਸੜਕ ਉੱਤੇ ਸਿਰਫ਼ ਲੱਖਾਂ ਡਾਲਰਾਂ ਦੇ ਮਾਲ-ਅਸਬਾਬ ਦੀ ਢੋਆ ਢੁਆਈ ਨਹੀਂ ਕਰਦਾ ਸਗੋਂ ਉਹ ਕੈਨੇਡੀਅਨ ਸਮਾਜਕ ਜਨ-ਜੀਵਨ ਨੂੰ  ਸੁਖਾਲਾ ਰੱਖਣ ਲਈ ਆਪਣੀ ਜਿੰਦ ਜੋਖ਼ਮ ਵਿੱਚ ਪਾ ਰਿਹਾ ਹੁੰਦਾ ਹੈ। ਉਸ ਮੁਤਾਬਕ ਟਰੱਕ ਡਰਾਈਵਿੰਗ ਦੇ ਕਿੱਤੇ ਨੂੰ ਸਿਰਫ਼ ਅਤੇ ਸਿਰਫ਼ ਕਨੂੰਨੀ ਨੁਕਤੇ ਨਜ਼ਰ ਤੋਂ ਪਰਖਣਾ ਸਹੀਂ ਨਹੀਂ ਹੈ ਸਗੋਂ ਸਰਕਾਰ ਨੂੰ ਕਿੱਤੇ ਨੂੰ ਮਜ਼ਬੂਤ ਕਰ ਲਈ ਵਿਕਾਸ ਮਈ ਪ੍ਰੋਗਰਾਮ ਲਾਗੂ ਕਰਨੇ ਚਾਹੀਦੇ ਹਨ ਤਾਂ ਜੋ ਲੋਕ ਇਸ ਕਿੱਤੇ ਨੂੰ ਛੱਡ ਕੇ ਲੇਬਰ ਜੌਬਾਂ ਨੂੰ ਤਰਜੀਹ ਨਾ ਦੇਣ ਲੱਗ ਪੈਣ ।  ਮਨਜੀਤ ਸੈਣੀ ਦਾ ਆਖਣਾ ਹੈ ਕਿ ਡਰਾਈਵਰਾਂ ਨੂੰ ਟੈਕਸ ਚੋਰ ਦੇ ਦਿ੍ਸ਼ਟੀਕੋਣ ਤੋਂ ਵੇਖਣ ਦੀ ਥਾਂ ਸਰਕਾਰ ਨੂੰ ਅਜਿਹੀਆਂ ਛੋਟਾਂ ਮੁਹਈਆ ਕਰਨੀਆਂ ਚਾਹੀਦੀਆਂ ਹਨ ਜਿਹਨਾਂ ਨਾਲ ਕੈਨੇਡਾ ਦੇ ਟਰੱਕਿੰਗ ਸੈਕਟਰ ਨੂੰ ਹੁਲਾਰਾ ਮਿਲੇ ਅਤੇ ਟਰੱਕ ਡਰਾਈਵਰਾਂ ਦੀ ਥੋੜ ਵੱਧਣ ਦੀ ਥਾਂ ਘੱਟ ਹੋਵੇ।

ਟਰੱਕ ਡਰਾਈਵਰਾਂ ਨੂੰ ਉਹਨਾਂ ਦੇ ਅਧਿਕਾਰਾਂ ਅਤੇ ਜੁੰਮੇਵਾਰੀਆਂ ਬਾਰੇ ਜਾਣਕਾਰੀ ਦੇਣ ਦੀ ਲੋੜ – ਜਗਦੀਪ ਸਿੰਘ

‘ਕਿਸੇ ਵੀ ਕਿੱਤੇ ਨੂੰ ਸਹੀ ਢੰਗ ਨਾਲ ਕਰਨ ਲਈ ਉਸ ਦੇ ਹਰ ਪੱਖ ਬਾਰੇ ਸਹੀ ਜਾਣਕਾਰੀ ਹੋਣਾ ਬਹੁਤ ਲਾਜ਼ਮੀ ਹੈ।   ਟਰੱਕਿੰਗ ਕਿੱਤੇ ਨਾਲ ਸਬੰਧਿਤ ਪੇਸ਼ੇਵਰਾਂ ਨੂੰ ਅਕਾਊਂਟਿੰਗ ਸਮੇਤ ਹਰ ਪੱਖ ਤੋਂ ਜਾਣਕਾਰੀ ਦੇਣ ਦੇ ਉਪਰਾਲੇ ਕੀਤੇ ਜਾਣ ਦੀ ਸਖ਼ਤ ਲੋੜ ਹੈ ਜਿਸ ਵਾਸਤੇ ਸਰਕਾਰੀ ਜਾਂ ਗੈਰ ਸਰਕਾਰੀ ਅਦਾਰਿਆਂ ਨੂੰ ਰੋਲ ਨਿਭਾਉਣਾ ਚਾਹੀਦਾ ਹੈ।   ਬਰੈਂਪਟਨ ਵਾਸੀ ਟਰੱਕ ਡਰਾਈਵਰ ਜਗਦੀਪ ਸਿੰਘ ਦਾ ਕਹਿਣਾ ਹੈ ਕਿ ਸਾਡਾ ਜ਼ਿਆਦਾ ਸਮਾਂ ਸੜਕ ਉੱਤੇ ਬੀਤਦਾ ਹੈ ਜਿਸ ਕਾਰਣ ਸਾਡੇ ਕੋਲ ਆਪਣੇ ਅਧਿਕਾਰਾਂ, ਜ਼ਿੰਮੇਵਾਰੀਆਂ ਅਤੇ ਫਰਜ਼ਾਂ ਬਾਰੇ ਗਹਿਰਾਈ ਨਾਲ ਜਾਨਣ ਦਾ ਸਮਾਂ ਨਹੀਂ ਹੁੰਦਾ।ਅੰਗਰੇਜ਼ੀ ਸਮੇਤ ਪੰਜਾਬੀ ਵਿੱਚ ਬਣਾਈਆਂ ਸਮਾਰਟ ਫੋਨ ਦੀਆਂ ਐਪਾਂ ਬਹੁਤ ਸਹਾਈ ਹੋ ਸਕਦੀਆਂ ਹਨ।

ਸਰਟੀਫਾਈਡ ਪਬਲਿਕ ਅਕਾਊਟੈਂਟ (ਸੀਪੀਏ) ਅਤੇ ਚਾਰਟਰਡ ਅਕਾਊਂਟੈਂਟ  (ਸੀਏ) ਧਰਮ ਪਾਲ ਜੈਨ – Certified Public Accountant D P Jain

‘ਡਰਾਈਵਰ ਇੰਕ.’ ਨੂੰ ਗਲਤ ਰੰਗਤ ਦੇਣ ਵਿੱਚ ਗੈਰ-ਪ੍ਰੋਫੈਸ਼ਨਲਾਂ ਦਾ ਵੱਡਾ ਰੋਲ – ਡੀ. ਪੀ. ਜੈਨ

ਪਿਛਲੇ 25 ਸਾਲਾਂ ਤੋਂ ਬਰੈਂਪਟਨ ਵਿੱਚ ਅਕਾਊਂਟਿੰਗ  ਦੀਆਂ ਪ੍ਰੋਫੈਸ਼ਨਲ ਸੇਵਾਵਾਂ ਪ੍ਰਦਾਨ ਕਰ ਰਹੇ ਸਰਟੀਫਾਈਡ ਪਬਲਿਕ ਅਕਾਊਟੈਂਟ (ਸੀਪੀਏ) ਅਤੇ ਚਾਰਟਰਡ ਅਕਾਊਂਟੈਂਟ  (ਸੀਏ) ਧਰਮ ਪਾਲ ਜੈਨ ਦਾ ਕਹਿਣਾ ਹੈ ਕਿ ਜਿਸ ‘ਡਰਾਈਵਰ ਇੰਕ.’ ਮਾਡਲ ਦੀ ਚਰਚਾ ਹੋ ਰਹੀ ਹੈ, ਉਹ ਕੋਈ ਨਵੀਂ ਚੀਜ਼ ਨਹੀਂ ਹੈ।   ਕੈਨੇਡੀਅਨ ਰੈਵੇਨਿਊ ਏਜੰਸੀ (ਸੀਆਰਏ) ਦੁਆਰਾ ਇਹ ਇੱਕ ਪ੍ਰਵਾਨਿਤ ਮਾਡਲ ਹੈ ਜਿਸ ਦੇ ਗਲਤ ਇਸਤੇਮਾਲ ਕਾਰਣ ਦਿੱਕਤਾਂ ਆ ਰਹੀਆਂ ਹਨ ।   ਉਹਨਾਂ ਅੱਗੇ ਕਿਹਾ ਕਿ ਟਰੱਕਿੰਗ ਇੰਡਸਟਰੀ ਸਮੇਤ ਕਮਿਊਨਿਟੀ ਨੂੰ ਗੈਰ-ਪ੍ਰੋਫੈਸ਼ਨਲਾਂ ਵੱਲੋਂ ਅਕਾਊਟਿੰਗ ਸੇਵਾਵਾਂ ਦੇਣ ਕਾਰਣ ਨੇਮਾਂ ਅਤੇ ਕਾਨੂੰਨਾਂ ਦੀ ਉਲੰਘਣਾ ਹੋ ਜਾਣ ਦੀਆਂ ਅਨੇਕਾਂ ਉਦਾਹਰਣਾਂ ਮੌਜੂਦ ਹਨ।

ਸ੍ਰੀ ਜੈਨ ਮੁਤਾਬਕ ਆਪੇ ਬਣੇ ਗੈਰ-ਪ੍ਰੋਫੈਸ਼ਨਲ ਅਕਾਊਟੈਂਟ ਗਾਹਕਾਂ ਨੂੰ ਬਿਜਨਸ ਵਿੱਚ ਲਾਗੂ ‘ਲਾਭ ਅਤੇ ਹਾਨੀ’ ਦੇ ਬੁਨਿਆਦੀ ਸਿਧਾਂਤ ਨੂੰ ਵੀ ਸਮਝਾਉਣ ਵਿੱਚ ਅਸਫ਼ਲ ਰਹਿੰਦੇ ਹਨ। ਜੇ ਇਸ ਸਿਧਾਂਤ ਨੂੰ ਸਮਝ ਲਿਆ ਜਾਵੇ ਤਾਂ ਇਹ ਸੰਭਵ ਨਹੀਂ ਕਿ ਕਿਸੇ ਇੱਕ ਵਿਸ਼ੇਸ਼ ਇੰਪਲਾਇਰ ਨਾਲ ਕੰਮ ਕਰਨ ਵਾਲਾ ਡਰਾਈਵਰ ਆਪਣੀ ਕੰਪਨੀ ਬਣਾ ਕੇ ਟੈਕਸ ਭਰਨ ਤੋਂ ਕਿਨਾਰਾ ਕਰ ਸਕਦਾ ਹੈ ।   ਉਹਨਾਂ ਮੁਤਾਬਕ ‘ਡਰਾਈਵਰ ਇੰਕ.’ ਵਾਂਗੂੰ ਬੀਤੇ ਸਾਲਾਂ ਵਿੱਚ ਇਨਫਾਰਮੇਸ਼ਨ ਤਕਨਾਲੋਜੀ ਸਮੇਤ ਕਈ ਹੋਰ ਪ੍ਰੋਫੈਸ਼ਨ ਵੀ ‘ਸੀ.ਆਰ.ਏ.’ ਦੇ ਨੋਟਿਸ ਵਿੱਚ ਆ ਚੁੱਕੇ ਹਨ।

ਫਾਈਨਾਂਸ਼ੀਅਲ ਅਡਵਾਈਜ਼ਰ ਯਾਦਪਾਲ ਘੁੰਮਣ – Financial Advisor Yadpal Ghuman

‘ਡਰਾਈਵਰ ਇੰਕ.’ ਰਾਹੀਂ ਟੈਕਸ ਦੀ ਅੱਜ ਕੀਤੀ ਬੱਚਤ ਪੈਰੀਂ ਕੁਹਾੜਾ ਮਾਰਨ ਬਰਾਬਰ ਹੈ – ਯਾਦਪਾਲ ਘੁੰਮਣ

ਪਿਛਲੇ ਲੰਬੇ ਅਰਸੇ ਤੋਂ ਫਾਈਨਾਂਸ਼ੀਅਲ ਅਡਵਾਈਜ਼ਰ ਵਜੋਂ ਕੰਮ ਕਰ ਰਹੇ ਯਾਦਪਾਲ ਘੁੰਮਣ ਨੇ ਪ੍ਰਤੀਕਰਮ ਦੇਂਦੇ ਹੋਏ ਕਿਹਾ ਕਿ ‘ਡਰਾਈਵਰ ਇੰਕ.’ ਇੱਕ ਅਜਿਹੀ ਨਕਲੀ ਬੱਚਤ ਦਾ ਮਾਡਲ ਪੈਦਾ ਕਰਦਾ ਹੈ ਜਿਸ ਨਾਲ ਪਰਿਵਾਰਾਾ ਨੂੰ ਲਾਭ ਦੀ ਥਾਂ ਨੁਕਸਾਨ ਹੁੰਦਾ ਹੈ। ਅੱਜ ਬਚਾਏ ਗਏ ਟੈਕਸ ਡਾਲਰ ਕਈ ਪਰਿਵਾਰਾਂ ਨੂੰ ਫਜ਼ੂਲ ਖਰਚ ਕਰਨ ਲਈ ਉਤਸ਼ਾਹਿਤ ਕਰਦੇ ਹਨ। ਇਹਨਾਂ ਟੈਕਸ ਡਾਲਰਾਂ ਨੂੰ ਸੀਪੀਪੀ (CPP) ਅਤੇ ਹੋਰ ਬੱਚਤ ਯੋਜਨਾਵਾਂ ਵਿੱਚ ਅਦਾਇਗੀ ਕਰ ਕੇ ਸਖ਼ਤ ਮਿਹਨਤ ਨਾਲ ਕਮਾਏ ਡਾਲਰਾਂ ਨੂੰ ਭੱਵਿਖ ਵਿੱਚ ਬੱਚਿਆਂ ਦੀ ਸਿੱਖਿਆ, ਪਰਿਵਾਰਕ ਜਿੰਮੇਵਾਰੀਆਂ ਜਾਂ ਬੁਢਾਪੇ ਵਿੱਚ ਪੈਨਸ਼ਨ ਆਦਿ ਲਈ — ਵਰਤਿਆ ਜਾ ਸਕਦਾ ਹੈ। ਜੋ ਲੋਕ ਅੱਜ ਬਚਾਏ ਗਏ ਟੈਕਸ ਡਾਲਰਾਂ ਨੂੰ ਬੱਚਤ ਸਮਝਦੇ ਹਨ, ਉਹ ਆਪਣੀ ਰਿਟਾਇਰਮੈਂਟ ਯੋਜਨਾ ਦਾ ਨੁਕਸਾਨ ਕਰਦੇ ਹਨ।

ਸਰਕਾਰ ਤੋਂ ਜਾਣੋ ਕਿ ਤੁਸੀਂ ਕੰਪਨੀ ਦੇ ਮੁਲਾਜ਼ਮ ਹੋ ਜਾਂ ਨਹੀਂ?

ਫੈਡਰਲ ਸਰਕਾਰ ਦੇ ਮਾਲ ਮਹਿਕਮੇ ਭਾਵ ਕੈਨੇਡੀਅਨ ਰੈਵੇਨਿਊ ਏਜੰਸੀ ਨੇ ਟਰੱਕ ਡਰਾਈਵਰਾਂ ਵੱਲੋਂ ਟੈਕਸ ਚੋਰੀ ਦੇ ਮੁੱਦੇ ਨੂੰ ਪਬਲਿਕ ਦੇ ਧਿਆਨ ਵਿੱਚ ਲਿਆਉਣ ਲਈ ਆਪਣੀ ਵੈੱਬਸਾਈਟ ਉੱਤੇ ਵਿਸ਼ੇਸ਼ ਜਾਣਕਾਰੀ ਪਾਈ ਹੈ। ਸਰਕਾਰ ਮੁਤਾਬਕ ਜੇ ਕਿਸੇ ਟਰੱਕ ਡਰਾਈਵਰ ਉੱਤੇ ਹੇਠ ਲਿਖੀਆਂ ਸ਼ਰਤਾਂ ਲਾਗੂ ਹੁੰਦੀਆਂ ਹਨ ਤਾਂ ਉਹ ਕੰਪਨੀ ਦਾ ਮੁਲਾਜ਼ਮ ਹੈ ਨਾ ਕਿ ਸੈਲਫ਼ ਇੰਪਲਾਇਡ। ਹੇਠ ਲਿਖੀਆਂ ਸ਼ਰਤਾਂ ਪੂਰੀਆਂ ਹੋਣ ਦੀ ਸੂਰਤ ਵਿੱਚ ਟਰੱਕ ਡਰਾਈਵਰ  ਨੂੰ  ਆਪਣੀ ਮਾਲਕ ਕੰਪਨੀ ਤੋਂ T4A ਲੈਣੀ ਚਾਹੀਦੀ ਹੈ ਨਾ ਕਿ ਕੰਪਨੀ ਰਜਿਸਟਰ ਕਰ ਕੇ ਟੈਕਸ ਚੋਰੀ ਕਰਨ ਦਾ ਭਾਗੀਦਾਰ ਬਣਨਾ ਚਾਹੀਦਾ ਹੈ:

  • ਤੁਸੀਂ ਕੰਪਨੀ ਵੱਲੋਂ ਦਿੱਤੇ ਗਏ ਟਰੱਕ ਨੂੰ ਚਲਾਉਾਦੇ ਹੋ ਜਿਸ ਦੀ ਮੁਰੰਮਤ, ਬਾਰਡਰ ਪਾਰ ਕਰਨ ਅਤੇ ਹੋਰ ਖਰਚੇ ਕੰਪਨੀ ਵੱਲੋਂ ਭਰੇ ਜਾਂਦੇ ਹਨ
  • ਕੰਪਨੀ ਤੈਅ ਕਰਦੀ ਹੈ ਕਿ ਤੁਸੀਂ ਕਿੱਥੋਂ, ਕਿਸ ਵੇਲੇ ਕਿਸ ਵਾਸਤੇ ਲੋਡ ਚੁੱਕਣਾ ਅਤੇ ਪੁੱਜਦਾ ਕਰਨਾ ਹੈ
  • ਤੁਹਾਨੂੰ ਡਰਾਈਵਿੰਗ ਕਰਨ ਸਬੰਧੀ ਹਰ ਕਿਸਮ ਦੀਆਂ ਹਦਾਇਤਾਂ ਕੰਪਨੀ ਤੋਂ ਮਿਲਦੀਆਂ ਹਨ
  • ਕਸਟਮਰਾਂ ਦੀਆਂ ਸ਼ਿਕਾਇਤਾਂ ਕੰਪਨੀ ਵੱਲੋਂ ਨਜਿੱਠੀਆਂ ਜਾਂਦੀਆਂ ਹਨ
  • ਤੁਹਾਡੇ ਉੱਤੇ ਉਹੀ ਸ਼ਰਤਾਂ ਲਾਗੂ ਹੁੰਦੀਆਂ ਹਨ ਜੋ ਕੰਪਨੀ ਦੇ ਹੋਰ ਡਰਾਈਵਰਾਂ ਲਈ ਹਨ

ਵਧੇਰੇ ਜਾਣਕਾਰੀ ਲਈ ਫੈਡਰਲ ਸਰਕਾਰ ਦੀ ਵੈੱਬਸਾਈਟ https://www.canada.ca/en/revenue-agency/services/tax/canada-pension-plan-cpp-employment-insurance-ei-rulings/cpp-ei-explained/truck-drivers.html ਉੱਤੇ ਜਾਇਆ ਜਾ ਸਕਦਾ ਹੈ।

ਲੇਖਕ ਬਾਰੇ: 

ਜਗਦੀਪ ਕੈਲੇ ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ ਨਾਲ ਇੱਕ ਦਹਾਕੇ ਤੋਂ ਵੱਧ ਅਰਸੇ ਤੋਂ ਸਰਗਰਮੀ ਨਾਲ ਜੁੜੇ ਹੋਏ ਹਨ। ਫੈਡਰਲ, ਪ੍ਰੋਵਿੰਸ਼ੀਅਲ ਅਤੇ ਸਥਾਨਕ ਸਿਆਸੀ, ਸਮਾਜਿਕ ਅਤੇ ਸੱਭਿਆਚਾਰਕ ਮੁੱਦਿਆਂ ਬਾਰੇ ਲਿਖਣ ਦਾ ਗਹਿਰਾ ਅਨੁਭਵ ਹੈ। ਕੈਨੇਡਾ ਵਿੱਚ ਨਵੇਂ ਪਰਵਾਸੀਆਂ ਦੀ ਸਥਾਪਤੀ ਲਈ ਕੰਮ ਕਰਨ ਤੋਂ ਇਲਾਵਾ ਉਹ ਲੋੜਵੰਦ ਵਿਅਕਤੀਆਂ ਅਤੇ ਅਨਾਥ ਬੱਚਿਆਂ ਦੀ ਬਿਹਤਰੀ ਲਈ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਕੰਮ ਕਰਨ ਦਾ ਲੰਬਾ ਤਜੁਰਬਾ ਰੱਖਦੇ ਹਨ। ਜਗਦੀਪ ਕੈਲੇ ਨਾਲ jkailey@roadtoday.com ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।