‘‘ਡਿਸਪੈਚਰ ਟਰੱਕ ਡਰਾਈਵਰਾਂ ਦੇ ਆਰਾਮ ਬਾਰੇ ਵੀ ਸੋਚਣ’’

Avatar photo

ਦਿਲਬਾਗ ਸਿੰਘ

ਡਰਾਈਵਰ, ਕਿੰਗ ਟਰੱਕ ਰਾਈਡ

ਬਰੈਂਪਟਨ, ਓਂਟਾਰੀਓ

ਦਿਲਬਾਗ ਸਿੰਘ

ਆਪਣੀ ਨੌਕਰੀ ਬਾਰੇ ਕੁੱਝ ਦੱਸੋ ਅਤੇ ਇਸ ਹੇਠ ਕੀਤੇ ਜਾਣ ਵਾਲੇ ਕੰਮਾਂ ’ਚ ਕੀ ਸ਼ਾਮਲ ਹੈ?

ਮੈਂ ਮਿਸੀਸਾਗਾ ਅਧਾਰਤ ਕੰਪਨੀ ’ਚ ਟਰੱਕ ਡਰਾਈਵਰ ਹਾਂ। ਮੇਰੇ ਰੋਜ਼ਾਨਾ ਕੰਮ ’ਚ ਗ੍ਰੇਟਰ ਟੋਰਾਂਟੋ ਏਰੀਆ ਦੇ ਵੱਖੋ-ਵੱਖ ਯਾਰਡਸ ’ਚ ਸੁਰੱਖਿਆ ਸਰਟੀਫ਼ੀਕੇਸ਼ਨ ਅਤੇ ਮੁਰੰਮਤ ਦੀਆਂ ਜ਼ਰੂਰਤਾਂ ’ਚ ਮੱਦਦ ਲਈ ਟਰੇਲਰਾਂ ਦੀ ਆਵਾਜਾਈ ਸ਼ਾਮਲ ਹੈ। ਮੈਂ ਆਪਣੀ ਪਤਨੀ ਮਨਪ੍ਰੀਤ ਕੌਰ ਨਾਲ ਬਰੈਂਪਟਨ ’ਚ ਰਹਿੰਦਾ ਹਾਂ।

ਤੁਹਾਡਾ ਟਰੱਕਿੰਗ ਉਦਯੋਗ ’ਚ ਕੰਮ ਕਰਨ ਦਾ ਸਬੱਬ ਕਿਸ ਤਰ੍ਹਾਂ ਬਣਿਆ?

ਜਦੋਂ ਮੈਂ ਕੈਨੇਡਾ ’ਚ ਆਇਆ, ਤਾਂ ਟਰੱਕਿੰਗ ਹੀ ਇੱਕੋ-ਇੱਕ ਪੇਸ਼ਾ ਸੀ ਜਿਸ ’ਚ ਆਸਾਨੀ ਨਾਲ ਕੰਮ ਮਿਲ ਸਕਦਾ ਸੀ, ਹੋਰਨਾਂ ਪੇਸ਼ਿਆਂ ਮੁਕਾਬਲੇ। ਮੈਂ ਵੀ ਟਰੱਕਿੰਗ ਲਈ ਕੁਦਰਤੀ ਤੌਰ ’ਤੇ ਫ਼ਿੱਟ ਸੀ ਕਿਉਂਕਿ ਜਦੋਂ ਮੈਂ ਛੋਟਾ ਹੁੰਦਾ ਸੀ ਤਾਂ ਮੈਂ ਖੇਤੀਬਾੜੀ ਦੇ ਉਪਕਰਨਾਂ ਨੂੰ ਚਲਾਉਂਦਾ ਰਹਿੰਦਾ ਸੀ ਅਤੇ ਪਰਿਵਾਰ ਦੇ ਖੇਤੀਬਾੜੀ ਕਾਰੋਬਾਰ ’ਚ ਹੱਥ ਵਟਾਉਂਦਾ ਸੀ। ਮੇਰੇ ਕਈ ਰਿਸ਼ਤੇਦਾਰ ਅਤੇ ਜਾਣਕਾਰ ਵੀ ਇਸੇ ਖੇਤਰ ’ਚ ਕੰਮ ਕਰ ਰਹੇ ਸਨ। ਮੈਂ ਐਗਰੀਗੇਟ ਉਦਯੋਗ ’ਚ ਲਗਭਗ ਛੇ ਮਹੀਨਿਆਂ ਤਕ ਕੰਮ ਕੀਤਾ ਅਤੇ ਪਿੱਛੇ ਜਿਹੇ ਹੀ ਮੈਂ ਸਥਾਨਕ ਡਰਾਈਵਰ ਬਣ ਗਿਆ।

ਤੁਹਾਨੂੰ ਆਪਣੇ ਕੰਮ ’ਚ ਸਭ ਤੋਂ ਜ਼ਿਆਦਾ ਚੰਗੀ ਗੱਲ ਕਿਹੜੀ ਲਗਦੀ ਹੈ?

ਮੈਨੂੰ ਕਈ ਕਾਰਨਾਂ ਕਰਕੇ ਆਪਣਾ ਟਰੱਕ ਡਰਾਈਵਰ ਦਾ ਪੇਸ਼ਾ ਪਸੰਦ ਹੈ। ਇਸ ਨੌਕਰੀ ’ਚ ਮੈਨੂੰ ਹਰ ਰੋਜ਼ ਨਵੀਂਆਂ ਥਾਵਾਂ ਵੇਖਣ ਨੂੰ ਮਿਲਦੀਆਂ ਹਨ ਅਤੇ ਕਈ ਨਵੇਂ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ, ਉਨ੍ਹਾਂ ਨਾਲ ਆਪਣੀ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕਰਨ ਅਤੇ ਉਨ੍ਹਾਂ ਤੋਂ ਕੁੱਝ ਸਿੱਖਣ ਦਾ ਮੌਕਾ ਮਿਲਦਾ ਹੈ। ਇਸ ਕਰੀਅਰ ’ਚ ਪੈਸਾ ਵੀ ਚੰਗਾ ਵੱਟਿਆ ਜਾਂਦਾ ਹੈ ਜਿਸ ਨਾਲ ਵਿਕਾਸ ਕਰਨ ਅਤੇ ਕੈਨੇਡੀਅਨ ਸੁਪਨੇ ਨੂੰ ਸਾਕਾਰ ਕਰਨ ਦੇ ਭਰਪੂਰ ਮੌਕੇ ਮਿਲਦੇ ਹਨ।

ਟਰੱਕਿੰਗ ਉਦਯੋਗ ਸਾਹਮਣੇ ਅੱਜ ਸਭ ਤੋਂ ਵੱਡੀ ਚੁਨੌਤੀ ਕੀ ਹੈ?

ਟਰੱਕ ਡਰਾਈਵਰ ਨੂੰ ਮਿਲਣ ਵਾਲੀ ਇੱਜ਼ਤ ਦੀ ਕਮੀ ਵੱਡੀ ਚਿੰਤਾ ਦੀ ਗੱਲ ਹੈ। ਪਖਾਨਿਆਂ ਤਕ ਆਸਾਨੀ ਨਾਲ ਪਹੁੰਚ ਦੀ ਸਮੱਸਿਆ ਹੱਲ ਹੋਣੀ ਚਾਹੀਦੀ ਹੈ, ਜਿਸ ’ਤੇ ਮਹਾਂਮਾਰੀ ਦੌਰਾਨ ਵੀ ਕੌਮੀ ਪੱਧਰ ’ਤੇ ਚਾਨਣਾ ਪਿਆ ਸੀ।

ਡਿਸਪੈਚਰਾਂ ਨੂੰ ਟਰੱਕ ਡਰਾਈਵਰਾਂ ਦੀ ਵਾਰ-ਵਾਰ ਜਾਂਚ ਨਹੀਂ ਕਰਨੀ ਚਾਹੀਦੀ, ਵਿਸ਼ੇਸ਼ ਕਰ ਕੇ ਇਸ ਲਈ ਕਿਉਂਕਿ ਸਾਰੇ ਟਰੱਕ ਅਤੇ ਟਰੇਲਰ ਪਹਿਲਾਂ ਹੀ ਜੀ.ਪੀ.ਐਸ. ਸਿਸਟਮ ਦੀ ਨਿਗਰਾਨੀ ਹੇਠ ਹੁੰਦੇ ਹਨ। ਨਿਰੰਤਰ ਸੰਦੇਸ਼ ਅਤੇ ਡਿਸਪੈਚ ਸਟਾਫ਼ ਵੱਲੋਂ ਇਲੈਕਟ੍ਰੋਨਿਕ ਨੋਟੀਫ਼ੀਕੇਸ਼ਨਾਂ ਨਾਲ ਗ਼ੈਰਜ਼ਰੂਰੀ ਤੌਰ ’ਤੇ ਧਿਆਨ ਭੰਗ ਹੁੰਦਾ ਹੈ। ਅਸੀਂ ਆਮ ਲੋਕਾਂ ਨੂੰ ਉਸ ਵੇਲੇ ਸਬਰ ਰੱਖਣ ਦੀ ਅਪੀਲ ਕਰਦੇ ਹਾਂ, ਜਦੋਂ ਵੀ ਉਹ ਕਿਸੇ ਸੜਕ ’ਤੇ ਵੱਡੇ ਟਰੱਕ ਨੂੰ ਬੈਕ ਹੁੰਦਾ ਵੇਖਣ। ਸੜਕਾਂ ’ਤੇ ਤੇਜ਼ ਰਫ਼ਤਾਰ ਅਤੇ ਘੂਰੀਆਂ ਵੱਟਣਾ ਵੀ ਚੰਗਾ ਨਹੀਂ ਹੁੰਦਾ।

ਤੁਹਾਨੂੰ ਕਿਉਂ ਲਗਦਾ ਹੈ ਕਿ ਟਰੱਕਿੰਗ ਉਦਯੋਗ ਦੀ ਸ਼ਾਲਾਘਾ ਹੋਣੀ ਚਾਹੀਦੀ ਹੈ?

ਟਰੱਕਿੰਗ ਉਦਯੋਗ ਦੀ ਹਰ ਰੋਜ਼ ਸ਼ਾਲਾਘਾ ਹੋਣੀ ਚਾਹੀਦੀ ਹੈ ਕਿਉਂਕਿ ਇਹ ਸੂਈ ਤੋਂ ਲੈ ਕੇ ਜਹਾਜ਼ ਤਕ ਹਰ ਚੀਜ਼ ਦੀ ਆਵਾਜਾਈ ’ਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਸਾਨੂੰ ਮਾਣ ਹੈ ਕਿ ਅਸੀਂ ਆਪਣੀ ਆਰਥਿਕਤਾ ਨੂੰ ਵੱਧਦਾ-ਫੁੱਲਦਾ ਰੱਖਣ ਲਈ ਯੋਗਦਾਨ ਦਿੰਦੇ ਰਹਿੰਦੇ ਹਾਂ ਅਤੇ ਇਹ ਯਕੀਨੀ ਕਰਦੇ ਹਾਂ ਕਿ ਸਪਲਾਈ ਚੇਨ ਮੁਹਿੰਮ ਦਾ ਵਿਕਾਸ ਹੁੰਦਾ ਰਹੇ।